ਸੇਮ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ ’ਚ ਪ੍ਰਸ਼ਾਸਨ ਖ਼ਿਲਾਫ਼ ਰੋਸ ਮਾਨਸੂਨ ਦੀ ਆਮਦ ਤੋਂ ਪਹਿਲਾਂ ਲੰਬੀ ਹਲਕੇ ਦੇ ਕਿਸਾਨਾਂ ’ਚ ਦਹਿਸ਼ਤ
Publish Date: Wed, 08 Jul 2026 04:43 PM (IST)
Updated Date: Wed, 08 Jul 2026 04:45 PM (IST)
ਚੇਤਨ ਭੂਰਾ, ਪੰਜਾਬੀ ਜਾਗਰਣ ਲੰਬੀ : ਪੰਜਾਬ ’ਚ ਮਾਨਸੂਨ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਜਿੱਥੇ ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ, ਉੱਥੇ ਹੀ ਦੂਜੇ ਪਾਸੇ ਹਲਕਾ ਲੰਬੀ ਦੇ ਪਿੰਡਾਂ ਦੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਮਾਨਸੂਨ ਦੇ ਪ੍ਰਬੰਧਾਂ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਆਧਨੀਆ ਤੋਂ ਮੰਨੀਆਂਵਾਲਾ ਤੱਕ ਜਾਣ ਵਾਲੇ ਸੇਮ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ’ਤੇ ਇੱਕ ਵਾਰ ਫਿਰ ਬਰਬਾਦੀ ਦੇ ਬੱਦਲ ਮੰਡਰਾ ਰਹੇ ਹਨ। ਕਿਸਾਨਾਂ ਦੇ ਹਾਲਾਤ ਅਤੇ ਰੋਸ ਨੂੰ ਦੇਖ ਕੇ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪ੍ਰਸ਼ਾਸਨਿਕ ਲਾਪਰਵਾਹੀ ਕਿਸਾਨਾਂ ’ਤੇ ਕਿੰਨੀ ਭਾਰੀ ਪੈ ਰਹੀ ਹੈ। ਲਿਫਟ ਪੰਪਾਂ ਦਾ ਬੰਦ ਹੋਣਾ ਅਤੇ ਡਰੇਨਾਂ ਦਾ ਘਾਹ-ਫੂਸ ਨਾਲ ਭਰਿਆ ਹੋਣਾ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪ੍ਰਸ਼ਾਸਨ ਬਰਸਾਤ ਆਉਣ ਤੋਂ ਪਹਿਲਾਂ ਜਾਗਦਾ ਹੈ ਜਾਂ ਕਿਸਾਨਾਂ ਨੂੰ ਇੱਕ ਵਾਰ ਫਿਰ ਬਰਬਾਦੀ ਦਾ ਸੰਤਾਪ ਹੰਢਾਉਣਾ ਪਵੇਗਾ। ਜੰਗਲੀ ਘਾਹ-ਫੂਸ ਨਾਲ ਪੂਰੀ ਤਰ੍ਹਾਂ ਬਲਾਕ ਹਨ ਸੇਮਨਾਲੇ ਲੰਬੀ ਬਲਾਕ ਦੇ ਪਿੰਡ ਤਪਾ ਖੇੜਾ ਅਤੇ ਫ਼ਤਿਹਪੁਰ ਮੰਨੀਆਂਵਾਲਾ ਤੋਂ ਲੰਘਣ ਵਾਲੇ ਸੇਮ ਨਾਲੇ ਇਸ ਵੇਲੇ ਜੰਗਲੀ ਘਾਹ-ਫੂਸ ਨਾਲ ਪੂਰੀ ਤਰ੍ਹਾਂ ਬਲਾਕ ਹੋ ਚੁੱਕੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਹਰ ਸਾਲ ਬਰਸਾਤਾਂ ਦੇ ਦਿਨਾਂ ’ਚ ਇੱਥੇ ਹੜ੍ਹ ਵਰਗੇ ਹਾਲਾਤ ਬਣ ਜਾਂਦੇ ਹਨ। ਸਰਕਾਰਾਂ ਬਦਲਦੀਆਂ ਹਨ, ਟੈਂਡਰ ਪਾਸ ਹੁੰਦੇ ਹਨ, ਪਰ ਸਫ਼ਾਈ ਦੇ ਨਾਂ ’ਤੇ ਸਿਰਫ਼ ਜੇਸੀਬੀ ਨਾਲ ਮਾੜੀ-ਮੋਟੀ ਖਾਨਾਪੂਰਤੀ ਕਰਕੇ ਫੰਡਾਂ ਦਾ 90 ਫ਼ੀਸਦੀ ਹਿੱਸਾ ਅਫ਼ਸਰਸ਼ਾਹੀ ਦੀਆਂ ਜੇਬਾਂ ’ਚ ਚਲਾ ਜਾਂਦਾ ਹੈ। ਕਿਸਾਨ ਸੁਖਚੈਨ ਭੁੱਲਰ ਪਿੰਡ ਤਪਾ ਖੇੜਾ ਤੇ ਹੋਰਨਾਂ ਕਿਸਾਨਾਂ ਅਨੁਸਾਰ ਇਸ ਸੇਮ ਨਾਲੇ ਕਾਰਨ ਘੱਟੋ-ਘੱਟ ਚਾਰ ਪਿੰਡਾਂ ਦਾ ਰਕਬਾ ਪ੍ਰਭਾਵਿਤ ਹੁੰਦਾ ਹੈ। ਜੇਕਰ ਬਰਸਾਤਾਂ ਸ਼ੁਰੂ ਹੋ ਗਈਆਂ ਤਾਂ ਤਪਾ ਖੇੜਾ ਅਤੇ ਮੰਨੀਆਂਵਾਲਾ ਦੇ ਕਿਸਾਨਾਂ ਦੀ ਲਗਭਗ 400 ਏਕੜ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ, ਜਿਸ ਨਾਲ ਦਰਜਨਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਤੇ ਲੱਤ ਵੱਜੇਗੀ। ਸਫ਼ਾਈ ਦੇ ਨਾਂ ਤੇ ਸਿਰਫ਼ ਖਾਨਾਪੂਰਤੀ ਹੁੰਦੀ ਕਿਸਾਨ ਪ੍ਰਤਾਪ ਸਿੰਘ ਵਾਸੀ ਪਿੰਡ ਫ਼ਤਿਹਪੁਰ ਮੰਨੀਆਂਵਾਲਾ ਨੇ ਕਿਹਾ ਕਿ ਆਧਨੀਆ ਤੋਂ ਮੰਨੀਆਂਵਾਲਾ ਡਰੇਨ ਹੈ। ਹਰ ਸਾਲ ਖ਼ਬਰਾਂ ਚੱਲਣ ਤੋਂ ਬਾਅਦ ਪ੍ਰਸ਼ਾਸਨ ਮਾੜਾ-ਮੋਟਾ ਜਾਗਦਾ ਹੈ, ਪਰ ਕੋਈ ਪੱਕਾ ਹੱਲ ਨਹੀਂ ਹੁੰਦਾ। ਟੈਂਡਰ ਹੋ ਜਾਂਦੇ ਹਨ ਪਰ ਸਫ਼ਾਈ ਦੇ ਨਾਂ ਤੇ ਸਿਰਫ਼ ਖਾਨਾਪੂਰਤੀ ਹੁੰਦੀ ਹੈ। ਪੂਰੇ ਦਾ ਪੂਰਾ ਬਲਾਕ ਬੰਦ ਪਿਆ ਹੈ। ਮਾਨਸੂਨ ਦੀਆਂ ਬਰਸਾਤਾਂ ਸ਼ੁਰੂ ਹੁੰਦਿਆਂ ਹੀ ਸਾਡਾ 400 ਏਕੜ ਦਾ ਰਕਬਾ ਬਰਬਾਦ ਹੋ ਜਾਵੇਗਾ। 30 ਪਰਿਵਾਰ ਇਸੇ ਝੋਨੇ ਤੇ ਪਲਦੇ ਹਨ। ਪ੍ਰਸ਼ਾਸਨ ਨੇ ਇਸ ਡਰੇਨ ਨੂੰ ਕਮਾਊ ਪੁੱਤ ਸਮਝ ਰੱਖਿਆ ਹੈ, 10% ਕੰਮ ਹੁੰਦਾ ਹੈ ਤੇ 90% ਜੇਬਾਂ ’ਚ ਜਾਂਦਾ ਹੈ। ਪਿਛਲੇ ਪੰਜ ਸਾਲਾਂ ਤੋਂ (ਮੌਜੂਦਾ ਸਰਕਾਰ ਵੇਲੇ) ਹਾਲਾਤ ਬਹੁਤ ਮਾੜੇ ਹਨ, ਜਦਕਿ ਪਹਿਲੀਆਂ ਸਰਕਾਰਾਂ ਵੇਲੇ ਸਮੇਂ ਸਿਰ ਸਫ਼ਾਈ ਹੋ ਜਾਂਦੀ ਸੀ। ਇੱਥੇ ਲਗਭਗ 90 ਲਿਫਟ ਪੰਪ ਲੱਗੇ ਹੋਏ ਹਨ, ਪਰ ਇੱਕ ਵੀ ਚਾਲੂ ਨਹੀਂ ਹੈ, ਲੋਕ ਸਾਮਾਨ ਚੋਰੀ ਕਰਕੇ ਲੈ ਗਏ ਹਨ ਅਤੇ ਇਹ ਕਰੋੜਾਂ ਦੀ ਸਕੀਮ ਚਿੱਟਾ ਹਾਥੀ ਬਣੀ ਹੋਈ ਹੈ। ਸੇਮਨਾਲੇ ਦੀ ਸਫ਼ਾਈ ਬਿਲਕੁਲ ਨਹੀਂ ਹੋਈ ਹਰ ਸਾਲ ਸਾਡੀ ਜ਼ਮੀਨ ਅਤੇ ਫ਼ਸਲ ਮਾਰੀ ਜਾਂਦੀ ਹੈ। ਪਾਣੀ ਇੱਥੇ ਆ ਕੇ ਇਕੱਠਾ ਹੋ ਜਾਂਦਾ ਹੈ। ਅਸੀਂ ਤਾਂ ਹੁਣ ਫ਼ਸਲ ਬੀਜਣੀ ਹੀ ਬੰਦ ਕਰ ਦਿੱਤੀ ਹੈ ਕਿਉਂਕਿ ਹਰ ਸਾਲ ਪੈਸੇ ਲਾ ਕੇ ਬਿਜਾਈ ਕਰਦੇ ਹਾਂ ਤੇ ਖਾਲੀ ਹੱਥ ਬੈਠਣਾ ਪੈਂਦਾ ਹੈ। ਇਸ ਏਰੀਏ ਵਿੱਚ 50-60 ਕਿੱਲੇ ਪੈਲੀ ਖਾਲੀ ਪਈ ਹੈ। ਪਿਛਲੇ 25 ਸਾਲਾਂ ਤੋਂ ਇਹ ਸੇਮ ਦੀ ਸਮੱਸਿਆ ਚੱਲ ਰਹੀ ਹੈ। ਮੰਤਰੀ ਸਾਹਿਬ ਕਹਿੰਦੇ ਹਨ ਪ੍ਰਬੰਧ ਪੂਰੇ ਹਨ, ਪਰ ਇੱਥੇ ਇੱਕ ਛੋਟੀ ਮਸ਼ੀਨ ਇੱਕ ਦਿਨ ਲਈ ਆਈ ਤੇ ਬਿਨਾਂ ਸਫ਼ਾਈ ਕੀਤੇ ਚਲੀ ਗਈ। ਬਰਸਾਤਾਂ ਵਿੱਚ ਰਸਤੇ ਵੀ ਬੰਦ ਹੋ ਜਾਂਦੇ ਹਨ। ਸਾਡੀ ਮੰਗ ਹੈ ਕਿ ਸੇਮ ਨਾਲੇ ਦੀ ਸਮੇਂ ਸਿਰ ਸਫ਼ਾਈ ਕੀਤੀ ਜਾਵੇ ਅਤੇ ਲਿਫਟ ਸਕੀਮ ਲਈ ਪੱਕਾ ਮੋਟਰ ਕੁਨੈਕਸ਼ਨ ਦਿੱਤਾ ਜਾਵੇ ਤਾਂ ਜੋ ਪਾਣੀ ਅੱਗੇ ਕੱਢਿਆ ਜਾ ਸਕੇ। ਸਰਕਾਰ ਵੱਲੋਂ ਬਰਸਾਤਾਂ ਨਾਲ ਨਜਿੱਠਣ ਲਈ ਪ੍ਰਬੰਧ ਪੂਰੇ : ਖੁੱਡੀਆਂ ਦੂਜੇ ਪਾਸੇ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਕਿ ਸਰਕਾਰ ਵੱਲੋਂ ਬਰਸਾਤਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਨਜਿੱਠਣ ਲਈ ਪੂਰੇ ਪ੍ਰਬੰਧ ਕੀਤੇ ਹੋਏ ਹਨ। ਪਿਛਲੇ ਵਾਰ ਵੀ ਕਾਫੀ ਨੁਕਸਾਨ ਹੋਇਆ ਸੀ ਪਰ ਇਸ ਵਾਰ ਪਰਮਾਤਮਾ ਮੇਹਰ ਰੱਖੇ।