ਪੰਜਾਬ 'ਚ ਸਰਬੱਤ ਦਾ ਭਲਾ ਟਰੱਸਟ ਦੀ ਵਿਆਹ ਯੋਜਨਾ; ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀਆਂ ਧੀਆਂ ਦਾ ਚੁੱਕਿਆ ਜ਼ਿੰਮਾ, 1.2 ਕਰੋੜ ਵੰਡੇ
ਡਾ. ਐੱਸਪੀ ਸਿੰਘ ਓਬਰਾਏ ਨੇ ਸਿਆਟਲ (ਅਮਰੀਕਾ) ਦੇ ਸੇਵਾਦਾਰਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉੱਥੋਂ ਦੇ ਸੇਵਾਦਾਰ ਇਸ ਪ੍ਰੋਜੈਕਟ ਵਿੱਚ ਵੱਧ-ਚੜ੍ਹ ਕੇ ਹਿੱਸਾ ਪਾ ਰਹੇ ਹਨ। ਦੱਖਣੀ-ਪੱਛਮੀ ਪੰਜਾਬ ਦੇ ਇੰਚਾਰਜ ਗੁਰਬਿੰਦਰ ਸਿੰਘ ਬਰਾੜ ਨੇ ਕਿਹਾ ਕਿ ਸਾਡੀਆਂ ਟੀਮਾਂ ਇਸ ਪ੍ਰੋਗਰਾਮ ਨੂੰ ਸਿਰੇ ਚਾੜ੍ਹਨ ਲਈ ਦਿਨ-ਰਾਤ ਮਿਹਨਤ ਕਰ ਰਹੀਆਂ ਹਨ।
Publish Date: Sat, 24 Jan 2026 02:42 PM (IST)
Updated Date: Sat, 24 Jan 2026 02:45 PM (IST)
ਜਾਗਰਣ ਸੰਵਾਦਦਾਤਾ, ਸ੍ਰੀ ਮੁਕਤਸਰ ਸਾਹਿਬ : 'ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ' ਵੱਲੋਂ ਮਨੁੱਖਤਾ ਦੀ ਭਲਾਈ ਲਈ ਡਾ. ਐੱਸਪੀ ਸਿੰਘ ਓਬਰਾਏ ਦੀ ਅਗਵਾਈ ਹੇਠ ਚਲਾਏ ਜਾ ਰਹੇ ਕਾਰਜਾਂ ਦੀ ਲੜੀ ਤਹਿਤ 'ਹੜ੍ਹ ਪ੍ਰਭਾਵਿਤ ਵਿਆਹ ਯੋਜਨਾ' (Flood Affected Marriage Scheme) ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਅਧੀਨ ਪੰਜਾਬ ਵਿੱਚ ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਦਾ ਖਰਚਾ ਟਰੱਸਟ ਵੱਲੋਂ ਚੁੱਕਣ ਦਾ ਫੈਸਲਾ ਕੀਤਾ ਗਿਆ ਹੈ। ਹਰੇਕ ਵਿਆਹੀ ਜਾਣ ਵਾਲੀ ਲੜਕੀ ਨੂੰ ਇੱਕ ਲੱਖ ਰੁਪਏ ਦਿੱਤੇ ਜਾਣਗੇ।
ਜ਼ਿਲ੍ਹਾ ਮੁਕਤਸਰ ਦੇ ਪ੍ਰਧਾਨ ਅਰਵਿੰਦਰ ਪਾਲ ਸਿੰਘ ਚਾਹਲ ਨੇ ਦੱਸਿਆ ਕਿ ਬੀਤੇ ਦਿਨੀਂ ਫਿਰੋਜ਼ਪੁਰ ਜ਼ਿਲ੍ਹੇ ਦੇ ਮੱਖੂ ਕਸਬੇ ਦੀਆਂ 21, ਤਰਨਤਾਰਨ ਦੀਆਂ 27 ਅਤੇ ਅੰਮ੍ਰਿਤਸਰ ਸਾਹਿਬ ਦੀਆਂ 8 ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀਆਂ ਲੜਕੀਆਂ ਨੂੰ ਇਕ-ਇਕ ਲੱਖ ਰੁਪਏ ਦੇ ਚੈੱਕ ਸੌਂਪੇ ਗਏ ਹਨ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਡਾ. ਓਬਰਾਏ ਅਨੁਸਾਰ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਲਈ ਤਿੰਨ ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਸਿਆਟਲ (ਅਮਰੀਕਾ) ਦੀ ਸਾਧ ਸੰਗਤ ਵੀ ਇਸ ਨੇਕ ਕਾਰਜ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ।
ਡਾ. ਐੱਸਪੀ ਸਿੰਘ ਓਬਰਾਏ ਨੇ ਸਿਆਟਲ (ਅਮਰੀਕਾ) ਦੇ ਸੇਵਾਦਾਰਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉੱਥੋਂ ਦੇ ਸੇਵਾਦਾਰ ਇਸ ਪ੍ਰੋਜੈਕਟ ਵਿੱਚ ਵੱਧ-ਚੜ੍ਹ ਕੇ ਹਿੱਸਾ ਪਾ ਰਹੇ ਹਨ। ਦੱਖਣੀ-ਪੱਛਮੀ ਪੰਜਾਬ ਦੇ ਇੰਚਾਰਜ ਗੁਰਬਿੰਦਰ ਸਿੰਘ ਬਰਾੜ ਨੇ ਕਿਹਾ ਕਿ ਸਾਡੀਆਂ ਟੀਮਾਂ ਇਸ ਪ੍ਰੋਗਰਾਮ ਨੂੰ ਸਿਰੇ ਚਾੜ੍ਹਨ ਲਈ ਦਿਨ-ਰਾਤ ਮਿਹਨਤ ਕਰ ਰਹੀਆਂ ਹਨ।
ਜ਼ਿਲ੍ਹਾ ਪ੍ਰਧਾਨ ਨੇ ਅੱਗੇ ਦੱਸਿਆ ਕਿ ਡਾ. ਓਬਰਾਏ ਦੇ ਕਹਿਣ ਮੁਤਾਬਕ, ਹੁਣ ਤਕ ਲਗਪਗ 120 ਲੜਕੀਆਂ ਦੇ ਵਿਆਹ ਲਈ ਇਕ ਕਰੋੜ ਵੀਹ ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ। ਸਹਾਇਤਾ ਪ੍ਰਾਪਤ ਕਰਨ ਤੋਂ ਬਾਅਦ ਲੜਕੀਆਂ ਦੇ ਪਰਿਵਾਰਾਂ ਨੇ ਡਾ. ਓਬਰਾਏ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟ੍ਰਸਟ ਯੂਨਿਟ ਮੁਕਤਸਰ ਦੀ ਸਮੁੱਚੀ ਸੇਵਾਦਾਰ ਟੀਮ ਹਾਜ਼ਰ ਸੀ।