ਸੋਧੀ ਹੋਈ ਲੈਂਡ ਪੂਲਿੰਗ ਸਕੀਮ ਕਿਸਾਨਾਂ ਤੋਂ ਜ਼ਮੀਨ ਖੋਹਣ ਦੀ ਇਕ ਨਵੀਂ ਯੋਜਨਾ : ਸੁਖਬੀਰ ਬਾਦਲ ਸੁਖਬੀਰ ਸਿੰਘ ਬਾਦਲ ਨੇ ਨੁਕਸਾਨੀਆਂ ਫ਼ਸਲਾਂ ਵਾਲੇ ਕਿਸਾਨ ਪਰਿਵਾਰਾਂ ਨੂੰ 600 ਕੁਇੰਟਲ ਕਣਕ ਵੰਡੀ
Publish Date: Sat, 04 Jul 2026 05:47 PM (IST)
Updated Date: Sat, 04 Jul 2026 05:47 PM (IST)
ਚੇਤਨ ਭੂਰਾ, ਪੰਜਾਬੀ ਜਾਗਰਣ ਲੰਬੀ : ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਲੰਬੀ ਹਲਕੇ ਦੇ ਪਿੰਡਾਂ ਗੁਰੂਸਰ, ਪੱਕੀ ਟਿੱਬੀ ਤੇ ਕਬਰਵਾਲਾ ਵਿਚ ਦੋ ਮਹੀਨੇ ਪਹਿਲਾਂ ਅਗਜ਼ਨੀ ਕਾਰਨ ਜਿਨ੍ਹਾਂ ਕਿਸਾਨਾਂ ਦੀ ਕਣਕ ਦੀ ਫਸਲ ਤਬਾਹ ਹੋ ਗਈ ਸੀ, ਉਹਨਾਂ 140 ਪਰਿਵਾਰਾਂ ਨੂੰ 600 ਕੁਇੰਟਲ ਕਣਕ ਵੰਡੀ। ਅਕਾਲੀ ਦਲ ਦੇ ਪ੍ਰਧਾਨ ਅਗਜ਼ਨੀ ਨਾਲ ਪ੍ਰਭਾਵਤ ਕਿਸਾਨਾਂ ਦੇ ਘਰਾਂ ਵਿਚ ਪਹੁੰਚੇ ਤੇ ਉਨ੍ਹਾਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਉਨ੍ਹਾਂ ਦੇ ਨੁਕਸਾਨ ਦੀ ਪੂਰਤੀ ਕਰੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਵੇਂ ਅਸੀਂ ਇਹ ਸੇਵਾ ਕਰਨ ਵਾਸਤੇ ਆਪਣਾ ਵਾਅਦਾ ਪੂਰਾ ਕੀਤਾ ਪਰ ਇਹ ਵੇਖ ਕੇ ਮਨ ਮਾਯੂਸ ਹੈ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਕਿਸਾਨਾਂ ਨੂੰ ਅਗਜ਼ਨੀ ਨਾਲ ਹੋਏ ਨੁਕਸਾਨ ਜਾਂ ਫਿਰ ਗੜ੍ਹੇਮਾਰੀ ਕਾਰਨ ਹੋਏ ਫਸਲਾਂ ਦੇ ਨੁਕਸਾਨ ਜਾਂ ਫਿਰ ਹੜ੍ਹਾਂ ਕਾਰਨ ਹੋਏ ਝੋਨੇ ਦੀ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਭੱਜ ਗਈ ਹੈ। ਉਨ੍ਹਾਂ ਕਿਹਾ ਕਿ ਜਿਥੇ ਤੱਕ ਅਕਾਲੀ ਦਲ ਦਾ ਸਵਾਲ ਹੈ, ਅਸੀ਼ ਹਮੇਸ਼ਾ ਕਿਸਾਨਾਂ ਨਾਲ ਡੱਟ ਕੇ ਖੜ੍ਹੇ ਹਾਂ ਤੇ ਹਮੇਸ਼ਾ ਲੋੜ ਵੇਲੇ ਉਨ੍ਹਾਂ ਦੇ ਨਾਲ ਡਟੇ ਰਹਾਂਗੇ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਰਦਾਰ ਬਾਦਲ ਨੇ ਮਲੋਟ ਦੇ ਪਿੰਡ ਗੰਧਾਰ ਵਿਚ ਉਹਨਾਂ ਕਿਸਾਨਾਂ ਨੂੰ 300 ਕੁਇੰਟਲ ਕਣਕ ਵੰਡੀ ਸੀ ਜਿਹਨਾਂ ਦੀ ਫਸਲ ਗੜ੍ਹੇਮਾਰੀ ਕਾਰਨ ਤਬਾਹ ਹੋ ਗਈ ਸੀ। ਪ੍ਰਭਾਵਤ ਕਿਸਾਨਾਂ ਨੇ ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਜ਼ੋਰ ਦੇ ਕੇ ਦੱਸਿਆ ਕਿ ‘ਆਪ’ ਸਰਕਾਰ ਤੋਂ ਉਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਇਕ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਦੱਸਿਆ ਕਿ ‘ਆਪ’ ਸਰਕਾਰ ਦੀ ਸੋਧੀ ਹੋਈ ਲੈਂਡ ਪੂਲਿੰਗ ਸਕੀਮ ਹੋਰ ਕੁਝ ਨਹੀਂ ਬਲਕਿ ਕਿਸਾਨਾਂ ਤੋਂ ਉਨ੍ਹਾਂ ਦੀ ਜ਼ਮੀਨ ਖੋਹਣ ਦੀ ਇਕ ਨਵੀਂ ਯੋਜਨਾ ਹੈ। ਉਨ੍ਹਾਂ ਕਿਹਾ ਕਿ ਪੁਰਾਣੀ ਲੈਂਡ ਪੂਲਿੰਗ ਸਕੀਮ ਦੀ ਲੀਪਾ ਪੋਥੀ ਕਰ ਕੇ ਨਵੀਂ ਸਕੀਮ ਲਿਆਂਦੀਗਈ ਜਦੋਂ ਕਿ ਪੁਰਾਣੀ ਸਕੀਮ ਕਿਸਾਨ ਪਹਿਲਾਂ ਹੀ ਰੱਦ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਜੋ ਪਿਛਲੇ ਸਾਲ ਕੀਤੇ ਨਾਜਾਇਜ਼ ਸੌਦਿਆਂ ਕਾਰਨ ਆਪਣੇ ਚਹੇਤਿਆਂ ਨੂੰ ਇਨਾਮ ਦੇਣ ਵਾਸਤੇ ਦਬਾਅ ਹੇਠ ਹਨ, ਦੇ ਦਬਾਅ ਹੇਠ ਸਰਕਾਰ ਨਵੀਂ ਸਕੀਮ ਨੂੰ ਲਾਗੂ ਕਰਨ ਲਈ ਪੱਬਾਂ ਭਾਰ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਨਵੀਂ ਨੀਤੀ ਦਾ ਪੁਰਜ਼ੋਰ ਵਿਰੋਧ ਕਰੇਗਾ ਤੇ ਸਰਕਾਰ ਨੂੰ ਕਦੇ ਵੀ ਸਫਲ ਨਹੀਂ ਹੋਣ ਦੇਵੇਗਾ।