ਚਾਰ ਦਿਨਾਂ ਤੋਂ ਸੁੱਕੀਆਂ ਟੂਟੀਆਂ, ਭਿਆਨਕ ਗਰਮੀ ’ਚ ਪਾਣੀ ਨੂੰ ਤਰਸੇ ਮੁਕਤਸਰ ਵਾਸੀ ਚਾਰ ਦਿਨਾਂ ਤੋਂ ਸੁੱਕੀਆਂ ਟੂਟੀਆਂ, ਭਿਆਨਕ ਗਰਮੀ ’ਚ ਪਾਣੀ ਨੂੰ ਤਰਸੇ ਮੁਕਤਸਰ ਵਾਸੀ
Publish Date: Wed, 01 Jul 2026 06:11 PM (IST)
Updated Date: Wed, 01 Jul 2026 06:13 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਭਿਆਨਕ ਗਰਮੀ ਦੇ ਵਿਚਕਾਰ ਮੁਕਤਸਰ ਸ਼ਹਿਰ ਦੇ ਲੋਕ ਪਿਛਲੇ ਚਾਰ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਕੱਚੇ ਕਰਮਚਾਰੀਆਂ ਦੀ ਹੜਤਾਲ ਕਾਰਨ ਸ਼ਹਿਰ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਟੂਟੀਆਂ ਸੁੱਕੀਆਂ ਪਈਆਂ ਹਨ ਅਤੇ ਘਰਾਂ ’ਚ ਪਾਣੀ ਨਹੀਂ ਪਹੁੰਚ ਰਿਹਾ। ਸ਼ਹਿਰ ’ਚ 10,500 ਪਾਣੀ ਦੇ ਕਨੈਕਸ਼ਨ ਹਨ, ਜਿੱਥੇ ਪਾਣੀ ਦੀ ਸਪਲਾਈ ਚਾਰ ਦਿਨਾਂ ਤੋਂ ਬੰਦ ਪਈ ਹੈ। ਗਰਮੀ ਦਾ ਪਾਰਾ ਲਗਾਤਾਰ ਵਧ ਰਿਹਾ ਹੈ ਅਤੇ ਤਾਪਮਾਨ 42 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ ਹੈ। ਅਜਿਹੇ ਮੌਸਮ ’ਚ ਪਾਣੀ ਨਾ ਮਿਲਣ ਕਾਰਨ ਲੋਕ ਸਭ ਤੋਂ ਵੱਧ ਪ੍ਰੇਸ਼ਾਨ ਹਨ। ਮੁਕਤਸਰ ’ਚ ਜ਼ਮੀਨੀ ਪਾਣੀ ਪਹਿਲਾਂ ਹੀ ਖਾਰਾ ਅਤੇ ਸਿਹਤ ਲਈ ਹਾਨੀਕਾਰਕ ਹੈ। ਮਜਬੂਰੀ ’ਚ ਲੋਕਾਂ ਨੂੰ ਉਹੀ ਜ਼ਮੀਨੀ ਪਾਣੀ ਵਰਤਣਾ ਪੈ ਰਿਹਾ ਹੈ। ਦੂਰ-ਦੁਰਾਡੇ ਤੋਂ ਲਿਆਉਣਾ ਪੈ ਰਿਹਾ ਪਾਣੀ ਪੀਣ ਵਾਲੇ ਪਾਣੀ ਦੀ ਸਭ ਤੋਂ ਵੱਡੀ ਸਮੱਸਿਆ ਸਾਹਮਣੇ ਆ ਰਹੀ ਹੈ। ਸ਼ਹਿਰ ਦੇ ਲੋਕ ਦੂਰ-ਦੁਰਾਡੇ ਲੱਗੇ ਆਰਓ ਪਲਾਂਟਾਂ ਤੱਕ ਜਾ ਰਹੇ ਹਨ। ਉੱਥੋਂ 10 ਤੋਂ 20 ਲੀਟਰ ਪਾਣੀ ਕੈਨੀਆਂ ਅਤੇ ਬੋਤਲਾਂ ’ਚ ਭਰ ਕੇ ਘਰ ਲਿਆ ਰਹੇ ਹਨ। ਬਜ਼ੁਰਗਾਂ ਅਤੇ ਔਰਤਾਂ ਲਈ ਇਹ ਸਭ ਤੋਂ ਮੁਸ਼ਕਲ ਕੰਮ ਬਣ ਗਿਆ ਹੈ। ਲੋਕ ਦੱਸਦੇ ਹਨ ਕਿ ਚਾਰ ਦਿਨਾਂ ਤੋਂ ਪਾਣੀ ਨਾ ਮਿਲਣ ਕਾਰਨ ਖਾਣਾ ਬਣਾਉਣਾ, ਨਹਾਉਣਾ ਅਤੇ ਸਾਫ਼-ਸਫ਼ਾਈ ਸਭ ਕੁਝ ਪ੍ਰਭਾਵਿਤ ਹੋ ਰਿਹਾ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਗਰਮੀ ’ਚ ਚਾਰ ਦਿਨਾਂ ਤੱਕ ਪਾਣੀ ਨਾ ਮਿਲਣਾ ਕਿਸੇ ਮੁਸੀਬਤ ਤੋਂ ਘੱਟ ਨਹੀਂ ਹੈ। ਬੱਚਿਆਂ ਅਤੇ ਬਿਮਾਰ ਲੋਕਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਹੋ ਰਹੀ ਹੈ। ਲੋਕਾਂ ਨੇ ਦੱਸੀ ਆਪਣੀ ਪਰੇਸ਼ਾਨੀ ਕਾਂਤਾ ਦੇਵੀ ਗੋਨਿਆਣਾ ਰੋਡ ਨਿਵਾਸੀ ਨੇ ਕਿਹ ਕਿ ਚਾਰ ਦਿਨਾਂ ਤੋਂ ਵਾਟਰ ਸਪਲਾਈ ਦਾ ਪਾਣੀ ਨਹੀਂ ਆ ਰਿਹਾ, ਜਿਸ ਕਾਰਨ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ। ਘਰ ਤੋਂ ਕੁਝ ਦੂਰੀ ’ਤੇ ਲੱਗੇ ਆਰਓ ਤੋਂ ਪਾਣੀ ਲਿਆ ਕੇ ਗੁਜ਼ਾਰਾ ਕਰ ਰਹੇ ਹਾਂ। ਰੋਹਨ ਲਾਲ ਗੋਨਿਆਣਾ ਰੋਡ ਨਿਵਾਸੀ ਨੇ ਕਿਹਾ ਕਿ ਸ਼ਹਿਰ ’ਚ ਪਾਣੀ ਨਹੀਂ ਆ ਰਿਹਾ, ਜਿਸ ਕਾਰਨ ਬਿਨਾਂ ਪਾਣੀ ਦੇ ਹਾਲਤ ਖ਼ਰਾਬ ਹੋਈ ਪਈ ਹੈ। ਆਰਓ ਅਤੇ ਟੂਟੀਆਂ ਤੋਂ ਪਾਣੀ ਲਿਆ ਕੇ ਟਾਈਮ ਪਾਸ ਕਰ ਰਹੇ ਹਾਂ, ਪਰ ਉਸ ਪਾਣੀ ਨਾਲ ਲੋੜ ਪੂਰੀ ਨਹੀਂ ਹੋ ਰਹੀ। ਪ੍ਰਸ਼ਾਸਨ ਜਲਦ ਪਾਣੀ ਦੀ ਸਪਲਾਈ ਬਹਾਲ ਕਰੇ। ਪ੍ਰਦੀਪ ਕੁਮਾਰ ਸ਼ਹਿਰ ਵਾਸੀ ਨੇ ਕਿਹਾ ਕਿ ਘਰਾਂ ’ਚ ਪਾਣੀ ਨਾ ਆਉਣ ਕਾਰਨ ਸਾਰੇ ਕੰਮ ਪ੍ਰਭਾਵਿਤ ਹੋ ਰਹੇ ਹਨ। ਘਰੇਲੂ ਕੰਮਾਂ ਸਮੇਤ ਨਹਾਉਣ ਤੱਕ ਲਈ ਪਾਣੀ ਨਹੀਂ ਮਿਲ ਰਿਹਾ। ਪ੍ਰਸ਼ਾਸਨ ਤੋਂ ਮੰਗ ਹੈ ਕਿ ਜਲਦ ਪਾਣੀ ਦੀ ਬਹਾਲੀ ਕੀਤੀ ਜਾਵੇ। ਹੜਤਾਲ ਦੀ ਵਜ੍ਹਾ ਕੀ ਹੈ ਕਰਮਚਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਮੰਗੇ ਗਏ ਨਾਮ ਅਧਿਕਾਰੀਆਂ ਨੇ ਸਮੇਂ ਸਿਰ ਪੋਰਟਲ ’ਤੇ ਨਹੀਂ ਭੇਜੇ। 22 ਜੂਨ ਤੋਂ 25 ਜੂਨ ਤੱਕ ਨਾਮ ਭੇਜਣੇ ਸਨ, ਪਰ ਇੱਕ ਵੀ ਨਾਮ ਨਹੀਂ ਭੇਜਿਆ ਗਿਆ। ਇਸਤੋਂ ਇਲਾਵਾ ਉਨ੍ਹਾਂ ਦੀਆਂ ਕੁਝ ਹੋਰ ਮੰਗਾਂ ਵੀ ਪੂਰੀਆਂ ਨਹੀਂ ਹੋਈਆਂ। ਇਸੇ ਗੱਲ ਤੋਂ ਨਾਰਾਜ਼ ਹੋ ਕੇ ਕੱਚੇ ਕਰਮਚਾਰੀ ਹੜਤਾਲ ’ਤੇ ਚਲੇ ਗਏ। ਜਲਦ ਹੋਵੇਗੀ ਸਪਲਾਈ ਬਹਾਲ : ਐੱਸਡੀਓ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਐਸਡੀਓ ਜਗਮੋਹਨ ਸਿੰਘ ਨੇ ਕਿਹਾ ਕਿ ਕਰਮਚਾਰੀਆਂ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਪੋਰਟਲ ’ਤੇ ਕੱਚੇ ਮੁਲਾਜ਼ਮਾਂ ਦੇ ਨਾਮ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਹੜਤਾਲ ਖ਼ਤਮ ਕਰਵਾ ਕੇ ਜਲਦ ਤੋਂ ਜਲਦ ਸ਼ਹਿਰ ’ਚ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।