‘ਤੀਜੀ ਅੱਖ’ ਨਾਲ ਹੋਵੇਗੀ ਸ਼ਹਿਰ ਦੀ ਨਿਗਰਾਨੀ, ਅਪਰਾਧੀਆਂ 'ਤੇ ਕੱਸੇਗਾ ਸ਼ਿਕੰਜਾ
‘ਤੀਜੀ ਅੱਖ’ ਨਾਲ ਹੋਵੇਗੀ ਸ਼ਹਿਰ ਦੀ ਨਿਗਰਾਨੀ, ਅਪਰਾਧੀਆਂ 'ਤੇ ਕੱਸੇਗਾ ਸ਼ਿਕੰਜਾ
Publish Date: Sat, 27 Jun 2026 05:14 PM (IST)
Updated Date: Sat, 27 Jun 2026 05:16 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ’ਚ ਹੁਣ ਅਪਰਾਧੀਆਂ ਦੀਆਂ ਗਤੀਵਿਧੀਆਂ ’ਤੇ ਹੁਣ ਤੀਜੀ ਅੱਖ ਨਾਲ ਵੀ ਨਿਗਰਾਨੀ ਹੋਵੇਗੀ। ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਸੁਰੱਖਿਆ ਨੂੰ ਪੁਖ਼ਤਾ ਕਰਨ ਲਈ ‘ਤੀਜੀ ਅੱਖ’ ਯਾਨੀ ਸੀਸੀਟੀਵੀ ਕੈਮਰੇ ਸ਼ਹਿਰ ਦੇ ਪ੍ਰਮੁੱਖ ਚੌਕਾਂ, ਬਾਈਪਾਸਾਂ ਅਤੇ ਪ੍ਰਵੇਸ਼ ਦੁਆਰਾਂ ’ਤੇ ਹਾਈ-ਰਿਜ਼ੋਲਿਊਸ਼ਨ ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਨਾਲ ਹੁਣ 24 ਘੰਟੇ ਨਿਗਰਾਨੀ ਸੰਭਵ ਹੋ ਸਕੇਗੀ। ਪੁਲਿਸ ਨੇ ਸ਼ਹਿਰ ਦੇ ਸੰਵੇਦਨਸ਼ੀਲ ਅਤੇ ਭੀੜ-ਭੜੱਕੇ ਵਾਲੇ ਸਥਾਨਾਂ ਨੂੰ ਪਹਿਲ ਦਿੱਤੀ ਹੈ। ਕੋਟਕਪੂਰਾ ਰੋਡ ਜ਼ਿਲ੍ਹੇ ਦੇ ਪ੍ਰਵੇਸ਼ ਦੁਆਰ ਗੇਟ, ਡਾ. ਕੇਹਰ ਸਿੰਘ ਚੌਕ, ਕੋਟਕਪੂਰਾ ਰੋਡ ਬਾਈਪਾਸ, ਬਠਿੰਡਾ ਰੋਡ ਗੋਲ ਚੌਕ, ਰੇਲਵੇ ਰੋਡ, ਮੁੱਖ ਬਾਜ਼ਾਰ, ਕੋਟਕਪੂਰਾ ਚੌਕ, ਰੈੱਡ ਕਰਾਸ ਭਵਨ, ਘਾਹ ਮੰਡੀ ਚੌਕ, ਮਲੋਟ ਰੋਡ ਅਤੇ ਸ਼ੇਰ ਸਿੰਘ ਚੌਕ, ਮਸੀਤ ਚੌਕ ਵਰਗੀਆਂ ਥਾਵਾਂ ’ਤੇ ਕੈਮਰੇ ਲਗਾਏ ਗਏ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੈਮਰੇ ਅਪਰਾਧੀਆਂ ’ਤੇ ਤਿੱਖੀ ਨਜ਼ਰ ਰੱਖਣ ’ਚ ਬੇਹੱਦ ਮਹੱਤਵਪੂਰਨ ਸਾਬਤ ਹੋਣਗੇ। ਪਹਿਲਾਂ ਕਈ ਭੀੜ-ਭੜੱਕੇ ਵਾਲੇ ਸਥਾਨਾਂ ’ਤੇ ਸਰਕਾਰੀ ਕੈਮਰੇ ਨਾ ਹੋਣ ਕਾਰਨ ਕੋਈ ਅਪਰਾਧਿਕ ਘਟਨਾ ਵਾਪਰਨ ’ਤੇ ਪੁਲਿਸ ਨੂੰ ਸਬੂਤ ਇਕੱਠੇ ਕਰਨ ਲਈ ਦੁਕਾਨਦਾਰਾਂ ਜਾਂ ਆਸ-ਪਾਸ ਦੇ ਘਰਾਂ ਦੀ ਨਿੱਜੀ ਸੀਸੀਟੀਵੀ ਫੁਟੇਜ ਚੈੱਕ ਕਰਨੀ ਪੈਂਦੀ ਸੀ। ਹੁਣ ਪੁਲਿਸ ਕੰਟਰੋਲ ਰੂਮ ਤੋਂ ਸਿੱਧੇ ਇਨ੍ਹਾਂ ਕੈਮਰਿਆਂ ਦੀ ਲਾਈਵ ਮਾਨੀਟਰਿੰਗ ਕੀਤੀ ਜਾ ਸਕੇਗੀ, ਜਿਸ ਨਾਲ ਰਿਸਪਾਂਸ ਟਾਈਮ (ਕਾਰਵਾਈ ਦਾ ਸਮਾਂ) ਘੱਟ ਹੋਵੇਗਾ। ਬਾਈਕ ਚੋਰੀ ਤੇ ਸ਼ਰਾਰਤੀ ਅਨਸਰਾਂ ਤੇ ਲੱਗੇਗੀ ਰੋਕ ਪਿਛਲੇ ਕੁਝ ਸਮੇਂ ਤੋਂ ਸ਼ਹਿਰ ’ਚ ਬਾਈਕ ਚੋਰੀ ਦੀਆਂ ਘਟਨਾਵਾਂ ’ਚ ਵਾਧਾ ਦੇਖਿਆ ਜਾ ਰਿਹਾ ਹੈ। ਨਵੇਂ ਸੀਸੀਟੀਵੀ ਨੈੱਟਵਰਕ ਨਾਲ ਨਾ ਸਿਰਫ਼ ਚੋਰੀ ਬਲਕਿ ਸਨੈਚਿੰਗ, ਝਗੜੇ ਅਤੇ ਹੋਰ ਸ਼ਰਾਰਤੀ ਗਤੀਵਿਧੀਆਂ ਨੂੰ ਵੀ ਨੱਥ ਪਾਉਣ ’ਚ ਮਦਦ ਮਿਲੇਗੀ। ਕੈਮਰਿਆਂ ਦੀ ਰਿਕਾਰਡਿੰਗ ਨਾਲ ਅਪਰਾਧੀਆਂ ਦੀ ਪਛਾਣ ਅਤੇ ਟ੍ਰੈਕਿੰਗ ਆਸਾਨ ਹੋ ਜਾਵੇਗੀ। ਐੱਸਐੱਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਸਰਗਰਮ ਹੈ। ਹੁਣ ਇਨ੍ਹਾਂ ਕੈਮਰਿਆਂ ਨਾਲ ਵੀ ਸ਼ਹਿਰ ਦੀ ਨਿਗਰਾਨੀ ਕੀਤੀ ਜਾਵੇਗੀ। ਸਾਡਾ ਟੀਚਾ ਹੈ ਕਿ ਸ਼ਹਿਰ ’ਚ ਹਰ ਲੋੜੀਂਦੀ ਥਾਂ ਨੂੰ ਸੀਸੀਟੀਵੀ ਦੇ ਦਾਇਰੇ ’ਚ ਲਿਆਂਦਾ ਜਾਵੇ ਤਾਂ ਜੋ ਨਾਗਰਿਕ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰਨ। ਸਰਕਾਰ ਨੇ ਵਾਅਦਾ ਪੂਰਾ ਕੀਤਾ : ਵਿਧਾਇਕ ਜਗਦੀਪ ਬਰਾੜ ਹਲਕਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਇਹ ਸਰਕਾਰ ਦੇ ਵਾਅਦੇ ਦਾ ਹਿੱਸਾ ਹੈ। ਸ਼ਹਿਰ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਬਾਈਪਾਸਾਂ ਸਮੇਤ ਸ਼ਹਿਰ ਦੇ ਮੁੱਖ ਚੌਕਾਂ ਅਤੇ ਸੜਕਾਂ ’ਤੇ ਸੀਸੀਟੀਵੀ ਕੈਮਰੇ ਲਗਵਾਏ ਜਾ ਰਹੇ ਹਨ। ਇਸ ਨਾਲ ਸ਼ਰਾਰਤੀ ਅਨਸਰਾਂ ਦੀਆਂ ਗਤੀਵਿਧੀਆਂ ’ਚ ਵੱਡੇ ਪੱਧਰ ’ਤੇ ਕਮੀ ਆਵੇਗੀ। ਪੰਜਾਬ ਸਰਕਾਰ ਆਮ ਨਾਗਰਿਕ ਦੀ ਸੁਰੱਖਿਆ ਨੂੰ ਲੈ ਕੇ ਹਮੇਸ਼ਾ ਸਖ਼ਤ ਕਦਮ ਚੁੱਕਦੀ ਰਹੀ ਹੈ ਅਤੇ ਅੱਗੇ ਵੀ ਚੁੱਕਦੀ ਰਹੇਗੀ।