ਪੁਲਿਸ ਨੇ ਗੁੰਮ ਹੋਏ ਕਰੀਬ 150 ਮੋਬਾਈਲ ਕੀਤੇ ਟਰੇਸ
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਪਬਲਿਕ ਦੇ ਗੁੰਮ ਹੋਏ ਕਰੀਬ 150 ਮੋਬਾਇਲ ਫੋਨ ਕੀਤੇ ਟਰੇਸ
Publish Date: Thu, 18 Jun 2026 04:13 PM (IST)
Updated Date: Thu, 18 Jun 2026 04:15 PM (IST)

- ਪੁਲਿਸ ਵੱਲੋਂ ਮੋਬਾਈਲ ਮਾਲਕਾਂ ਨੂੰ ਸੌਂਪੇ ਗਏ ਟਰੇਸ ਕੀਤੇ ਫੋਨ ਭੰਵਰਾ/ਗਿੱਲ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਐੱਸਐੱਸਪੀ ਅਭਿਮੰਨਿਊ ਰਾਣਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿੱਥੇ ਜ਼ਿਲ੍ਹੇ ਅੰਦਰ ਪਬਲਿਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ, ਮਾੜੇ/ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ, ਨਸ਼ੇ ਦਾ ਖਾਤਮਾ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਆਮ ਪਬਲਿਕ ਨੂੰ ਆਧੁਨਿਕ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਵੀ ਕੀਤੇ ਜਾ ਰਹੇ ਹਨ। ਸੀਈਆਈਆਰ ਪੋਰਟਲ ਦੀ ਮੱਦਦ ਨਾਲ ਪਬਲਿਕ ਦੇ ਗੁੰਮ ਹੋਏ ਕਰੀਬ 150 ਮੋਬਾਇਲ ਫੋਨ ਟਰੇਸ ਕਰ ਕੇ ਜ਼ਿਲ੍ਹਾ ਪੁਲਿਸ ਮੁੱਖੀ ਦੀ ਨਿਗਰਾਨੀ ਹੇਠ ਹਰਜੀਤ ਸਿੰਘ ਡੀਐੱਸਪੀ ਵੱਲੋਂ ਫੋਨ ਮਾਲਕਾਂ ਨੂੰ ਸੌਂਪੇ ਗਏ। ਇਸ ਮੌਕੇ ਐੱਸਆਈ ਰਜਨੀ ਬਾਲਾ ਇੰਚਾਰਜ ਟੈਕਨੀਕਲ ਸੈੱਲ ਉਨਾਂ ਦੀ ਟੀਮ ਹਾਜ਼ਰ ਸੀ। ਇਸ ਮੌਕੇ ਐੱਸਐੱਸਪੀ ਅਭਿਮੰਨਿਊ ਰਾਣਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਤੇ ਪਿਛਲੇ ਸਮੇਂ ਦੌਰਾਨ ਮੋਬਾਈਲ ਗੁੰਮ ਹੋਣ ਬਾਰੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਸ਼ਿਕਾਇਤਾਂ ਮਿਲੀਆਂ ਸਨ। ਇਨ੍ਹਾਂ ਸ਼ਿਕਾਇਤਾਂ ’ਤੇ ਕਾਰਵਾਈ ਕਰਦੇ ਹੋਏ ਟੈਕਨੀਕਲ ਟੀਮ ਵੱਲੋਂ ਇਨ੍ਹਾਂ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਸੀਆਈਈਆਰ ਪੋਰਟਲ ’ਤੇ ਟਰੇਸਿੰਗ ’ਤੇ ਲਗਾਇਆ ਗਿਆ ਸੀ, ਜਿਸ ’ਤੇ 150 ਮੋਬਾਈਲ ਫੋਨ ਚੱਲਦੇ ਪਾਏ ਗਏ। ਇਹ ਮੋਬਾਈਲ ਫੋਨ ਟੈਕਨੀਕਲ ਟੀਮ ਵੱਲੋਂ ਟਰੇਸ ਕਰ ਕੇ ਅੱਜ ਮੋਬਾਈਲ ਮਾਲਕਾਂ ਨੂੰ ਦਫ਼ਤਰ ਬੁਲਾ ਕੇ ਸੌਂਪੇ ਗਏ। ਉਨ੍ਹਾਂ ਦੱਸਿਆ ਕਿ 01/01/2022 ਤੋਂ ਹੁਣ ਤੱਕ ਤਕਰੀਬਨ 1690 ਦੇ ਕਰੀਬ ਮੋਬਾਈਲ ਫੋਨਾਂ ਨੂੰ ਟਰੇਸ ਕਰ ਕੇ ਉਨ੍ਹਾਂ ਦੇ ਮਾਲਕਾਂ ਨੂੰ ਸੌਂਪਿਆ ਜਾ ਚੁੱਕਿਆ ਹੈ, ਜਿਨ੍ਹਾਂ ਦੀ ਕੀਮਤ ਲਗਭਗ 02 ਕਰੋੜ 89 ਲੱਖ ਰੁਪਏ ਬਣਦੀ ਹੈ। ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਦਾ ਮੋਬਾਈਲ ਗੁੰਮ ਹੁੰਦਾ ਹੈ ਤਾਂ ਉਹ ਮੋਬਾਈਲ ਦਾ ਮਾਰਕਾ, ਆਈਐੱਮਈਆਈ ਨੰਬਰ, ਕੰਪਨੀ ਤੇ ਮੋਬਾਈਲ ’ਚ ਪਹਿਲਾਂ ਚੱਲਦੇ ਫੋਨ ਨੰਬਰ ਵਗੈਰਾ ਦਾ ਵੇਰਵਾ ਦਿੰਦੇ ਹੋਏ ਸ਼ਿਕਾਇਤ ਨੇੜੇ ਪੁਲਿਸ ਸਾਂਝ ਕੇਂਦਰ ’ਚ ਦਰਜ ਕਰਵਾਉਣ ਤਾਂ ਜੋ ਉਨਾਂ ਦਾ ਮੋਬਾਈਲ ਫੋਨ ਟਰੇਸਿੰਗ ਤੇ ਲਗਾਉਣ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਆਮ ਪਬਲਿਕ central equipment identity ਰਜਿਸਟਰ ਪੋਰਟਲ ’ਤੇ ਆਪਣੀ ਸ਼ਿਕਾਇਤ ਨੰਬਰ (ਯੂਆਈਡੀ ਨੰਬਰ) ਅਪਡੇਟ ਕਰ ਕੇ ਆਪਣੇ ਗੁੰਮ ਹੋਏ ਮੋਬਾਈਲ ਫੋਨ ਦਾ ਸਟੇਟਸ ਚੈੱਕ ਕਰ ਸਕਦੇ ਹਨ, ਇਸ ਦੇ ਨਾਲ ਹੀ ਮੋਬਾਈਲ ਫੋਨ ਗੁੰਮ ਹੋਣ ਦੀ ਸ਼ਿਕਾਇਤ ਆਪਣੇ ਨੇੜੇ ਤੇ ਥਾਣੇ ਤੇ ਜਾਂ ਟੈਕਨੀਕਲ ਦਫ਼ਤਰ ਆ ਕੇ ਵੀ ਦੇ ਸਕਦੇ ਹੋ, ਜ਼ਿਲ੍ਹਾ ਪੁਲਿਸ ਮੁੱਖੀ ਵੱਲੋਂ ਆਮ ਪਬਲਿਕ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਮੋਬਾਈਲ ਡਿੱਗਾ ਹੋਇਆ ਮਿਲਦਾ ਹੈ ਤਾਂ ਉਸ ਦੀ ਵਰਤੋਂ ਕਰਨ ਦੀ ਬਜਾਏ ਉਸ ਨੂੰ ਨੇੜੇ ਦੇ ਪੁਲਿਸ ਸਟੇਸ਼ਨ ਵਿਖੇ ਜਮ੍ਹਾਂ ਕਰਵਾਇਆ ਜਾਵੇ। ਇਸ ਮੌਕੇ ਮੋਬਾਈਲ ਦੇ ਮਾਲਕਾਂ ਵੱਲੋਂ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਤੇ ਪੁਲਿਸ ਟੀਮ ਦਾ ਧੰਨਵਾਦ ਕੀਤਾ ਗਿਆ।