ਮੀਂਹ ਨਾਲ ਸ੍ਰੀ ਮੁਕਤਸਰ ਸਾਹਿਬ ’ਚ ਜਲ ਥਲ ਲੋਕਾਂ ਨੂੰ ਗਰਮੀ ਤੋਂ ਰਾਹਤ
ਮੀਂਹ ਨਾਲ ਸ੍ਰੀ ਮੁਕਤਸਰ ਸਾਹਿਬ ’ਚ ਜਲ ਥਲ ਲੋਕਾਂ ਨੂੰ ਗਰਮੀ ਤੋਂ ਰਾਹਤ
Publish Date: Thu, 01 Aug 2024 04:10 PM (IST)
Updated Date: Fri, 02 Aug 2024 04:00 AM (IST)
ਮੀਂਹ ਨਾਲ ਸ੍ਰੀ ਮੁਕਤਸਰ ਸਾਹਿਬ ’ਚ ਜਲ ਥਲ ਲੋਕਾਂ ਨੂੰ ਗਰਮੀ ਤੋਂ ਰਾਹਤ
ਭੰਵਰਾ\ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪਿਛਲੇ ਦਿਨਾਂ ਤੋਂ ਹੁੰਮਸ ਭਰੀ ਗਰਮੀ ਕਾਰਨ ਲੋਕਾਂ ਦਾ ਜਿਉਣਾ ਮੁਹਾਲ ਹੋਇਆ ਪਿਆ ਸੀ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਬੀਤੇ ਦਿਨਾਂ ਤੋਂ ਬੱਦਲ ਤਾਂ ਛਾ ਜਾਂਦੇ ਪਰ ਮੀਂਹ ਨਹੀਂ ਪਿਆ ਸੀ ਜਿਸ ਕਾਰਨ ਝੋਨਾ ਵੀ ਪਾਣੀ ਬਿਨਾਂ ਸੁੱਕ ਰਿਹਾ ਸੀ। ਵੀਰਵਾਰ ਸਵੇਰ ਵੇਲੇ ਸ਼ੁਰੂ ਹੋਈ ਬਾਰਿਸ਼ ਦਿਨ ਭਰ ਰੁੱਕ ਰੁੱਕ ਕੇ ਪੈਂਦੀ ਰਹੀ ਜਿਸ ਨਾਲ ਲੋਕਾਂ ਨੇ ਹੁੰਮਸ ਭਰੀ ਗਰਮੀ ਤੋਂ ਕੁਝ ਰਾਹਤ ਮਹਿਸੂਸ ਕੀਤੀ। ਬੁੱਧਵਾਰ-ਵੀਰਵਾਰ ਦੀ ਦਰਮਿਆਨੀ ਰਾਤ ਨੂੰ ਆਸਮਾਨ ਚ ਬੱਦਲਵਾਈ ਹੋਣ ਤੋਂ ਬਾਅਦ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ। ਮੀਂਹ ਨੇ ਜਿੱਥੇ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਕਿਸਾਨਾਂ ਦੇ ਚਿਹਰਿਆਂ ’ਤੇ ਵੀ ਰੌਣਕ ਆ ਗਈ ਹੈ ਕਿਉਂਕਿ ਕਿਸਾਨਾਂ ਦੀ ਝੋਨੇ ਦੀ ਫ਼ਸਲ ਖੇਤਾਂ ’ਚ ਸੁੱਕ ਰਹੀ ਸੀ ਪਰ ਹੁਣ ਮੀਂਹ ਨਾਲ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ ਹੈ। ਸ਼ਹਿਰ ’ਚ ਭਰਿਆ ਮੀਂਹ ਦਾ ਪਾਣੀ ਓਧਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੀਂਹ ਸ਼ਹਿਰ ਵਾਸੀਆਂ ਲਈ ਮੁਸੀਬਤ ਦਾ ਸਬੱਬ ਬਣਿਆ। ਸ੍ਰੀ ਮੁਕਤਸਰ ਸਾਹਿਬ ਦੇ ਸ਼ੇਰ ਸਿੰਘ ਚੌਂਕ, ਕੋਟਕਪੂਰਾ ਰੋਡ, ਰੇਲਵੇ ਰੋਡ, ਬਿਜਲੀ ਵਾਲਾ ਖੂਹ, ਸਦਰ ਬਾਜ਼ਾਰ, ਘਾਹ ਮੰਡੀ ਚੌਕ, ਬਠਿੰਡਾ ਰੋਡ, ਬੁੱਡਾ ਗੁੱਜ਼ਰ ਰੋਡ, ਮਸਤੀ ਵਾਲਾ ਚੌਂਕ, ਮਲੋਟ ਰੋਡ, ਅਬੋਹਰ ਰੋਡ, ਜਲਾਲਾਬਾਦ ਰੋਡ, ਕੋਟਲੀ ਰੋਡ ਤੇ ਹੋਰ ਥਾਵਾਂ ’ਤੇ ਮੀਂਹ ਦਾ ਪਾਣੀ ਇਕੱਠਾ ਹੋ ਗਿਆ ਤੇ ਇੱਥੋਂ ਲੰਘਣ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੀਵਰੇਜ ਦੀ ਸਫ਼ਾਈ ਨਾ ਹੋਣ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ’ਚ ਢਾਈ ਤੋਂ ਤਿੰਨ ਫੁੱਟ ਪਾਣੀ ਜਮ੍ਹਾਂ ਹੋ ਗਿਆ। ਸ਼ਹਿਰ ਦੇ ਨੀਵੇਂ ਇਲਾਕਿਆਂ ’ਚ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ’ਚ ਵੜ ਗਿਆ। ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ ਮੁਕਤਸਰ ’ਚ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਸ਼ਹਿਰ ਵਾਸੀ ਹਰ ਰੋਜ਼ ਧਰਨੇ ਦੇ ਰਹੇ ਹਨ ਪਰ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਡੀਸੀ ਹਰਪ੍ਰੀਤ ਸੂਦਨ ਨੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਸੀਵਰੇਜ ਲਾਈਨਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮਲੋਟ, ਗਿੱਦੜਬਾਹਾ, ਮੰਡੀ ਲੱਖੇਵਾਲੀ, ਮੰਡੀ ਬਰੀਵਾਲਾ ਤੇ ਪੰਨੀਵਾਲਾ ਫੱਤਾ ’ਚ ਵੀ ਭਾਰੀ ਮੀਂਹ ਪਿਆ ਜੋ ਕਿ ਫਸਲਾਂ ਲਈ ਲਾਹੇਵੰਦਾ ਰਹੇਗਾ। ਲੋਕਾਂ ਨੇ ਲਿਆ ਸੁੱਖ ਦਾ ਸਾਹ ਸ੍ਰੀ ਮੁਕਤਸਰ ਸਾਹਿਬ ’ਚ ਹੁਣ ਤੱਕ ਦੋ ਵਾਰ ਮੀਂਹ ਪੈਣ ਕਾਰਨ ਲੋਕ ਗਰਮੀ ਤੋਂ ਪ੍ਰੇਸ਼ਾਨ ਹਨ। ਹੁੰਮਸ ਕਾਰਨ ਪਸੀਨਾ ਆ ਰਿਹਾ ਸੀ। ਇਸ ਦੇ ਨਾਲ ਹੀ ਲੋਕ ਭਿਆਨਕ ਬਿਮਾਰੀਆਂ ਸਮੇਤ ਹੋਰ ਵਾਇਰਲ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਸਨ ਪਰ ਅਗਸਤ ਦੇ ਪਹਿਲੇ ਹੀ ਦਿਨ ਅਸਮਾਨ ਤੋਂ ਰਾਹਤ ਦੀ ਵਰਖਾ ਹੋਈ। ਤਿੰਨ ਹਫ਼ਤਿਆਂ ਬਾਅਦ ਅਸਮਾਨ ਤੋਂ ਪਏ ਮੀਂਹ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ। ਮੀਂਹ ਤੋਂ ਬਾਅਦ ਲੋਕਾਂ ਨੂੰ ਗਰਮੀ ਦੇ ਨਾਲ-ਨਾਲ ਵਾਇਰਲ ਬਿਮਾਰੀਆਂ ਤੋਂ ਵੀ ਰਾਹਤ ਮਿਲੇਗੀ। ਝੋਨੇ ਦੀ ਫਸਲ ਲਈ ਲਾਹੇਵੰਦ ਰਹੇਗਾ ਮੀਂਹ ਜ਼ਿਲ੍ਹੇ ’ਚ 1.97 ਲੱਖ ਹੈਕਟੇਅਰ ਰਕਬੇ ’ਚ ਝੋਨੇ ਦੀ ਕਾਸ਼ਤ ਕੀਤੀ ਗਈ ਹੈ ਪਰ ਪਿਛਲੇ ਤਿੰਨ ਹਫ਼ਤਿਆਂ ਤੋਂ ਮੀਂਹ ਨਾ ਪੈਣ ਕਾਰਨ ਝੋਨਾ ਸੁੱਕ ਰਿਹਾ ਸੀ ਕਿਉਂਕਿ ਬਿਜਲੀ ਦੇ ਕੱਟਾਂ ਕਾਰਨ ਫਸਲਾਂ ਨੂੰ ਪੂਰਾ ਪਾਣੀ ਨਹੀਂ ਮਿਲ ਰਿਹਾ ਸੀ ਜਿਸ ਕਾਰਨ ਕਿਸਾਨਾਂ ਨੂੰ ਬਹੁਤ ਚਿੰਤਾ ਸੀ ਕਿ ਕਿਤੇ ਪਾਣੀ ਨਾ ਮਿਲਣ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਖ਼ਰਾਬ ਹੋ ਜਾਣ। ਪਰ ਵੀਰਵਾਰ ਨੂੰ ਪਏ ਮੀਂਹ ਕਾਰਨ ਖੇਤਾਂ ’ਚ ਪਾਣੀ ਭਰ ਗਿਆ ਤੇ ਕਿਸਾਨਾਂ ਨੇ ਕੁਝ ਰਾਹਤ ਮਹਿਸੂਸ ਕੀਤੀ। ਖੇਤੀਬਾੜੀ ਅਫ਼ਸਰ ਗੁਰਨਾਮ ਸਿੰਘ ਅਨੁਸਾਰ ਇਹ ਮੀਂਹ ਝੋਨੇ ਦੀ ਫ਼ਸਲ ਲਈ ਬਹੁਤ ਲਾਹੇਵੰਦ ਹੋਵੇਗਾ ਕਿਉਂਕਿ ਪਾਣੀ ਤੋਂ ਬਿਨਾਂ ਫ਼ਸਲ ਸੁੱਕ ਰਹੀ ਸੀ। ਤਾਪਮਾਨ ’ਚ ਆਈ ਗਿਰਾਵਟ ਮੌਸਮ ਵਿਭਾਗ ਨੇ ਇੱਕ ਹਫ਼ਤੇ ਤੱਕ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ। ਹਾਲਾਂਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ 32.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਜਦਕਿ ਮੀਂਹ ਲਗਾਤਾਰ ਜਾਰੀ ਹੈ। ਮੀਂਹ ਕਾਰਨ ਤਾਪਮਾਨ 10 ਡਿਗਰੀ ਸੈਲਸੀਅਸ ਹੇਠਾਂ ਆ ਗਿਆ। ਦੱਸ ਦੇਈਏ ਕਿ ਬੀਤੇ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 38 ਤੇ ਘੱਟੋ-ਘੱਟ 27 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ ਸੀ ਪਰ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 28 ਤੇ ਘੱਟੋ-ਘੱਟ 26 ਡਿਗਰੀ ਸੈਲਸੀਅਸ ਦਰਜ਼ ਕੀਤਾ ਗਿਆ। ਤਸਵੀਰ : 01ਐਮਕੇਟੀ07,12,14 ਸ੍ਰੀ ਮੁਕਤਸਰ ਸਾਹਿਬ ’ਚ ਭਰਿਆ ਮੀਂਹ ਦਾ ਪਾਣੀ। ਮੀਂਹ ਦੇ ਪਾਣੀ ’ਚੋਂ ਲੰਘਦੇ ਹੋਏ ਵਹੀਕਲ। ਲੋਕਾਂ ਦੇ ਘਰਾਂ ’ਚ ਵੜਿਆ ਹੋਇਆ ਮੀਂਹ ਦਾ ਪਾਣੀ।