ਸਰਕਾਰੀ ਖਾਲ ਦੀ ਉਸਾਰੀ ਨੂੰ ਲੈ ਕੇ ਪਿੰਡ ਸਦਰ ਵਾਲਾ ’ਚ ਤਣਾਅ, ਸੱਦੀ ਪੁਲਿਸ
ਸਰਕਾਰੀ ਖਾਲ ਦੀ ਉਸਾਰੀ ਨੂੰ ਲੈ ਕੇ ਪਿੰਡ ਸਦਰ ਵਾਲਾ ’ਚ ਤਣਾਅ, ਬੁਲਾਉਣੀ ਪਈ ਪੁਲਿਸ
Publish Date: Mon, 15 Jun 2026 05:39 PM (IST)
Updated Date: Mon, 15 Jun 2026 05:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਨੇੜਲੇ ਪਿੰਡ ਸਦਰ ਵਾਲਾ ਵਿਖੇ ਸਰਕਾਰੀ ਖਾਲ ਦੀ ਉਸਾਰੀ ਨੂੰ ਲੈ ਕੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਕੁਝ ਕਿਸਾਨਾਂ ਨੇ ਆਪਣੀ ਮਾਲਕੀ ਵਾਲੀ ਜ਼ਮੀਨ ’ਤੇ ਕਥਿਤ ਤੌਰ ਤੇ ਨਾਜਾਇਜ਼ ਕਬਜ਼ਾ ਕਰਕੇ ਖਾਲ ਬਣਾਉਣ ਦੇ ਦੋਸ਼ ਲਗਾਏ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਮੌਕੇ ’ਤੇ ਤਹਿਸੀਲਦਾਰ, ਪੁਲਿਸ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਦੇ ਉੱਚ ਅਧਿਕਾਰੀ ਪਹੁੰਚੇ, ਜਿਨ੍ਹਾਂ ਨੇ ਸੂਝਬੂਝ ਨਾਲ ਮਾਮਲੇ ਨੂੰ ਸ਼ਾਂਤ ਕਰਵਾਇਆ। ਪਿੰਡ ਸਦਰ ਵਾਲਾ ਦੇ ਪ੍ਰਭਾਵਿਤ ਕਿਸਾਨ ਹਰਜਿੰਦਰ ਸਿੰਘ, ਗੁਰਸ਼ਰਨ ਸਿੰਘ, ਬਲਜੀਤ ਸਿੰਘ ਅਤੇ ਬੇਅੰਤ ਸਿੰਘ ਨੇ ਦੋਸ਼ ਲਗਾਇਆ ਕਿ ਮੋਘਾ ਨੰਬਰ 35484 ਦੇ ਪੱਕੇ ਖਾਲ ਦੀ ਉਸਾਰੀ ਦੌਰਾਨ ਕੁਝ ਸਿਆਸੀ ਵਿਅਕਤੀਆਂ ਦੇ ਦਬਾਅ ਹੇਠ ਖਾਲ ਦੇ ਅਸਲ ਰੂਟ ’ਚ ਤਬਦੀਲੀ ਕੀਤੀ ਗਈ ਹੈ। ਇਸ ਤਬਦੀਲੀ ਕਾਰਨ ਖਾਲ ਨੂੰ ਉਨ੍ਹਾਂ ਦੀ ਜ਼ਮੀਨ ਦੇ ਅੰਦਰ ਕਰੀਬ 55 ਤੋਂ 60 ਫੁੱਟ ਤੱਕ ਲਿਆਂਦਾ ਗਿਆ ਹੈ। ਇਹ ਮਾਮਲਾ ਇਸ ਵੇਲੇ ਮਾਨਯੋਗ ਅਦਾਲਤ ’ਚ ਵਿਚਾਰ ਅਧੀਨ ਹੈ, ਜਿਸ ਦੀ ਅਗਲੀ ਸੁਣਵਾਈ 20 ਜੁਲਾਈ 2026 ਨੂੰ ਹੋਣੀ ਹੈ। ਅਦਾਲਤੀ ਫ਼ੈਸਲੇ ਤੋਂ ਪਹਿਲਾਂ ਹੀ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਧੱਕੇ ਨਾਲ ਉਸਾਰੀ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਸਿੰਚਾਈ ਵਿਭਾਗ ਦੇ ਐਸਡੀਓ ਨਵਤੇਜ ਸਿੰਘ ਨੇ ਵਿਭਾਗ ਦਾ ਪੱਖ ਰੱਖਦਿਆਂ ਦੱਸਿਆ ਕਿ ਇਹ ਖਾਲ ਪਿਛਲੇ ਕਰੀਬ 40 ਸਾਲਾਂ ਤੋਂ ਚੱਲ ਰਿਹਾ ਹੈ ਅਤੇ ਇਸ ਰਾਹੀਂ ਲਗਭਗ 1430 ਏਕੜ ਜ਼ਮੀਨ ਨੂੰ ਸਿੰਚਾਈ ਦਾ ਪਾਣੀ ਮਿਲਦਾ ਹੈ। ਖਾਲ ਦੀ ਪੱਕੀ ਉਸਾਰੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਕੀਤੀ ਜਾ ਰਹੀ ਹੈ ਅਤੇ ਸਾਰੇ ਪ੍ਰਭਾਵਿਤ ਕਿਸਾਨਾਂ ਨੂੰ ਨਿਯਮਾਂ ਮੁਤਾਬਕ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਗਏ ਸਨ। ਉਧਰ ਦੂਜੇ ਪਾਸੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਖਾਲ ਦੇ ਕੰਮ ਵਿੱਚ ਰੁਕਾਵਟ ਆਉਣ ਕਾਰਨ ਝੋਨੇ ਦੀ ਬਿਜਾਈ ਅਤੇ ਲਵਾਈ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਲਾਕੇ ਦਾ ਹੇਠਲਾ ਪਾਣੀ ਖਾਰਾ ਹੋਣ ਕਰਕੇ ਉਹ ਪੂਰੀ ਤਰ੍ਹਾਂ ਨਹਿਰੀ ਪਾਣੀ ’ਤੇ ਹੀ ਨਿਰਭਰ ਹਨ। ਇਸੇ ਕਾਰਨ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪਿੰਡ ਵਾਸੀਆਂ ਦੇ ਵੱਡੇ ਇਕੱਠ ਨੇ ਖਾਲ ਬਣਾਉਣ ਦੀ ਜਿੱਦ ਕਰਦਿਆਂ ਆਪਣੇ ਪੱਧਰ ਤੇ ਹੀ ਇੱਟਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਖਾਲ ਦੀ ਉਸਾਰੀ ਜਲਦ ਤੋਂ ਜਲਦ ਪੂਰੀ ਕਰਵਾਈ ਜਾਵੇ ਤਾਂ ਜੋ ਖੇਤੀਬਾੜੀ ਦੇ ਕੰਮ ਸਮੇਂ ਸਿਰ ਨਿਪਟਾਏ ਜਾ ਸਕਣ। ਫਿਲਹਾਲ ਇਹ ਮਾਮਲਾ ਕਿਸਾਨਾਂ, ਪਿੰਡ ਵਾਸੀਆਂ ਅਤੇ ਸਿੰਚਾਈ ਵਿਭਾਗ ਵਿਚਾਲੇ ਤਿਕੋਣੇ ਵਿਵਾਦ ਦਾ ਰੂਪ ਧਾਰ ਚੁੱਕਾ ਹੈ ਅਤੇ ਖਾਲ ਦੀ ਉਸਾਰੀ ਮੁਕੰਮਲ ਹੋਣ ਤੱਕ ਇਲਾਕੇ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਤਣਾਅ ਬਣੇ ਰਹਿਣ ਦੀ ਸੰਭਾਵਨਾ ਹੈ।