- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸਐਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਵੀਡੀਸੀ (ਵਿਲੇਜ ਡਿਫੈਂਸ ਕਮੇਟੀ) ਦੇ ਜ਼ਿਲ੍ਹਾ ਕੋਆਰਡੀਨੇਟਰਾਂ ਨਾਲ ਰਿਵਿਊ ਮੀਟਿੰਗ

- ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਦਿੱਤੇ ਦਿਸ਼ਾ-ਨਿਰਦੇਸ਼
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਅਤੇ ਮਾਣਯੋਗ ਡੀਜੀਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੱਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਤੇਜ਼ੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਉਣ ਲਈ ਅਭਿਮੰਨਿਊ ਰਾਣਾ ਆਈਪੀਐੱਸ ਸੀਨੀਅਰ ਪੁਲਿਸ ਕਪਤਾਨ (ਐੱਸਐੱਸਪੀ) ਸ੍ਰੀ ਮੁਕਤਸਰ ਸਾਹਿਬ ਵੱਲੋਂ ਐੱਸਐੱਸਪੀ ਦਫ਼ਤਰ ਵਿਖੇ ਵੀਡੀਸੀ (ਵਿਲੇਜ ਡਿਫੈਂਸ ਕਮੇਟੀ) ਦੇ ਜ਼ਿਲ੍ਹਾ ਕੋਆਰਡੀਨੇਟਰਾਂ, ਵਾਈਸ ਕੋਆਰਡੀਨੇਟਰਾਂ ਅਤੇ ਟੀਮ ਮੈਂਬਰਾਂ ਨਾਲ ਵਿਸ਼ੇਸ਼ ਰਿਵਿਊ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਨਸ਼ਾ ਤਸਕਰੀ ਖ਼ਿਲਾਫ਼ ਚੱਲ ਰਹੀਆਂ ਕਾਰਵਾਈਆਂ, ਨਸ਼ਾ ਪੀੜਤ ਵਿਅਕਤੀਆਂ ਦੇ ਇਲਾਜ, ਪਿੰਡ ਪੱਧਰ ’ਤੇ ਲੋਕਾਂ ਦੀ ਭਾਗੀਦਾਰੀ ਅਤੇ ਪੁਲਿਸ-ਪਬਲਿਕ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ।
ਇਸ ਮੌਕੇ ਮਨਮੀਤ ਸਿੰਘ ਢਿੱਲੋਂ, ਐੱਸਪੀ (ਡੀ), ਰਸਪਾਲ ਸਿੰਘ, ਡੀਐੱਸਪੀ (ਡੀ), ਜਤਿੰਦਰ ਸਿੰਘ, ਡੀਐੱਸਪੀ ਗਿੱਦੜਬਾਹਾ, ਹਰਬੰਸ ਸਿੰਘ, ਡੀਐੱਸਪੀ ਲੰਬੀ, ਜ਼ਿਲ੍ਹਾ ਕੋਆਰਡੀਨੇਟਰ ਮਨਵੀਰ ਸਿੰਘ, ਵਾਈਸ ਕੋਆਰਡੀਨੇਟਰ ਯਾਦਵਿੰਦਰ ਸਿੰਘ, ਸਮੂਹ ਵੀਡੀਸੀ ਕੋਆਰਡੀਨੇਟਰਾਂ ਅਤੇ ਟੀਮ ਮੈਂਬਰਾਂ ਨੇ ਹਾਜ਼ਰੀ ਭਰੀ। ਐੱਸਐੱਸਪੀ ਅਭਿਮੰਨਿਊ ਰਾਣਾ ਨੇ ਕਿਹਾ ਕਿ ਜ਼ਿਲ੍ਹੇ ’ਚ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੀਡੀਸੀ ਕਮੇਟੀਆਂ ਨਾਲ ਲਗਾਤਾਰ ਤਾਲਮੇਲ ਕਰਦੀਆਂ ਹੋਈਆਂ ਲੋਕਾਂ ਨਾਲ ਸਿੱਧਾ ਸੰਪਰਕ ਬਣਾ ਰਹੀਆਂ ਹਨ। ਵੀਡੀਸੀ ਮੈਂਬਰਾਂ ਦੇ ਸਹਿਯੋਗ ਨਾਲ ਨਸ਼ਾ ਤਸਕਰਾਂ ਸਬੰਧੀ ਖੁਫੀਆ ਜਾਣਕਾਰੀ ਇਕੱਠੀ ਕਰਕੇ ਤੁਰੰਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਗਈ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਨਸ਼ਾ ਕਰਨ ਵਾਲੇ ਵਿਅਕਤੀਆਂ ਨੂੰ ਸਜ਼ਾ ਦੀ ਬਜਾਏ ਮੁੱਖ ਧਾਰਾ ’ਚ ਵਾਪਸ ਲਿਆਉਣ ਲਈ ਵੀ ਪੁਲਿਸ ਪੂਰੀ ਸੰਵੇਦਨਸ਼ੀਲਤਾ ਨਾਲ ਕੰਮ ਕਰ ਰਹੀ ਹੈ। ਵੀਡੀਸੀ ਕਮੇਟੀਆਂ ਅਤੇ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ ਨਸ਼ਾ ਪੀੜਤਾਂ ਨੂੰ ਇਲਾਜ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਲੋੜ ਪੈਣ ’ਤੇ ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖ਼ਲ ਵੀ ਕਰਵਾਇਆ ਜਾ ਰਿਹਾ ਹੈ। ਮੀਟਿੰਗ ਦੌਰਾਨ ਐੱਸਐੱਸਪੀ ਨੇ ਸਮੂਹ ਵੀਡੀਸੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਇਲਾਕਿਆਂ ’ਚ ਲੋਕਾਂ ਨਾਲ ਹੋਰ ਵੱਧ ਸੰਪਰਕ ਬਣਾਉਣ, ਨਸ਼ਾ ਤਸਕਰਾਂ ਸਬੰਧੀ ਜਾਣਕਾਰੀ ਤੁਰੰਤ ਸਬੰਧਿਤ ਐੱਸਐੱਚਓ, ਡੀਐੱਸਪੀ ਜਾਂ ਸਿੱਧੇ ਉਨ੍ਹਾਂ ਨਾਲ ਸਾਂਝੀ ਕਰਨ ਤਾਂ ਜੋ ਨਸ਼ਿਆਂ ਖ਼ਿਲਾਫ਼ ਹੋਰ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਜਨਵਰੀ 2026 ਤੋਂ ਅੱਜ ਤੱਕ ਪੁਲਿਸ ਅਤੇ ਵੀਡੀਸੀ ਦੇ ਸਾਂਝੇ ਯਤਨਾਂ ਸਦਕਾ ਓਟ ਸੈਂਟਰਾਂ ’ਚ 3,269 ਨਸ਼ਾ ਪੀੜਤ ਵਿਅਕਤੀਆਂ ਨੂੰ ਦਵਾਈ ਮੁਹੱਈਆ ਕਰਵਾਈ ਗਈ, ਜਦਕਿ 354 ਵਿਅਕਤੀਆਂ ਨੂੰ ਨਸ਼ਾ ਛੁਡਾਊ ਕੇਂਦਰਾਂ ’ਚ ਦਾਖ਼ਲ ਕਰਵਾ ਕੇ ਇਲਾਜ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਨੇ ਵੀਡੀਸੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੁਲਿਸ ਹਮੇਸ਼ਾ ਲੋਕਾਂ ਦੇ ਨਾਲ ਖੜ੍ਹੀ ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੋਕਾਂ ਦੇ ਸਹਿਯੋਗ ਨਾਲ ਹੋਰ ਮਜ਼ਬੂਤ ਬਣਾਇਆ ਜਾਵੇਗਾ ਅਤੇ ਜ਼ਿਲ੍ਹੇ ਨੂੰ ਨਸ਼ਾ-ਮੁਕਤ ਬਣਾਉਣ ਲਈ ਹਰ ਸੰਭਵ ਯਤਨ ਜਾਰੀ ਰਹੇਗਾ।