ਵਣ ਵਿਭਾਗ ਦੇ ਦਫ਼ਤਰ ਅੱਗੇ ਰੇਂਜ ਅਫ਼ਸਰਾਂ ਤੇ ਕਰਮਚਾਰੀਆਂ ਵੱਲੋਂ ਧਰਨਾ
ਵਣ ਵਿਭਾਗ ਦੇ ਦਫ਼ਤਰ ਮੂਹਰੇ ਰੇਂਜ ਅਫ਼ਸਰਾਂ ਤੇ ਕਰਮਚਾਰੀਆਂ ਵੱਲੋਂ ਧਰਨਾ
Publish Date: Thu, 25 Jun 2026 08:25 PM (IST)
Updated Date: Thu, 25 Jun 2026 08:28 PM (IST)

- ਡੀਐੱਫਓ ’ਤੇ ਮਹਿਲਾ ਮੁਲਾਜ਼ਮਾਂ ਨਾਲ ਬਦਸਲੂਕੀ ਦੇ ਦੋਸ਼ ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਦੇ ਵਣ ਵਿਭਾਗ ਦਫ਼ਤਰ ’ਚ ਰੇਂਜ ਅਫ਼ਸਰਾਂ ਅਤੇ ਕਰਮਚਾਰੀਆਂ ਵੱਲੋਂ ਡੀਐੱਫਓ (ਜ਼ਿਲ੍ਹਾ ਵਣ ਅਫ਼ਸਰ) ਖ਼ਿਲਾਫ਼ ਧਰਨਾ ਦੇ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਮੁਲਾਜ਼ਮਾਂ ਨੇ ਡੀਐੱਫਓ ’ਤੇ ਬਦਸਲੂਕੀ, ਗਾਲੀ-ਗਲੋਚ ਅਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਡੀਐੱਫਓ ਲੰਬੇ ਸਮੇਂ ਤੋਂ ਮੁਲਾਜ਼ਮਾਂ ਨਾਲ ਭੱਦੀ ਭਾਸ਼ਾ ’ਚ ਗੱਲ ਕਰਦੇ ਹਨ ਅਤੇ ਬਿਨਾਂ ਵਜ੍ਹਾ ਚਿੱਠੀਆਂ (ਨੋਟਿਸ) ਜਾਰੀ ਕਰ ਕੇ ਦਬਾਅ ਬਣਾਉਂਦੇ ਹਨ, ਜਿਸ ਕਾਰਨ ਕਈ ਕਰਮਚਾਰੀ ਮਾਨਸਿਕ ਤਣਾਅ ’ਚ ਕੰਮ ਕਰਨ ਲਈ ਮਜਬੂਰ ਹਨ। ਮਹਿਲਾ ਮੁਲਾਜ਼ਮਾਂ ਨੇ ਵੀ ਡੀਐੱਫਓ ’ਤੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਮੀਟਿੰਗਾਂ ਦੌਰਾਨ ਉਨ੍ਹਾਂ ਦੇ ਪਹਿਰਾਵੇ, ਸਰੀਰਕ ਬਣਤਰ ਅਤੇ ਨਿੱਜੀ ਜ਼ਿੰਦਗੀ ’ਤੇ ਟਿੱਪਣੀਆਂ ਕੀਤੀਆਂ ਜਾਂਦੀਆਂ ਸਨ। ਇਸਤੋਂ ਇਲਾਵਾ, ਬਿਨਾਂ ਕਿਸੇ ਲੋੜ ਦੇ ਉਨ੍ਹਾਂ ਨੂੰ ਵੱਖ-ਵੱਖ ਦਫ਼ਤਰਾਂ ’ਚ ਸਪੱਸ਼ਟੀਕਰਨ ਦੇਣ ਲਈ ਬੁਲਾਇਆ ਜਾਂਦਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਬੇਹੱਦ ਪ੍ਰੇਸ਼ਾਨ ਰਹੀਆਂ। ਯੂਨੀਅਨ ਆਗੂਆਂ ਦਾ ਦਾਅਵਾ ਹੈ ਕਿ ਇਸ ਮਾਮਲੇ ਦੀ ਸ਼ਿਕਾਇਤ ਮੰਤਰੀਆਂ, ਵਿਧਾਇਕਾਂ ਅਤੇ ਉੱਚ ਅਧਿਕਾਰੀਆਂ ਨੂੰ ਵੀ ਕੀਤੀ ਗਈ ਹੈ, ਪਰ ਹੁਣ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਕਰਮਚਾਰੀਆਂ ਦੀ ਮੰਗ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਦੋਸ਼ੀ ਅਧਿਕਾਰੀ ਖ਼ਿਲਾਫ਼ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਦੂਜੇ ਪਾਸੇ ਡੀਐੱਫਓ ਅੰਮ੍ਰਿਤਪਾਲ ਸਿੰਘ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਮੁਲਾਜ਼ਮ ਉਨ੍ਹਾਂ ਲਈ ਧੀਆਂ ਵਰਗੀਆਂ ਹਨ ਅਤੇ ਉਨ੍ਹਾਂ ਨੇ ਕਦੇ ਵੀ ਕਿਸੇ ਨਾਲ ਗਲਤ ਵਿਵਹਾਰ ਨਹੀਂ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵਣ ਵਿਭਾਗ ’ਚ ਨਾਜਾਇਜ਼ ਕਟਾਈ ਅਤੇ ਗਲਤ ਸਰਗਰਮੀਆਂ ਨੂੰ ਰੋਕਣ ਲਈ ਸਖ਼ਤੀ ਵਰਤ ਰਹੇ ਹਨ, ਜਿਸ ਕਾਰਨ ਕੁਝ ਲੋਕ ਉਨ੍ਹਾਂ ਖ਼ਿਲਾਫ਼ ਅਜਿਹਾ ਮਾਹੌਲ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ, ਇਸੇ ਲਈ ਕੁਝ ਕਰਮਚਾਰੀ ਨਾਰਾਜ਼ ਹਨ। ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਹੈ ਕਿ ਜਿੰਨਾ ਚਿਰ ਡੀਐੱਫਓ ਦਾ ਤਬਾਦਲਾ ਨਹੀਂ ਹੁੰਦਾ ਅਤੇ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤੱਕ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ।