ਖੇਤਾਂ ਦੀ ਬਿਜਲੀ ਸਪਲਾਈ ਨੂੰ ਲੈ ਕੇ ਦੋ ਪਿੰਡਾਂ ਵਿਚਾਲੇ ਤਣਾਅ, ਦੋਵਾਂ ਧਿਰਾਂ ਵੱਲੋਂ ਧਰਨਾ
ਖੇਤਾਂ ਦੀ ਬਿਜਲੀ ਸਪਲਾਈ ਨੂੰ ਲੈ ਕੇ ਦੋ ਪਿੰਡਾਂ ਵਿਚਾਲੇ ਤਣਾਅ, ਦੋਵਾਂ ਧਿਰਾਂ ਵੱਲੋਂ ਧਰਨਾ
Publish Date: Sun, 21 Jun 2026 06:14 PM (IST)
Updated Date: Mon, 22 Jun 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਦਾ : ਖੇਤਾਂ ਨੂੰ ਮਿਲਣ ਵਾਲੀ ਬਿਜਲੀ ਸਪਲਾਈ ਦੇ ਮਾਮਲੇ ਨੂੰ ਲੈ ਕੇ ਪਿੰਡ ਮੱਲਣ ਅਤੇ ਪਿੰਡ ਕਾਉਣੀ ਦੇ ਕਿਸਾਨ ਆਹਮੋ-ਸਾਹਮਣੇ ਹੋ ਗਏ ਹਨ। ਮਾਮਲਾ ਇੰਨਾ ਗਰਮਾ ਗਿਆ ਹੈ ਕਿ ਦੋਵਾਂ ਧਿਰਾਂ ਵੱਲੋਂ ਧਰਨੇ ਲਗਾ ਦਿੱਤੇ ਗਏ ਹਨ। ਪਿੰਡ ਮੱਲਣ ਦੇ ਕਿਸਾਨ ਆਗੂ ਬਿੱਟੂ ਸਿੰਘ ਮੱਲਣ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਖੇਤਾਂ ਨੂੰ ਬਿਜਲੀ ਸਪਲਾਈ ਕਾਉਣੀ ਗਰਿੱਡ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਪਲਾਈ ਬੰਦ ਹੋਣ ਕਾਰਨ ਉਹ ਖੇਤਾਂ ’ਚ ਧਰਨਾ ਲਗਾ ਕੇ ਬੈਠੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਕਾਉਣੀ ਦੇ ਕੁਝ ਲੋਕਾਂ ਵੱਲੋਂ ਗਰਿੱਡ ਤੋਂ ਸਪਲਾਈ ਬੰਦ ਕਰਵਾ ਦਿੱਤੀ ਗਈ, ਜਿਸ ਕਾਰਨ 11 ਅਪ੍ਰੈਲ ਤੋਂ ਬਾਅਦ ਉਨ੍ਹਾਂ ਦੇ ਖੇਤਾਂ ਦੀ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਇਸ ਵਜ੍ਹਾ ਕਰਕੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਕਾਉਣੀ ਪੱਖ ਦੀ ਅਗਵਾਈ ਕਰ ਰਹੇ ਗੁਰਲਾਲ ਸਿੰਘ ਕਾਉਣੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜਦੋਂ ਮੱਲਣ ਵਾਲੀ ਲਾਈਨ ’ਚ ਕੋਈ ਖਰਾਬੀ ਆਉਂਦੀ ਹੈ ਤਾਂ ਬਿਜਲੀ ਵਿਭਾਗ ਵੱਲੋਂ ਕੱਟ ਉਨ੍ਹਾਂ ਦੀ ਲਾਈਨ ’ਤੇ ਲਗਾ ਦਿੱਤਾ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਿਜਲੀ ਵਿਭਾਗ ਪਰਮਿਟ ਲੈ ਕੇ ਸਪਲਾਈ ਬੰਦ ਕਰ ਦਿੰਦਾ ਹੈ, ਪਰ ਸਮੇਂ ਸਿਰ ਕੰਮ ਪੂਰਾ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਸਾਡੇ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ। ਗੁਰਲਾਲ ਸਿੰਘ ਨੇ ਕਿਹਾ ਕਿ ਬਿਜਲੀ ਵਿਭਾਗ ਵੱਲੋਂ ਉਨ੍ਹਾਂ ਦੀ ਸੁਣਵਾਈ ਨਾ ਕੀਤੇ ਜਾਣ ਕਾਰਨ ਕਿਸਾਨਾਂ ਨੂੰ ਗਰਿੱਡ ਦੇ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਮੰਗ ਕੀਤੀ ਕਿ ਵਿਭਾਗ ਦੋਵਾਂ ਪਿੰਡਾਂ ਦੀ ਸਮੱਸਿਆ ਦਾ ਸਥਾਈ ਹੱਲ ਕਰੇ ਤਾਂ ਜੋ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਓਧਰ ਮੌਕੇ ’ਤੇ ਬਿਜਲੀ ਵਿਭਾਗ ਅਤੇ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ ਗਏ ਅਤੇ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਖ਼ਬਰ ਲਿਖੇ ਜਾਣ ਤੱਕ ਮਾਮਲੇ ਦੇ ਹੱਲ ਲਈ ਗੱਲਬਾਤ ਜਾਰੀ ਸੀ। ਇਸ ਸਬੰਧੀ ਐੱਸਐੱਚਓ ਕੋਟਭਾਈ ਦੀਪਿਕਾ ਕੰਬੋਜ ਦਾ ਕਹਿਣਾ ਸੀ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ ਅਤੇ ਕਿਸਾਨਾਂ ਨਾਲ ਗੱਲਬਾਤ ਚੱਲ ਰਹੀ ਹੈ।