ਭੱਠੀ ਵਾਲਾ ਮੌੜ ਤੋਂ ਲੰਬੀ ਵਾਲਾ ਫਾਟਕ ਤੱਕ ਸੀਵਰੇਜ ਰਿਪਲੇਸਮੈਂਟ ਦਾ ਕੰਮ ਕੱਛੂ ਚਾਲ ’ਚ
ਭੱਠੀ ਵਾਲਾ ਮੌੜ ਤੋਂ ਲੰਬੀ ਵਾਲਾ ਫਾਟਕ ਤੱਕ ਸੀਵਰੇਜ ਰਿਪਲੇਸਮੈਂਟ ਦਾ ਕੰਮ ਕੱਛੂ ਚਾਲ ’ਚ
Publish Date: Wed, 24 Jun 2026 06:09 PM (IST)
Updated Date: Wed, 24 Jun 2026 06:10 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਗਿੱਦੜਬਾਹਾ ਸ਼ਹਿਰ ਦੇ ਭੱਠੀ ਵਾਲਾ ਮੌੜ ਤੋਂ ਲੰਬੀ ਵਾਲਾ ਫਾਟਕ ਤੱਕ ਚੱਲ ਰਹੇ ਸੀਵਰੇਜ ਰਿਪਲੇਸਮੈਂਟ ਦੇ ਕੰਮ ਦੀ ਮੱਧਮ ਰਫ਼ਤਾਰ ਕਾਰਨ ਇਲਾਕੇ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਮਹੀਨਿਆਂ ਤੋਂ ਜਾਰੀ ਇਹ ਪ੍ਰੋਜੈਕਟ ਅਜੇ ਤੱਕ ਮੁਕੰਮਲ ਨਹੀਂ ਹੋ ਸਕਿਆ। ਜਦੋਂਕਿ ਇਸ ਕੰਮ ਦੇ ਮੁਕੰਮਲ ਹੋਣ ਦੀ ਤਾਰੀਖ 30 ਜੂਨ ਨਿਰਧਾਰਿਤ ਕੀਤੀ ਗਈ ਸੀ, ਜਿਸ ਕਾਰਨ ਲੋਕਾਂ ’ਚ ਰੋਸ ਵਧਦਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸੀਵਰੇਜ ਰਿਪਲੇਸਮੈਂਟ ਦਾ ਕੰਮ ਸ਼ਹਿਰ ਦੇ ਵਿਕਾਸ ਲਈ ਜ਼ਰੂਰੀ ਹੈ, ਪਰ ਕੰਮ ਦੀ ਰਫ਼ਤਾਰ ਬਹੁਤ ਹੌਲੀ ਹੋਣ ਕਾਰਨ ਆਮ ਜਨਤਾ ਨੂੰ ਬੇਵਜ੍ਹਾ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ। ਇਸ ਸੜਕ ’ਤੇ ਉੱਡਦੀ ਧੂੜ ਨੇ ਆਸ-ਪਾਸ ਦੇ ਰਹਿਣ ਵਾਲੇ ਲੋਕਾਂ ਅਤੇ ਦੁਕਾਨਦਾਰਾਂ ਦੀ ਜ਼ਿੰਦਗੀ ਮੁਸ਼ਕਲ ਬਣਾ ਦਿੱਤੀ ਹੈ। ਧੂੜ ਕਾਰਨ ਜਿੱਥੇ ਸਾਹ ਸੰਬੰਧੀ ਸਮੱਸਿਆਵਾਂ ਦਾ ਖਤਰਾ ਵੀ ਵਧ ਰਿਹਾ ਹੈ ਉੱਥੇ ਹੀ ਦੁਕਾਨਦਾਰਾਂ ਦੇ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੰਮ ਸਮੇਂ ਸਿਰ ਅਤੇ ਯੋਜਨਾਬੱਧ ਢੰਗ ਨਾਲ ਕੀਤਾ ਜਾਂਦਾ ਤਾਂ ਅਜਿਹੀ ਸਥਿਤੀ ਪੈਦਾ ਨਾ ਹੁੰਦੀ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਉਡੱਦੀ ਧੂੜ ਨੂੰ ਕੰਟਰੋਲ ਕਰਨ ਲਈ ਪਾਣੀ ਦੇ ਟੈਂਕਰਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਿਯਮਿਤ ਤੌਰ ’ਤੇ ਪਾਣੀ ਦਾ ਛਿੜਕਾਅ ਕੀਤਾ ਜਾਵੇ ਤਾਂ ਧੂੜ ਦੀ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਪਰ ਅਜੇ ਤੱਕ ਇਸ ਸਬੰਧੀ ਕੋਈ ਪ੍ਰਭਾਵਸ਼ਾਲੀ ਕਦਮ ਨਜ਼ਰ ਨਹੀਂ ਆ ਰਿਹਾ। ਇਸ ਸਾਰੀ ਸਥਿਤੀ ਨੂੰ ਲੈ ਕੇ ਸ਼ਹਿਰ ਵਾਸੀਆਂ ’ਚ ਇਹ ਸਵਾਲ ਉੱਠ ਰਿਹਾ ਹੈ ਕਿ ਕੰਮ ’ਚ ਹੋ ਰਹੀ ਬੇਲੋੜੀ ਦੇਰੀ ਲਈ ਅਖੀਰ ਜ਼ਿੰਮੇਵਾਰ ਕੌਣ ਹੈ। ਲੋਕਾਂ ਨੇ ਪ੍ਰਸ਼ਾਸਨ ਅਤੇ ਸੰਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੀਵਰੇਜ ਰਿਪਲੇਸਮੈਂਟ ਦੇ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾਵੇ ਤਾਂ ਜੋ ਕੰਮ ਦੀ ਸਮਾਪਤੀ ਉਪਰੰਤ ਸੜਕ ਨਿਰਮਾਣ ਦੇ ਕੰਮ ਦੀ ਪ੍ਰਕਿਰਿਆ ਸ਼ੁਰੂ ਹੋ ਸਕੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਧੂੜ ਤੋਂ ਰਾਹਤ ਦੇਣ ਲਈ ਤੁਰੰਤ ਪਾਣੀ ਦੇ ਟੈਂਕਰਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਹੋ ਰਹੀਆਂ ਮੁਸ਼ਕਲਾਂ ਤੋਂ ਨਿਜਾਤ ਮਿਲ ਸਕੇ। 60% ਕੰਮ ਮੁਕੰਮਲ, ਰਹਿੰਦਾ ਕੰਮ ਵੀ ਛੇਤੀ ਹੋਵੇਗਾ ਪੂਰਾ : ਜੇਈ ਭੁੱਲਰ ਇਸ ਸੰਬੰਧੀ ਸੀਵਰੇਜ ਬੋਰਡ ਦੇ ਜੇਈ ਲਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਉਕਤ ਕੰਮ ਅਜੇ 60 ਫੀਸਦੀ ਮੁਕੰਮਲ ਹੋਇਆ ਹੈ ਅਤੇ ਲੰਬੀ ਵਾਲੇ ਫਾਟਕ ਦੇ ਨਜਦੀਕ ਪਾਈ ਜਾ ਰਹੀ ਡੀਆਈ ਪਾਈਪ ਦੀ ਸਪਲਾਈ ’ਚ ਦੇਰੀ ਹੋਣ ਕਾਰਨ ਸਾਰੇ ਕੰਮ ’ਚ ਦੇਰੀ ਹੋਈ ਹੈ, ਜਦੋਂ ਕਿ ਮੌਜੂਦਾ ਸਮੇਂ ਕੰਮ ਪੂਰੀ ਰਫਤਾਰ ਨਾਲ ਚੱਲ ਰਿਹਾ ਹੈ ਅਤੇ ਇਸਨੂੰ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਚੱਲ ਰਹੇ ਕੰਮ ’ਚ ਦੇਰੀ ਹੋਣ ਸੰਬੰਧੀ ਕੰਮ ਕਰਵਾ ਰਹੇ ਠੇਕੇਦਾਰ ਨੂੰ ਵਿਭਾਗ ਵੱਲੋਂ ਪੱਤਰ ਵੀ ਜਾਰੀ ਕੀਤੇ ਹੋਏ ਹਨ।