- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਬੋਲੀ ਰਾਹੀਂ 73 ਵਾਹਨ ਨੀਲਾਮ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਅਤੇ ਗੌਰਵ ਯਾਦਵ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਅਭਿਮੰਨਿਊ ਰਾਣਾ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿੱਥੇ ਨਸ਼ਿਆਂ ਦੇ ਖਾਤਮੇ, ਜੇਰ ਤਫਤੀਸ਼ ਮੁਕੱਦਮਿਆਂ ਦੇ ਨਿਪਟਾਰੇ, ਦਰਖਾਸਤਾਂ ਦੇ ਨਿਪਟਾਰੇ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਦਿਨ-ਪ੍ਰਤੀਦਿਨ ਨਵੇਂ ਕਦਮ ਚੁੱਕੇ ਜਾ ਰਹੇ ਹਨ, ਉਥੇ ਹੀ ਲੋਕਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਜ਼ਿਲ੍ਹੇ ਅੰਦਰ ਸਖ਼ਤ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਹਨ। ਇਸਦੇ ਨਾਲ ਹੀ ਅੱਜ ਪੁਲਿਸ ਵਿਭਾਗ ਵੱਲੋਂ ਵੱਖ-ਵੱਖ ਮੁਕੱਦਮਿਆਂ ’ਚ ਥਾਣਿਆਂ ’ਚ ਖੜ੍ਹੇ ਵਾਹਨਾਂ ਦੀ ਖੁੱਲ੍ਹੀ ਬੋਲੀ ਕਰਵਾ ਕੇ ਕੁੱਲ 73 ਵਾਹਨ ਨੀਲਾਮ ਕੀਤੇ ਗਏ। ਇਸ ਮੌਕੇ ਪਰਦੀਪ ਸਿੰਘ ਡੀਐਸਪੀ (ਐਨਡੀਪੀਐਸ ਅਤੇ ਨਾਰਕੋਟਿਕਸ), ਰਸ਼ਪਾਲ ਸਿੰਘ ਡੀਐਸਪੀ ਡੀ ਅਤੇ ਹੋਰ ਕਮੇਟੀ ਮੈਂਬਰਾਂ ਦੀ ਹਾਜ਼ਰੀ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਬੋਲੀਕਾਰ ਵੀ ਹਾਜ਼ਰ ਸਨ। ਇਸ ਮੌਕੇ ਅਭਿਮੰਨਿਊ ਰਾਣਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਥਾਣਿਆਂ ਅੰਦਰ ਵੱਖ-ਵੱਖ ਮੁਕੱਦਮਿਆਂ ਨਾਲ ਸਬੰਧਿਤ ਕਾਫ਼ੀ ਗਿਣਤੀ ’ਚ ਵਾਹਨ ਖੜ੍ਹੇ ਹਨ। ਇਨ੍ਹਾਂ ਵਾਹਨਾਂ ਨਾਲ ਸਬੰਧਿਤ ਮੁਕੱਦਮਿਆਂ ਦਾ ਫੈਸਲਾ ਹੋ ਚੁੱਕਾ ਹੈ ਪਰ ਕਿਸੇ ਵੀ ਵਿਅਕਤੀ ਵੱਲੋਂ ਇਹ ਵਾਹਨ ਕਲੇਮ ਨਹੀਂ ਕੀਤੇ ਗਏ। ਇਨ੍ਹਾਂ ਵਾਹਨਾਂ ਕਾਰਨ ਥਾਣਿਆਂ ’ਚ ਕਾਫ਼ੀ ਜਗ੍ਹਾ ਘੇਰੀ ਹੋਈ ਸੀ। ਇਸ ਲਈ ਥਾਣਿਆਂ ’ਚ ਸਾਫ਼-ਸੁਥਰੀ ਅਤੇ ਢੁੱਕਵੀਂ ਕੰਮਕਾਜੀ ਥਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪਿਛਲੇ ਲੰਮੇ ਸਮੇਂ ਤੋਂ ਫੈਸਲਸ਼ੁਦਾ ਮੁਕੱਦਮਿਆਂ ਦੇ ਵਾਹਨਾਂ ਦੀ ਨੀਲਾਮੀ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਵਹੀਕਲ ਡਿਸਪੋਜ਼ਲ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਕਾਨੂੰਨੀ ਪ੍ਰਕਿਰਿਆ ਅਪਣਾਉਂਦੇ ਹੋਏ ਕੁੱਲ 73 ਵਾਹਨ (64 ਦੋ ਪਹੀਆ ਅਤੇ 08 ਚਾਰ ਪਹੀਆ ਅਤੇ 01 ਟਰੱਕ), ਜਿਨ੍ਹਾਂ ਦੀ ਰਾਖਵੀਂ ਕੀਮਤ 7,55,600 ਰੁਪਏ ਰੱਖੀ ਗਈ ਸੀ, ਨੂੰ 7,87,500 ਰੁਪਏ ਵਿੱਚ ਨੀਲਾਮ ਕੀਤਾ ਗਿਆ। ਉਕਤ ਰਕਮ ਉੱਪਰ 18% ਜੀਐਸਟੀ, ਜੋ ਕਿ 1,41,660 ਰੁਪਏ ਬਣਦੀ ਹੈ, ਸਮੇਤ ਨੀਲਾਮੀ ਦੀ ਕੁੱਲ ਰਕਮ 9,28,660 ਰੁਪਏ ਬਣਦੀ ਹੈ। ਇਸ ਬੋਲੀ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਬੋਲੀਕਾਰਾਂ ਨੇ ਹਿੱਸਾ ਲਿਆ। ਵਾਹਨਾਂ ਨੂੰ 02 ਵੱਖ-ਵੱਖ ਅਲਾਟਾਂ ਵਿੱਚ ਵੰਡਿਆ ਗਿਆ, ਜਿਨ੍ਹਾਂ ਵਿੱਚ ਅਲਾਟ ਨੰਬਰ 1 ਦੀ ਸਭ ਤੋਂ ਵੱਧ ਬੋਲੀ ਅਸ਼ੀਰਵਾਦ ਮੋਟਰਜ਼ ਪਿੰਡ ਵੜਿੰਗ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅਤੇ ਅਲਾਟ ਨੰਬਰ 2 ਦੀ ਸਭ ਤੋਂ ਵੱਧ ਬੋਲੀ ਜੈ ਐਮ.ਐਸ ਕੰਤ ਰਾਜ ਕੰਸਟਰਕਸ਼ਨ, ਸੰਗਤ ਕੈਂਚੀਆਂ ਪਿੰਡ ਗਹਿਰੀ ਬੁੱਟਰ ਜ਼ਿਲ੍ਹਾ ਬਠਿੰਡਾ ਪੰਜਾਬ ਵੱਲੋਂ ਦਿੱਤੀ ਗਈ। ਕੁੱਲ ਰਕਮ 9,28,660 ਰੁਪਏ ਨੂੰ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਕਰਵਾਈ ਜਾਵੇਗੀ। ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਬਾਕੀ ਰਹਿੰਦੇ ਵਾਹਨਾਂ ਸਬੰਧੀ ਵੀ ਰਿਕਾਰਡ ਤਿਆਰ ਕਰਵਾਇਆ ਜਾ ਰਿਹਾ ਹੈ ਅਤੇ ਉਹ ਵਾਹਨ ਵੀ ਜਲਦ ਨੀਲਾਮ ਕੀਤੇ ਜਾਣਗੇ।