ਰਾਜਨੀਤਿਕ ਕਲਾਬਾਜ਼ੀਆਂ ਤੋਂ ਪ੍ਰਹੇਜ਼ ਕਰ ਕੇ-2027 ’ਚ ਚੰਗੇ ਉਮੀਦਵਾਰਾਂ ਨੂੰ ਚੁਣੇ ਪੰਜਾਬ : ਗੁਰਦਾਸ ਗਿਰਧਰ
ਰਾਜਨੀਤਿਕ ਕਲਾਬਾਜ਼ੀਆਂ ਤੋਂ ਪ੍ਰਹੇਜ਼ ਕਰਕੇ 2027 ’ਚ ਚੰਗੇ ਉਮੀਦਵਾਰਾਂ ਨੂੰ ਚੁਣੇ ਪੰਜਾਬ : ਗੁਰਦਾਸ ਗਿਰਧਰ
Publish Date: Thu, 25 Jun 2026 04:57 PM (IST)
Updated Date: Thu, 25 Jun 2026 04:58 PM (IST)

- ਢੋਲ-ਢਮੱਕਿਆਂ ਤੇ ਅਸਥਾਈ ਵਾਅਦਿਆਂ ਦੀ ਬਜਾਏ ਇਮਾਨਦਾਰੀ ਤੇ ਲੋਕ-ਪੱਖੀ ਸੋਚ ਨੂੰ ਪਰਖਣ ਦਾ ਸਮਾਂ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਸੁਤੰਤਰਤਾ ਸੰਗਰਾਮੀ ਪਰਿਵਾਰ ਦੇ ਵਾਰਿਸ ਗੁਰਦਾਸ ਗਿਰਧਰ ਨੇ ਸੂਬੇ ਦੇ ਸਿਆਸੀ ਹਾਲਾਤ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਹੁਣ ਉਹ ਸਮਾਂ ਆ ਗਿਆ ਹੈ, ਜਦੋਂ ਪੰਜਾਬ ਨੂੰ ਵੱਖ-ਵੱਖ ਤਰ੍ਹਾਂ ਦੀਆਂ ਰਾਜਨੀਤਿਕ ਕਲਾਬਾਜ਼ੀਆਂ ਤੋਂ ਮੁਕਤ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਸੂਬੇ ਨੂੰ ਵੱਧ ਤੋਂ ਵੱਧ ਇਮਾਨਦਾਰ, ਸੇਵਾ ਭਾਵਨਾ ਵਾਲੇ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਆਪਣੀਆਂ ਮੁਸ਼ਕਿਲਾਂ ਸਮਝਣ ਵਾਲੇ ਉਮੀਦਵਾਰਾਂ ਦੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਦੇਸ਼ ਅਤੇ ਸੂਬੇ ਪ੍ਰਤੀ ਵਫ਼ਾਦਾਰ, ਧਰਮ-ਨਿਰਪੱਖ ਅਤੇ ਲੋਕ-ਪੱਖੀ ਪਾਰਟੀਆਂ ਦਾ ਸਾਥ ਦੇਣ ਨੂੰ ਸਮੇਂ ਦੀ ਮੁੱਖ ਪੁਕਾਰ ਦੱਸਿਆ। ਇਸ ਮੌਕੇ ਗੁਰਦਾਸ ਗਿਰਧਰ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਚੋਣਾਂ ਦੌਰਾਨ ਹੁੰਦੇ ਢੋਲ-ਢਮੱਕਿਆਂ, ਦਿਖਾਵਿਆਂ ਅਤੇ ਅਸਥਾਈ ਲਾਭਾਂ ਵਾਲੇ ਵਾਅਦਿਆਂ ਤੇ ਯਕੀਨ ਨਾ ਕਰਦੇ ਹੋਏ, ਬਹੁਤ ਸੋਚ-ਸਮਝ ਕੇ ਆਪਣੀ ਕੀਮਤੀ ਮੱਤ (ਵੋਟ) ਦਾ ਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਖ਼ੁਦਗਰਜ਼ ਲੋਕਾਂ ਤੋਂ ਸਾਵਧਾਨ ਰਹਿਣ ਦੀ ਬੇਹੱਦ ਲੋੜ ਹੈ ਜੋ ਸਿਰਫ਼ ਆਪਣੇ ਨਿੱਜੀ ਹਿੱਤਾਂ ਅਤੇ ਧਨ ਇਕੱਠਾ ਕਰਨ ਦੇ ਨਿਸ਼ਾਨੇ ਨਾਲ ਰਾਜਨੀਤੀ ’ਚ ਆਉਂਦੇ ਹਨ। ਪੰਜਾਬ ਦੇ ਸੁਨਹਿਰੀ ਭਵਿੱਖ ਲਈ ਵਿਧਾਨ ਸਭਾ ਵਿੱਚ ਅਜਿਹੇ 117 ਮੈਂਬਰ ਭੇਜਣੇ ਹੋਣਗੇ ਜੋ ਨਿਰੋਲ ਲੋਕ-ਸੇਵਾ ਨੂੰ ਸਮਰਪਿਤ ਹੋਣ। ਸੂਬੇ ਦੇ ਅਸਲ ਮੁੱਦਿਆਂ ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਬੇਰੁਜ਼ਗਾਰੀ ਖ਼ਤਮ ਕਰਨ ਲਈ ਛੋਟੇ ਅਤੇ ਵੱਡੇ ਕਾਰਖਾਨੇ ਲਗਾ ਕੇ ਇਸ ਨੂੰ ਇੰਡਸਟਰੀ ਪ੍ਰਧਾਨ ਸੂਬਾ ਬਣਾਉਣ ਦੀ ਲੋੜ ਹੈ। ਇਸ ਦੇ ਨਾਲ ਹੀ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣਾ ਅਤੇ ਗਰੀਬ ਪਰਿਵਾਰਾਂ ਵਾਸਤੇ ਵਿਸ਼ੇਸ਼ ਸਹੂਲਤਾਂ ਦਾ ਪ੍ਰਬੰਧ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸਾਡੇ ਪੰਜਾਬੀ ਬੱਚਿਆਂ ’ਚ ਹੁਨਰ (ਟੈਲੇਟ) ਦੀ ਕੋਈ ਕਮੀ ਨਹੀਂ ਹੈ, ਪ੍ਰੰਤੂ ਇੱਥੇ ਢੁਕਵੇਂ ਮੌਕੇ ਨਾ ਮਿਲਣ ਕਾਰਨ ਉਨ੍ਹਾਂ ਨੂੰ ਮਜ਼ਬੂਰਨ ਰੁਜ਼ਗਾਰ ਦੀ ਭਾਲ ’ਚ ਬਾਹਰਲੇ ਦੇਸ਼ਾਂ ਵੱਲ ਰੁਖ਼ ਕਰਨਾ ਪੈ ਰਿਹਾ ਹੈ, ਜਿੱਥੇ ਜਾ ਕੇ ਜ਼ਿਆਦਾਤਰ ਨੌਜਵਾਨਾਂ ਦਾ ਤਜ਼ਰਬਾ ਠੀਕ ਨਹੀਂ ਰਿਹਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਅਸੀਂ ਪੰਜਾਬ ਦੇ ਨੌਜਵਾਨਾਂ ਅਤੇ ਕਿਸਾਨਾਂ ਦਾ ਭਵਿੱਖ ਬਚਾਉਣਾ ਹੈ, ਤਾਂ ਸਾਨੂੰ ਚੋਣਾਂ ਦੇ ਮੌਕੇ ਨੂੰ ਇੱਕ ਵੱਡੇ ਬਦਲਾਅ ਦੇ ਮੰਤਵ ਵਜੋਂ ਅਪਣਾਉਣਾ ਪਵੇਗਾ।