ਪਿੰਡ ਬੁਰਜ ਸਿਧਵਾਂ ’ਚ ਨਾਲਿਆਂ ਤੇ ਖਾਲਾਂ ਦੀ ਮਾੜੀ ਹਾਲਤ
ਪਿੰਡ ਬੁਰਜ ਸਿਧਵਾਂ ’ਚ ਨਾਲਿਆਂ ਤੇ ਖਾਲਾਂ ਦੀ ਮਾੜੀ ਹਾਲਤ
Publish Date: Wed, 24 Jun 2026 05:32 PM (IST)
Updated Date: Wed, 24 Jun 2026 05:34 PM (IST)

ਚੇਤਨ ਭੂਰਾ, ਪੰਜਾਬੀ ਜਾਗਰਣ ਲੰਬੀ : ਹਲਕਾ ਲੰਬੀ ਦੇ ਪਿੰਡ ਬੁਰਜ ਸਿਧਵਾਂ ਵਿਖੇ ਬਐਂਡਆਰ ਵਿਭਾਗ ਦੇ ਅਧੀਨ ਆਉਂਦੀ ਫਿਰਨੀ ਦੇ ਨਾਲ ਬਣਾਏ ਗਏ ਨਿਕਾਸੀ ਨਾਲੇ ਅਤੇ ਖਾਲਾਂ ਦੀ ਹਾਲਤ ਬੇਹੱਦ ਖ਼ਸਤਾ ਬਣੀ ਹੋਈ ਹੈ। ਮਹਿਜ਼ ਦੋ ਮਹੀਨੇ ਪਹਿਲਾਂ ਬਣਿਆ ਇਹ ਨਿਕਾਸੀ ਨਾਲਾ ਹੁਣ ਤੱਕ ਤਿੰਨ ਵਾਰ ਟੁੱਟ ਚੁੱਕਾ ਹੈ, ਜਿਸ ਕਾਰਨ ਪਿੰਡ ਵਾਸੀਆਂ ’ਚ ਪ੍ਰਸ਼ਾਸਨ ਅਤੇ ਠੇਕੇਦਾਰ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡ ਦੇ ਮੌਜੂਦਾ ਪੰਚਾਇਤ ਮੈਂਬਰ ਅਤੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਦਿਆਂ ਇਸ ਮਾਮਲੇ ਦੀ ਵਿਜੀਲੈਂਸ ਰਾਹੀਂ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਘਟੀਆ ਮਟੀਰੀਅਲ ਦੀ ਵਰਤੋਂ ਤੇ ਨਿਯਮਾਂ ਦੀ ਉਲੰਘਣਾ ਦੇ ਦੋਸ਼ ਪਿੰਡ ਵਾਸੀਆਂ ਕੁਲਵਿੰਦਰ ਸਿੰਘ ਸੰਧਾ, ਲਖਮੀਰ ਸਿੰਘ ਝੰਡ, ਹਰਵਿੰਦਰ ਸਿੰਘ ਜੰਮੂ, ਮਨਜੀਤ ਸਿੰਘ ਸੰਧਾ, ਕਰਨ ਸੰਧਾ, ਕਿੰਦਰ ਜੋਸਨ, ਸਤਵਿੰਦਰ ਸਿੰਘ ਜੰਮੂ, ਨਵਦੀਪ ਸਿੰਘ ਨੰਬਰਦਾਰ, ਜਗਜੀਤ ਸਿੰਘ ਸ਼ਾਹ, ਸੁਖਜਿੰਦਰ ਪਾਲ ਸਿੰਘ ਜੰਮੂ ਅਤੇ ਮੈਂਬਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਪ੍ਰਪੋਜ਼ਲ ਮੁਤਾਬਕ ਖਾਲ ਬਣਾ ਕੇ ਉਸ ਦੇ ਆਲੇ-ਦੁਆਲੇ ਮਿੱਟੀ ਪਾ ਕੇ ਲਾਕ ਟਾਈਲਾਂ ਲਗਾਈਆਂ ਜਾਣੀਆਂ ਸਨ। ਪਰ ਠੇਕੇਦਾਰ ਵੱਲੋਂ ਨਾ ਤਾਂ ਮਿੱਟੀ ਪਾਈ ਗਈ ਅਤੇ ਨਾ ਹੀ ਲਾਕ ਟਾਈਲਾਂ ਲਗਾਈਆਂ ਗਈਆਂ। ਸੁਖਜਿੰਦਰ ਪਾਲ ਸਿੰਘ ਨੇ ਦੋਸ਼ ਲਾਇਆ ਕਿ ਦੋ ਕਿੱਲੇ ਲੰਮੇ ਇਸ ਖਾਲ ਦੇ ਨਿਰਮਾਣ ’ਚ ਨਿਰੀ ਮਿੱਟੀ-ਰੇਤ ਦੀ ਵਰਤੋਂ ਕੀਤੀ ਗਈ ਹੈ। ਹੇਠਲੇ ਰੱਦਿਆਂ (ਵਾਰਾਂ) ’ਚ ਸੀਮੈਂਟ ਦਾ ਨਾਮੋ-ਨਿਸ਼ਾਨ ਤੱਕ ਨਹੀਂ ਹੈ, ਬੱਸ ਉੱਤੋਂ-ਉੱਤੋਂ ਮਾੜਾ-ਮੋਟਾ ਸੀਮੈਂਟ ਲਗਾ ਕੇ ਕੰਮ ਸਾਰ ਦਿੱਤਾ ਗਿਆ। ਇਸਤੋਂ ਇਲਾਵਾ, ਪੁਲੀਆਂ ਦੇ ਨਿਰਮਾਣ ਵੇਲੇ ਵੀ ਵਧੀਆ ਰੇਤੇ ਦੀ ਬਜਾਏ ਟਿੱਬਿਆਂ ਦੀ ਛਾਣੀ ਹੋਈ ਕੱਕੀ ਮਿੱਟੀ ਅਤੇ ਨਹਿਰ ਦੀ ਮਿੱਟੀ ਵਾਲੀ ਰੇਤ ਵਰਤੀ ਗਈ। ਮਾਮੂਲੀ ਜਿਹੇ ਮੀਂਹ ਨਾਲ ਹੀ ਖਾਲ ਦੀ ਪੱਕੀ ਕੰਧ ਢਹਿ-ਢੇਰੀ ਹੋ ਗਈ। ਘਰਾਂ ਤੇ ਧਾਰਮਿਕ ਸਥਾਨਾਂ ਅੱਗੇ ਖੜ੍ਹਾ ਗੰਦਾ ਪਾਣੀ ਪਿੰਡ ਵਾਸੀਆਂ ਨੇ ਦੱਸਿਆ ਕਿ ਖਾਲ ਟੁੱਟੇ ਨੂੰ 15 ਦਿਨ ਬੀਤ ਚੁੱਕੇ ਹਨ, ਪਰ ਅਜੇ ਤੱਕ ਨਾ ਤਾਂ ਵਿਭਾਗ ਦਾ ਕੋਈ ਅਧਿਕਾਰੀ ਅਤੇ ਨਾ ਹੀ ਕੋਈ ਠੇਕੇਦਾਰ ਸਾਰ ਲੈਣ ਆਇਆ ਹੈ। ਨਿਕਾਸੀ ਨਾ ਹੋਣ ਕਾਰਨ ਪੂਰੇ ਪਿੰਡ ਦਾ ਸੀਵਰੇਜ ਅਤੇ ਗੰਦਾ ਪਾਣੀ ਲੋਕਾਂ ਦੇ ਘਰਾਂ ਦੀਆਂ ਨੀਹਾਂ ’ਚ ਜਾ ਰਿਹਾ ਹੈ। ਇੱਥੋਂ ਤੱਕ ਕਿ ਪਿੰਡ ਦੇ ਗੁਰੂ ਘਰ ਦੇ ਅੱਗੇ ਵੀ ਗੰਦਗੀ ਦਾ ਆਲਮ ਬਣਿਆ ਹੋਇਆ ਹੈ। ਗੰਦੇ ਪਾਣੀ ਦੇ ਖੜ੍ਹਨ ਨਾਲ ਪਿੰਡ ਵਿੱਚ ਮੱਛਰਾਂ ਦੀ ਭਰਮਾਰ ਹੋ ਗਈ ਹੈ ਅਤੇ ਮਹਾਂਮਾਰੀ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਲੋਕਾਂ ਦੇ ਟੈਕਸ ਦੇ ਪੈਸੇ ਦੀ ਹੋ ਰਹੀ ਲੁੱਟ ਬਲਜਿੰਦਰ ਸਿੰਘ ਪੰਚਾਇਤ ਮੈਂਬਰ ਨੇ ਕਿਹਾ ਕਿ ਇਹ ਕੰਧ ਇੱਕ ਮਹੀਨਾ ਪਹਿਲਾਂ ਵੀ ਡਿੱਗੀ ਸੀ। ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਨਾ ਤਾਂ ਸਰਪੰਚ ਦੀ ਸੁਣੀ ਗਈ ਅਤੇ ਨਾ ਹੀ ਪਬਲਿਕ ਦੀ। ਜਨਤਾ ਦੇ ਟੈਕਸ ਦੇ ਪੈਸੇ ਨੂੰ ਰਲ-ਮਿਲ ਕੇ ਖੁਰਦ-ਬੁਰਦ ਕੀਤਾ ਜਾ ਰਿਹਾ ਹੈ। ਸਾਡੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਵਿਜੀਲੈਂਸ ਰਾਹੀਂ ਇਸ ਦੀ ਚੈਕਿੰਗ ਕਰਵਾਈ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। 15 ਦਿਨਾਂ ’ਚ ਦੁਬਾਰਾ ਬਣਾਉਣ ਦਾ ਭਰੋਸਾ ਦੂਜੇ ਪਾਸੇ, ਜਦੋਂ ਇਸ ਸਬੰਧੀ ਸਬੰਧਿਤ ਮਹਿਕਮੇ ਦੇ ਜੇਈ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕੈਮਰੇ ਦੇ ਸਾਹਮਣੇ ਆਉਣ ਤੋਂ ਗੁਰੇਜ਼ ਕਰਦਿਆਂ ਕਿਹਾ ਕਿ ਇਹ ਕੰਮ ਪਹਿਲਾਂ ਤੋਂ ਬਣੇ ਹੋਏ ਖਾਲ ਨੂੰ ਉੱਪਰੋਂ ਹੀ ਦੁਬਾਰਾ ਬਣਾਉਣ ਦਾ ਸੀ। ਉਨ੍ਹਾਂ ਪਿੰਡ ਵਾਸੀਆਂ ਤੇ ਅਸਹਿਯੋਗ ਦਾ ਆਰੋਪ ਲਾਉਂਦਿਆਂ ਕਿਹਾ ਕਿ ਲੋਕ ਪਾਣੀ ਬੰਦ ਨਹੀਂ ਕਰਦੇ, ਜਿਸ ਕਾਰਨ ਥੱਲਿਓਂ ਬੈੱਡ (ਨੀਂਹ) ਤੋਂ ਨਿਰਮਾਣ ਕਰਨਾ ਅਸੰਭਵ ਹੋ ਜਾਂਦਾ ਹੈ। ਹਾਲਾਂਕਿ, ਉਨ੍ਹਾਂ ਭਰੋਸਾ ਦਿਵਾਇਆ ਕਿ ਵਿਭਾਗ ਵੱਲੋਂ ਇਸ ਨੂੰ ਅਗਲੇ 15 ਦਿਨਾਂ ਦੇ ਅੰਦਰ-ਅੰਦਰ ਦੁਬਾਰਾ ਠੀਕ ਕਰਕੇ ਬਣਾ ਦਿੱਤਾ ਜਾਵੇਗਾ।