- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਉਨ੍ਹਾਂ ਉਸ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਧੀ ਨੇ ਦੱਸਿਆ ਕਿ ਪਿਛਲੇ ਕਰੀਬ ਇਕ ਮਹੀਨੇ ਤੋਂ ਸਕੂਲ ਦਾ ਸਾਇੰਸ ਅਧਿਆਪਕ ਉਸ ’ਤੇ ਬੁਰੀ ਨੀਅਤ ਰੱਖ ਰਿਹਾ ਹੈ ਤੇ ਉਸ ਨਾਲ ਗ਼ਲਤ ਤੇ ਅਸ਼ਲੀਲ ਹਰਕਤਾਂ ਕਰਦਾ ਹੈ। ਵਿਦਿਆਰਥਣ ਨੇ ਦੱਸਿਆ ਕਿ ਮੁਲਜ਼ਮ ਅਧਿਆਪਕ ਕਿਸੇ ਨਾ ਕਿਸੇ ਬਹਾਨੇ ਉਸ ਨੂੰ ਗ਼ਲਤ ਤਰੀਕੇ ਨਾਲ ਛੂੰਹਦਾ ਸੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੰਬੀ : ਜ਼ਿਲ੍ਹੇ ਦੇ ਇਕ ਸਰਕਾਰੀ ਹਾਈ ਸਕੂਲ ’ਚ ਪੜ੍ਹਦੀ ਨੌਵੀਂ ਜਮਾਤ ਦੀ ਵਿਦਿਆਰਥਣ ਨਾਲ ਸਕੂਲ ਦੇ ਹੀ ਸਾਇੰਸ ਅਧਿਆਪਕ ਵੱਲੋਂ ਪਿਛਲੇ ਕਰੀਬ ਇਕ ਮਹੀਨੇ ਤੋਂ ਲਗਾਤਾਰ ਅਸ਼ਲੀਲ ਹਰਕਤਾਂ ਕਰਨ ਤੇ ਡਰਾਉਣ-ਧਮਕਾਉਣ ਦੇ ਮਾਮਲੇ ’ਚ ਪੁਲਿਸ ਨੇ ਪੀੜਤਾ ਦੇ ਪਿਤਾ ਦੇ ਬਿਆਨਾਂ ’ਤੇ ਮੁਲਜ਼ਮ ਅਧਿਆਪਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਵਿਦਿਆਰਥਣ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਪਿੰਡ ਦੇ ਹੀ ਸਰਕਾਰੀ ਹਾਈ ਸਕੂਲ ’ਚ ਪੜ੍ਹਦੀ ਹੈ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਧੀ ਕੁਝ ਗੁੰਮਸੁੰਮ ਰਹਿ ਰਹੀ ਸੀ। ਜਦੋਂ ਉਨ੍ਹਾਂ ਉਸ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਧੀ ਨੇ ਦੱਸਿਆ ਕਿ ਪਿਛਲੇ ਕਰੀਬ ਇਕ ਮਹੀਨੇ ਤੋਂ ਸਕੂਲ ਦਾ ਸਾਇੰਸ ਅਧਿਆਪਕ ਉਸ ’ਤੇ ਬੁਰੀ ਨੀਅਤ ਰੱਖ ਰਿਹਾ ਹੈ ਤੇ ਉਸ ਨਾਲ ਗ਼ਲਤ ਤੇ ਅਸ਼ਲੀਲ ਹਰਕਤਾਂ ਕਰਦਾ ਹੈ। ਵਿਦਿਆਰਥਣ ਨੇ ਦੱਸਿਆ ਕਿ ਮੁਲਜ਼ਮ ਅਧਿਆਪਕ ਕਿਸੇ ਨਾ ਕਿਸੇ ਬਹਾਨੇ ਉਸ ਨੂੰ ਗ਼ਲਤ ਤਰੀਕੇ ਨਾਲ ਛੂੰਹਦਾ ਸੀ। ਜਦੋਂ ਵਿਦਿਆਰਥਣ ਉਸ ਨੂੰ ਰੋਕਦੀ ਸੀ ਤਾਂ ਉਹ ਇਹ ਕਹਿ ਕੇ ਡਰਾਉਂਦਾ ਸੀ ਕਿ ਉਹ ਉਸ ਨੂੰ ਸਕੂਲੋਂ ਕਢਵਾ ਦੇਵੇਗਾ। ਪੀੜਤਾ ਨੇ ਦੱਸਿਆ ਕਿ ਘਟਨਾ ਤੋਂ ਕਰੀਬ ਇਕ ਹਫ਼ਤਾ ਪਹਿਲਾਂ ਅਧਿਆਪਕ ਨੇ ਉਸ ਨੂੰ ਪੇਪਰ ਸ਼ੀਟ ਦਿਖਾਉਣ ਬਹਾਨੇ ਸਾਇੰਸ ਲੈਬ ’ਚ ਬੁਲਾਇਆ ਤੇ ਉਸ ਨਾਲ ਗ਼ਲਤ ਹਰਕਤਾਂ ਕਰਨ ਲੱਗਾ। ਜਦੋਂ ਉਸ ਨੇ ਰੌਲਾ ਪਾਇਆ ਤਾਂ ਉਸ ਦੀ ਜਮਾਤ ਦੀ ਇੱਕ ਹੋਰ ਕੁੜੀ ਉੱਥੇ ਆ ਗਈ, ਜਿਸ ਨੂੰ ਦੇਖ ਕੇ ਮੁਲਜ਼ਮ ਨੇ ਉਸ ਨੂੰ ਛੱਡ ਦਿੱਤਾ ਤੇ ਦੋਵਾਂ ਨੂੰ ਧਮਕਾਇਆ ਕਿ ਜੇਕਰ ਉਨ੍ਹਾਂ ਇਹ ਗੱਲ ਆਪਣੇ ਘਰ ਦੱਸੀ ਤਾਂ ਉਹ ਉਨ੍ਹਾਂ ਨੂੰ ਸਕੂਲੋਂ ਬਾਹਰ ਕੱਢ ਦੇਵੇਗਾ। ਪਿਤਾ ਦੀ ਸ਼ਿਕਾਇਤ ਤੇ ਬਿਆਨਾਂ ਦੇ ਆਧਾਰ ’ਤੇ ਪੁਲਿਸ ਨੇ ਮੁਲਜ਼ਮ ਅਧਿਆਪਕ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।