- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਕਤਸਰ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਦਰਸ਼ਨ, ਸੀਐਮ ਭਗਵੰਤ ਮਾਨ ਨੂੰ ਦੱਸਿਆ ‘ਗੁਰੂ ਦੋਖੀ’ ਤੇ ‘ਪੰਥ ਵਿਰੋਧੀ’

- ਬਰਕੰਦੀ ਪਿੰਡ ਤੋਂ ਸ਼ੁਰੂ ਹੋਈ ਪੋਸਟਰ ਮੁਹਿੰਮ, ਪੂਰੇ ਜ਼ਿਲ੍ਹੇ ’ਚ ਲੱਗਣਗੇ ਭਗਵੰਤ ਮਾਨ ਦੇ ਪੰਥ ਵਿਰੋਧੀ ਪੋਸਟਰ
- ਕਰੋੜਾਂ ਰੁਪਏ ਖ਼ਰਚ ਕਰ ਕੇ ਵੀਡੀਓ ਮਾਮਲੇ ’ਚ ਝੂਠੀ ਰਿਪੋਰਟ ਤਿਆਰ ਕਰਵਾਈ ਜਾ ਰਹੀ ਹੈ : ਰੋਜ਼ੀ ਬਰਕੰਦੀ
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਮੁਕਤਸਰ ’ਚ ਸ਼ੋ੍ਮਣੀ ਅਕਾਲੀ ਦਲ (ਸ਼੍ਰੋਅਦ) ਵੱਲੋਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਾਬਕਾ ਵਿਧਾਇਕ ਅਤੇ ਸ਼੍ਰੋਅਦ ਦੇ ਜ਼ਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਹੇਠ ਪਿੰਡ ਬਰਕੰਦੀ ਤੋਂ ‘ਭਗਵੰਤ ਮਾਨ ਗੁਰੂ ਦੋਖੀ ਅਤੇ ਪੰਥ ਵਿਰੋਧੀ ਹੈ’ ਲਿਖੇ ਪੋਸਟਰ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਰੋਜ਼ੀ ਬਰਕੰਦੀ ਨੇ ਕਿਹਾ ਕਿ ਇਹ ਮੁਹਿੰਮ ਸਿਰਫ਼ ਬਰਕੰਦੀ ਪਿੰਡ ਤੱਕ ਸੀਮਤ ਨਹੀਂ ਰਹੇਗੀ। ਆਉਣ ਵਾਲੇ ਦਿਨਾਂ ’ਚ ਪੂਰੇ ਜ਼ਿਲ੍ਹੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਨਾਨਕ ਨਾਮ ਲੇਵਾ ਸੰਗਤ ਦੇ ਘਰਾਂ ਦੇ ਬਾਹਰ ਇਹ ਪੋਸਟਰ ਲਗਾਏ ਜਾਣਗੇ। ਰੋਜ਼ੀ ਬਰਕੰਦੀ ਨੇ ਕਿਹਾ ਕਿ ਵਾਇਰਲ ਵੀਡੀਓ ’ਚ ਸਾਫ਼ ਤੌਰ ’ਤੇ ਭਗਵੰਤ ਮਾਨ ਦਿਖਾਈ ਦੇ ਰਹੇ ਹਨ, ਪਰ ਸੱਚ ਨੂੰ ਦਬਾਉਣ ਲਈ ਕਰੋੜਾਂ ਰੁਪਏ ਖ਼ਰਚ ਕਰ ਕੇ ਫ਼ਰਜ਼ੀ ਰਿਪੋਰਟਾਂ ਤਿਆਰ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਮਾਨ ’ਤੇ ਦੋਹਰਾ ਰਵੱਈਆ ਅਪਣਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਸ਼੍ਰੋਅਦ ਆਗੂਆਂ ਖ਼ਿਲਾਫ਼ ਕੋਈ ਫ਼ੈਸਲਾ ਸੁਣਾਉਂਦਾ ਹੈ ਤਾਂ ਭਗਵੰਤ ਮਾਨ ਉਸ ਨੂੰ ਸਹੀ ਕਾਰਵਾਈ ਦੱਸਦੇ ਹਨ, ਪਰ ਜਦੋਂ ਗੱਲ ਖ਼ੁਦ ’ਤੇ ਆਈ ਤਾਂ ਉਸ ਨੂੰ ਝੂਠਾ ਕਰਾਰ ਦੇ ਰਹੇ ਹਨ। ਰੋਜ਼ੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜਿਸ ਨੇ ਵੀ ਮੱਥਾ ਲਾਇਆ, ਉਸ ਦਾ ਕੁਝ ਨਹੀਂ ਰਿਹਾ।
ਬਰਗਾੜੀ ਕਾਂਡ ਦਾ ਜ਼ਿਕਰ ਕਰਦਿਆਂ ਰੋਜ਼ੀ ਬਰਕੰਦੀ ਨੇ ਕਿਹਾ ਕਿ ਉਸ ਸਮੇਂ ਕੁਝ ਪੰਥਕ ਆਗੂ ਧਰਨਿਆਂ ’ਤੇ ਬੈਠਦੇ ਸਨ, ਪਰ ਹੁਣ ਜਦੋਂ ਪੰਥ ਨਾਲ ਜੁੜਿਆ ਮਾਮਲਾ ਹੈ ਤਾਂ ਉਹੀ ‘ਸਰਕਾਰੀ ਬਾਬੇ’ (ਕੁਝ ਪੰਥਕ ਆਗੂ) ਚੁੱਪ ਹਨ। ਉਨ੍ਹਾਂ ਦੋਸ਼ ਲਾਇਆ ਕਿ 2014 ਵਿੱਚ ‘ਆਪ’ ਦੇ ਗਠਨ ਤੋਂ ਬਾਅਦ ਹੀ ਗੁਰੂ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਧੀਆਂ ਹਨ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨਾਸਤਿਕ ਹਨ ਅਤੇ ਇਹ ਗੁਰੂ ਨੂੰ ਨਹੀਂ ਮੰਨਦੇ। ਇਸ ਰੋਸ ਪ੍ਰਦਰਸ਼ਨ ’ਚ ਸ਼ੋ੍ਮਣੀ ਅਕਾਲੀ ਦਲ ਦੇ ਵੱਡੀ ਗਿਣਤੀ ’ਚ ਵਰਕਰ ਅਤੇ ਆਗੂ ਮੌਜੂਦ ਸਨ।