- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਕਿਹਾ, "ਵਿਰੋਧੀ ਸਮਝਦੇ ਹਨ ਕਿ ਬਾਦਲ ਪਰਿਵਾਰ ਨੂੰ ਖ਼ਤਮ ਕਰਕੇ ਹੀ ਪੰਜਾਬ 'ਤੇ ਕਬਜ਼ਾ ਕੀਤਾ ਜਾ ਸਕਦਾ ਹੈ। ਮੇਰੇ ’ਤੇ ਦੋ ਵਾਰ ਜਾਨਲੇਵਾ ਹਮਲੇ ਹੋਏ ਅਤੇ ਇਹ ਦੋਵੇਂ ਹਮਲੇ ਗੁਰੂ ਘਰ ਦੇ ਅੰਦਰ ਉਨ੍ਹਾਂ ਲੋਕਾਂ ਵੱਲੋਂ ਕਰਵਾਏ ਗਏ ਜੋ ਸਹੀ ਮਾਇਨੇ ਵਿੱਚ 'ਗੁਰੂ ਦੋਖੀ' ਹਨ।"

ਭੰਵਰਾ/ ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ/ ਮਲੋਟ: ਬੀਤੇ ਦਿਨੀਂ ਨਾਂਦੇੜ ਵਿਖੇ ਹੋਏ ਹਮਲੇ ਉਪਰੰਤ ਅੱਜ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੁੱਧਵਾਰ ਨੂੰ ਮਲੋਟ ਦੀ ਧਰਤੀ ਤੋਂ ‘ਪੰਜਾਬ ਬਚਾਓ ਰੈਲੀ’ ਦਾ ਜ਼ੋਰਦਾਰ ਆਗਾਜ਼ ਕੀਤਾ ਗਿਆ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਵਿਰੋਧੀ ਧਿਰਾਂ ’ਤੇ ਤਿੱਖੇ ਹਮਲੇ ਕੀਤੇ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਅਕਾਲੀ ਦਲ ਦੀ ਵਚਨਬੱਧਤਾ ਨੂੰ ਦੁਹਰਾਇਆ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਬਾਦਲ ਸਾਹਬ ਨੇ ਆਪਣੀ ਪੂਰੀ ਜ਼ਿੰਦਗੀ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਅਤੇ ਹਰ ਵਰਗ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਲੇਖੇ ਲਾ ਦਿੱਤੀ। ਉਨ੍ਹਾਂ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਦੇ ਭਲੇ ਦੀ ਗੱਲ ਕੀਤੀ ਹੈ। ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਪਿਛਲੇ ਦੋ ਸਾਲਾਂ ਤੋਂ ਪੰਜਾਬ ’ਤੇ ਕਬਜ਼ਾ ਕਰਨ ਦੀਆਂ ਗੂੜ੍ਹੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ, "ਵਿਰੋਧੀ ਸਮਝਦੇ ਹਨ ਕਿ ਬਾਦਲ ਪਰਿਵਾਰ ਨੂੰ ਖ਼ਤਮ ਕਰਕੇ ਹੀ ਪੰਜਾਬ 'ਤੇ ਕਬਜ਼ਾ ਕੀਤਾ ਜਾ ਸਕਦਾ ਹੈ। ਮੇਰੇ ’ਤੇ ਦੋ ਵਾਰ ਜਾਨਲੇਵਾ ਹਮਲੇ ਹੋਏ ਅਤੇ ਇਹ ਦੋਵੇਂ ਹਮਲੇ ਗੁਰੂ ਘਰ ਦੇ ਅੰਦਰ ਉਨ੍ਹਾਂ ਲੋਕਾਂ ਵੱਲੋਂ ਕਰਵਾਏ ਗਏ ਜੋ ਸਹੀ ਮਾਇਨੇ ਵਿੱਚ 'ਗੁਰੂ ਦੋਖੀ' ਹਨ।" 'ਵਾਰਿਸ ਪੰਜਾਬ ਦੇ' ਜਥੇਬੰਦੀ 'ਤੇ ਨਿਸ਼ਾਨਾ ਸਾਧਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਰਾਤੋ-ਰਾਤ ਸਾਹਮਣੇ ਆਏ ਇਹ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ (ਢਾਲ) ਲੈ ਕੇ ਥਾਣਿਆਂ 'ਚ ਵੜਦੇ ਹਨ। ਸਵਾਲ ਕਰਦਿਆਂ ਉਨ੍ਹਾਂ ਕਿਹਾ ਕਿ 1984 ਦੇ ਸੰਤਾਪ ਸਮੇਂ, ਜਦੋਂ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਵਾਇਆ ਸੀ, ਉਦੋਂ ਇਹ ਆਪਣੇ ਆਪ ਨੂੰ ਵਾਰਿਸ ਅਖਵਾਉਣ ਵਾਲੇ ਕਿੱਥੇ ਸਨ? ਉਹਨਾਂ ਕਿਹਾ ਕਿ ਇਹ ਵਾਰਿਸ ਪੰਜਾਬ ਦੇ ਨਹੀਂ ਵਾਇਰਸ ਪੰਜਾਬ ਦੇ ਹਨ। ਸ਼੍ਰੋਮਣੀ ਅਕਾਲੀ ਦਲ ਹਰ ਚੁਣੌਤੀ ਦਾ ਸਾਹਮਣਾ ਕਰਦਿਆਂ ਪੰਜਾਬ ਦੇ ਹੱਕਾਂ ਲਈ ਡਟ ਕੇ ਖੜ੍ਹਾ ਹੈ ਅਤੇ ਕਿਸੇ ਤੋਂ ਡਰਨ ਵਾਲਾ ਨਹੀਂ। ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਵੱਡੇ ਵਾਅਦੇ ਕਰਦਿਆਂ ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਐਸਸੀ ਅਤੇ ਬੀਸੀ ਵਰਗ ਦੇ ਬੱਚਿਆਂ ਲਈ ਕਾਲਜ ਤੱਕ ਦੀ ਪੜ੍ਹਾਈ ਬਿਲਕੁਲ ਮੁਫ਼ਤ ਕੀਤੀ ਜਾਵੇਗੀ। ਨਿੱਜੀ ਅਦਾਰਿਆਂ 'ਚ ਰਾਖਵਾਂਕਰਨ: ਪ੍ਰਾਈਵੇਟ ਸਕੂਲਾਂ ਅਤੇ ਕਾਲਜਾਂ ਵਿੱਚ 50 ਪ੍ਰਤੀਸ਼ਤ ਸੀਟਾਂ ਰਾਖਵੀਂਆਂ ਕੀਤੀਆਂ ਜਾਣਗੀਆਂ। ਇਸ ਰੈਲੀ ਦੌਰਾਨ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਵੀ ਸੰਬੋਧਨ ਕੀਤਾ ਅਤੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।