ਐੱਸਐੱਚਓ ਪਰਵਿੰਦਰ ਸਿੰਘ ਨੇ ਕੀਤੀ ਵਪਾਰ ਮੰਡਲ ਨਾਲ ਮੀਟਿੰਗ
ਐੱਸਐੱਚਓ ਪਰਵਿੰਦਰ ਸਿੰਘ ਨੇ ਕੀਤੀ ਵਪਾਰ ਮੰਡਲ ਨਾਲ ਮੀਟਿੰਗ
Publish Date: Fri, 26 Jun 2026 05:35 PM (IST)
Updated Date: Fri, 26 Jun 2026 05:37 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਗਿੱਦੜਬਾਹਾ ਦੇ ਐੱਸਐੱਚਓ ਪਰਵਿੰਦਰ ਸਿੰਘ ਨੇ ਅੱਜ ਸਥਾਨਕ ਮੰਡੀ ਵਾਲੀ ਧਰਮਸ਼ਾਲਾ ਵਿਖੇ ਵਪਾਰ ਮੰਡਲ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਐੱਸਐੱਚਓ ਪਰਵਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਦੁਕਾਨਦਾਰਾਂ ਨੂੰ ਦੁਕਾਨਾਂ ’ਚ ਲੱਗੇ ਸੀਸੀਟੀਵੀ ਕੈਮਰੇ ਸਮੇਂ ਸਮੇਂ ਤੇ ਸਾਫ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਕਿਸੇ ਵੀ ਵਾਰਦਾਤ ਹੋਣ ਦੀ ਸੂਰਤ ’ਚ ਕ੍ਰਾਈਮ ਨੂੰ ਟਰੇਸ ਕਰਨਾ ਸੌਖਾ ਹੋ ਸਕੇ। ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਮਾਲ ਲੋਡ ਅਤੇ ਅਣਲੋਡ ਕਰਨ ਲਈ ਆਉਣ ਵਾਲੇ ਵੱਡੇ ਟਰਾਲਿਆਂ ਕਾਰਨ ਪੈਦਾ ਹੋਣ ਵਾਲੀ ਟਰੈਫਿਕ ਆਦਿ ਸਮੱਸਿਆ ਨਾਲ ਨਿਪਟਣ ਲਈ ਉਨ੍ਹਾਂ ਇੰਨਾਂ ਟਰਾਲਿਆਂ ਦੇ ਸ਼ਹਿਰ ’ਚ ਦਾਖਲ ਹੋਣ ਦੇ ਟਾਇਮ ਨੂੰ ਨਿਰਧਾਰਤ ਕਰਨ ਅਤੇ ਆਪਸੀ ਸਹਿਯੋਗ ਕਰਨ ਦਾ ਸੁਝਾਓ ਦਿੱਤਾ। ਇਸਤੋਂ ਇਲਾਵਾ ਉਨ੍ਹਾਂ ਸਵਰਨਕਾਰ ਸੰਘ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਵਿਅਕਤੀ ਪਾਸੇ ਸੋਨਾ-ਚਾਂਦੀ ਆਦਿ ਖਰੀਦ ਸਮੇਂ ਵੇਚਣ ਵਾਲੇ ਵਿਅਕਤੀ ਦਾ ਆਧਾਰ ਕਾਰਡ ਅਤੇ ਉਸਦੀ ਪਛਾਣ ਬਾਰੇ ਜਾਣਕਾਰੀ ਲੈਣ ਅਤੇ ਕੋਈ ਵੀ ਵਿਅਕਤੀ ਬਾਜ਼ਾਰ ਭਾਅ ਤੋਂ ਘੱਟ ਭਾਅ ਤੇ ਸਮਾਨ ਵੇਚਣ ਲਈ ਆਉਂਦਾ ਹੈ, ਤਾਂ ਉਸ ਵਿਅਕਤੀ ਦੀ ਵਿਸ਼ੇਸ਼ ਤੌਰ ਤੇ ਜਾਂਚ ਪੜਤਾਲ ਕੀਤੀ ਜਾਵੇ ਅਤੇ ਸ਼ੱਕ ਹੋਣ ਦੀ ਸੂਰਤ ’ਚ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਇਸੇ ਤਰਾਂ ਮੋਬਾਇਲ ਐਸੋਸੀਏਸ਼ਨ ਨੂੰ ਹਿਦਾਇਤ ਕੀਤੀ ਕਿ ਉਹ ਪੁਰਾਣੇ ਮੋਬਾਇਲਾਂ ਦੀ ਖਰੀਦੋ ਫਿਰੋਖਤ ਸਮੇਂ ਮੋਬਾਇਲ ਵੇਚਣ ਵਾਲੇ ਦੀ ਪਹਿਚਾਣ ਅਤੇ ਪਤਾ ਆਪਣੇ ਰਿਕਾਰਡ ’ਚ ਜ਼ਰੂਰ ਰੱਖਣ। ਸਵੇਰੇ ਕਰੀਬ 3 ਵਜੇ ਦੇ ਕਰੀਬ ਰੇਲਵੇ ਸਟੇਸ਼ਨ ’ਤੇ ਪੁੱਜਣ ਵਾਲੀ ਰੇਵਾੜੀ ਵਾਲੀ ਗੱਡੀ ਤੇ ਆਉਣ ਜਾਣ ਵਾਲੀਆਂ ਸਵਾਰੀਆਂ ਦੀ ਸੁੱਰਖਿਆ ਨੂੰ ਯਕੀਨੀ ਬਣਾਏ ਜਾਣ ਸੰਬੰਧੀ ਵਪਾਰ ਮੰਡਲ ਵੱਲੋਂ ਕਹੇ ਜਾਣ ਤੇ ਉਨਾਂ ਤੁਰੰਤ ਪੀਸੀਆਰ ਕਰਮਚਾਰੀਆਂ ਨੂੰ ਪੱਕੀ ਡਿਊਟੀ ਉਕਤ ਗੱਡੀ ਦੇ ਆਉਣ ਸਮੇਂ ਰੇਲਵੇ ਸਟੇਸ਼ਨ ਦੇ ਨਜਦੀਕ ਲਗਾਈ ਗਈ। ਇਸ ਮੌਕੇ ਵਪਾਰ ਮੰਡਲ ਦੇ ਸ਼ਾਮ ਸੁੰਦਰ ਛਿੰਦੀ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਬਾਂਸਲ, ਰਿਟੇਲ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਸੰਮੀ ਬੁੱਟਰ, ਵਰਿੰਦਰ ਅਗਰਵਾਲ, ਮੋਬਾਇਲ ਐਸੋਸੀਏਸ਼ਨ ਦੇ ਪ੍ਰਧਾਨ ਓਮ ਪ੍ਰਕਾਸ਼ ਕਾਕਾ, ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਵਿੱਕੀ ਗਰਗ, ਕੱਪੜਾ ਯੂਨੀਅਨ ਦੇ ਭਗਵਾਨ ਦਾਸ ਆਹੂਜਾ, ਨਵੀ ਬਾਂਸਲ, ਰਮੇਸ਼ ਕੁਮਾਰ ਭਾਨਾ, ਅਨਮੋਲ ਜੁਨੇਜਾ ਬਬਲੂ, ਮਨੀਸ਼ ਵਰਮਾ ਅਤੇ ਏ.ਐੱਸ.ਆਈ. ਜਗਸੀਰ ਪੁਰੀ ਵੀ ਮੌਜੂਦ ਸਨ।