ਝੋਨੇ ਦੀ ਲਵਾਈ ਜੋਰਾਂ ’ਤੇ, ਲੇਬਰ ਦੀ ਘਾਟ ਲੱਗੀ ਰੜਕਣ
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਝੋਨੇ ਦੀ ਲਵਾਈ ਜੋਰਾਂ ਨਾਲ ਸ਼ੁਰੂ, ਲੇਬਰ ਦੀ ਰੜਕਣ ਲੱਗੀ ਘਾਟ
Publish Date: Fri, 12 Jun 2026 05:20 PM (IST)
Updated Date: Fri, 12 Jun 2026 05:21 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਝੋਨੇ ਦੀ ਹੱਥੀਂ ਲਵਾਈ ਬੜੇ ਜੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਗਈ ਹੈ। ਜਿਵੇਂ ਹੀ ਨਹਿਰ ’ਚ ਪਾਣੀ ਆਇਆ ਲੋਕਾਂ ਨੂੰ ਇੱਕ ਦਮ ਝੋਨਾ ਲਗਾਉਣ ਦੀ ਹੱਥਾਂ ਪੈਰਾਂ ਦੀ ਪੈ ਗਈ ਹੈ ਅਤੇ ਕਿਸਾਨਾਂ ਨੇ ਲੇਬਰ ਲੱਭਣੀ ਸ਼ੁਰੂ ਕਰ ਦਿੱਤੀ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਿਸਾਨ ਜਿਆਦਾਤਰ ਹੱਥੀਂ ਝੋਨਾ ਲਗਵਾਈ ਨੂੰ ਹੀ ਪਹਿਲ ਦਿੰਦੇ ਹਨ ਅਤੇ ਸਿੱਧੀ ਬਿਜਾਈ ਵੱਲੋਂ ਕਿਸਾਨਾਂ ਦਾ ਮੂੰਹ ਮੁੜ ਗਿਆ ਹੈ। ਕਿਸਾਨਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਸਿੱਧੀ ਬਜਾਈ ਕਰਨ ਤੇ ਝੋਨੇ ’ਚ ਨਦੀਨ ਜਿਆਦਾ ਹੋ ਜਾਂਦੇ ਹਨ ਅਤੇ ਝੋਨਾ ਝਾੜ ਵੀ ਪੂਰਾ ਨਹੀਂ ਦਿੰਦਾ। ਕਈ ਵਾਰ ਝੋਨਾ ਜਿਆਦਾ ਸੰਘਣਾ ਹੋ ਜਾਂਦਾ ਹੈ ਅਤੇ ਕਈ ਵਾਰ ਵਿਰਲਾ ਰਹਿ ਜਾਂਦਾ ਹੈ ਪਰ ਹੱਥੀ ਲਾਉਣ ਨਾਲ ਬੂਟੇ ਦੀ ਆਪਸ ’ਚ ਲੰਬਾਈ ਚੌੜਾਈ ਸਹੀ ਹੁੰਦੀ ਹੈ। ਕਿਸਾਨਾਂ ਨੇ ਕਿਹਾ ਕਿ ਅਸੀਂ ਇੱਕ ਵਰਗ ਮੀਟਰ ’ਚ 33 ਬੂਟੇ ਲਗਾਉਂਦੇ ਹਾਂ ਜੋ ਕਿ ਐਗਰੀਕਲਚਰ ਯੂਨੀਵਰਸਿਟੀ ਦੀ ਸਿਫਾਰਿਸ਼ ਹੈ। ਝੋਨਾ ਲਗਾਉਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਦਾ ਕੰਮ ਖੇਤ ’ਚ ਝੋਨਾ ਲਗਾ ਰਹੇ ਮਿੱਠੂ ਸਿੰਘ ਬੋਰੀਆ ਸਿੱਖ ਨੇ ਦੱਸਿਆ ਕਿ ਝੋਨਾ ਲਗਾਉਣਾ ਬਹੁਤ ਹੀ ਜਿਆਦਾ ਮੁਸ਼ਕਿਲ ਦਾ ਕੰਮ ਹੈ ਕਿਉਂਕਿ ਸਾਡੇ ਪੈਰ ਗਲ ਜਾਂਦੇ ਹਨ, ਸਾਰਾ ਦਿਨ ਗਰਮ ਪਾਣੀ ’ਚ ਰਹਿਣਾ ਅਤੇ ਝੁੱਕ ਕੇ ਬੂਟੇ ਲਗਾਉਣੇ ਬਹੁਤ ਔਖੇ ਹਨ। ਪਾਣੀ ਵੀ ਗਰਮ ਹੁੰਦਾ ਹੈ ਉਪਰੋਂ ਸੂਰਜ ਦੀ ਗਰਮੀ ਵੀ ਕਹਿਰ ਦੀ ਹੁੰਦੀ ਹੈ। ਸਾਡੇ ਛੋਟੇ ਛੋਟੇ ਬੱਚੇ ਵੀ ਝੋਨਾ ਲਗਾਉਂਦੇ ਹਨ ਪਰ ਸਾਨੂੰ ਜੋ ਰੇਟ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਝੋਨਾ ਲਗਵਾਈ ਦਾ ਰੇਟ ਪ੍ਰਤੀ ਏਕੜ 5 ਹਜਾਰ ਰੁਪਏ ਦਿੱਤਾ ਜਾਵੇ ਫਿਰ ਹੀ ਸਾਡਾ ਪੂਰਾ ਪੱਲਾ ਹੁੰਦਾ ਹੈ। ਗਰਮੀ ’ਚ ਝੋਨਾ ਲਾਉਣਾ ਮਜ਼ਬੂਰੀ ਝੋਨਾ ਲਗਾ ਰਹੇ ਬੁੱਧ ਸਿੰਘ ਬੌਰੀਆ ਸਿੱਖ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਅਸੀਂ ਟੋਕਰੇ ਬਣਾਉਂਦੇ ਸੀ ਅਤੇ ਨਰਮਾ ਚੁਗਦੇ ਸੀ ਪਰ ਹੁਣ ਤਾਂ ਟੋਕਰਿਆਂ ਵਾਲਾ ਕੰਮ ਅਤੇ ਨਰਮਾ ਚੁਗਣ ਦਾ ਕੰਮ ਵੀ ਠੱਪ ਹੋ ਗਿਆ ਹੈ ਕਿਉਂਕਿ ਨਰਮਾ ਹੁੰਦਾ ਹੀ ਨਹੀਂ ਅਤੇ ਝੋਨਾ ਲਗਾਉਣਾ ਸਾਡੀ ਮਜਬੂਰੀ ਹੈ ਸਾਡਾ ਦਿਲ ਨਹੀਂ ਕਰਦਾ ਕਿ ਇਤਨੀ ਗਰਮੀ ’ਚ ਝੋਨਾ ਲਗਾਈਏ ਸਾਡੇ ਪਰਿਵਾਰ ਅਤੇ ਬੱਚੇ ਗਰਮੀ ਨਾਲ ਬੀਮਾਰ ਹੋ ਜਾਂਦੇ ਹਨ ਅਤੇ ਸਾਡਾ ਬਿਮਾਰੀ ਤੇ ਕਾਫੀ ਖਰਚਾ ਆ ਜਾਂਦਾ ਹੈ ਪੜਾਈ ਲਿਖਾਈ ਤਾਂ ਗਰੀਬ ਦੇ ਕਰਮਾਂ ’ਚ ਹੀ ਨਹੀਂ। ਉਨ੍ਹਾਂ ਕਿਹਾ ਕਿ ਸਾਡੀ ਲੇਬਰ ਘੱਟ ਤੋਂ ਘੱਟ 5 ਹਜਾਰ ਰੁਪਏ ਪ੍ਰਤੀ ਏਕੜ ਹੋਣੀ ਚਾਹੀਦੀ ਹੈ। ਜਿੰਮੀਦਾਰ ਪ੍ਰਵਾਸੀ ਮਜ਼ਦੂਰ ਲਿਆ ਕੇ ਸਾਡੇ ਰੁਜ਼ਗਾਰ ’ਤੇ ਲੱਤ ਮਾਰਦੇ ਰਾਜਾ ਸਿੰਘ ਨਾਲ ਗੱਲ ਕੀਤੀ ਉਨ੍ਹਾਂ ਕਿਹਾ ਕਿ ਸਾਡਾ ਹਮੇਸ਼ਾ ਹੀ ਜਿਮੀਦਾਰ ਨਾਲ ਨਹੁੰ ਮਾਸ ਦਾ ਰਿਸ਼ਤਾ ਹੁੰਦਾ ਹੈ ਪਰ ਜਦੋਂ ਝੋਨਾ ਲਗਾਉਣਾ ਹੁੰਦਾ ਹੈ ਤਾਂ ਜਿਮੀਦਾਰ ਭਈਆ ਨੂੰ ਲੈ ਆਉਂਦੇ ਹਨ ਅਤੇ ਉਹ ਆ ਕੇ ਸਾਡੇ ਰੁਜ਼ਗਾਰ ’ਚ ਲੱਤ ਮਾਰਦੇ ਹਨ ਕਿਉਂਕਿ ਉਹ ਤਾਂ ਸਿਰਫ ਕਮਾਈ ਕਰਨ ਆਉਂਦੇ ਹਨ ਸਾਰਾ ਸਾਲ ਤਾਂ ਅਸੀਂ ਹੀ ਜਿੰਮੀਦਾਰ ਨਾਲ ਨਿਭਣਾ ਹੁੰਦਾ ਹੈ। ਉਹ ਸਸਤਾ ਤੇ ਵਿਰਲਾ ਝੋਨਾ ਲਗਾ ਕੇ ਤੁਰਦੇ ਬਣਦੇ ਹਨ ਅਤੇ ਉਨ੍ਹਾਂ ਨੂੰ ਤਾਂ ਉਲਾਂਭਾ ਵੀ ਨਹੀਂ ਦਿੱਤਾ ਜਾ ਸਕਦਾ ਪਰ ਜੇ ਅਸੀਂ ਝੋਨਾ ਵਿਰਲਾ ਲਗਾਈਏ ਤਾਂ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਹਮੇਸ਼ਾ ਹੀ ਜਿੰਮੀਦਾਰ ਦੇ ਮੱਥੇ ਲੱਗਣਾ ਹੈ ਅਤੇ ਜਿੰਮੀਦਾਰ ਨੇ ਉਲਾਂਭਾ ਵੀ ਸਾਨੂੰ ਹੀ ਦੇਣਾ ਹੈ। ਲੇਬਰ ਦੀ ਘਾਟ ਕਰਕੇ ਭਈਆ ਨੂੰ ਲਾਉਣਾ ਮਜ਼ਬੂਰੀ ਸਫਲ ਕਿਸਾਨ ਬੇਅੰਤ ਸਿੰਘ ਜਟਾਣਾ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਸਾਰੇ ਜਿਮੀਦਾਰ ਇਕੱਠਾ ਹੀ ਝੋਨਾ ਲਗਾਉਣਾ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਉਸ ਤੋਂ ਬਾਅਦ ਬਾਸਮਤੀ ਦੀ ਲਵਾਈ ਸ਼ੁਰੂ ਹੋ ਜਾਂਦੀ ਹੈ ਅਤੇ ਝੋਨਾ ਲਗਵਾਉਣ ਵੇਲੇ ਲੇਬਰ ਦੀ ਘਾਟ ਆ ਜਾਂਦੀ ਹੈ ਇਸ ਲਈ ਭਈਆ ਤੋਂ ਝੋਨਾ ਲਗਾਉਣਾ ਸਾਡੀ ਮਜਬੂਰੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵੀ ਪਤਾ ਹੈ ਕਿ ਝੋਨਾ ਲਾਉਣਾ ਬਹੁਤ ਔਖਾ ਹੈ ਅਤੇ ਗਿੱਠਾਂ ਨਾਲ ਧਰਤੀ ਮਿਨਣੀ ਪੈਂਦੀ ਹੈ ਪਰ ਸਾਡਾ ਖਰਚ ਬਹੁਤ ਜਿਆਦਾ ਹੋ ਜਾਂਦਾ ਹੈ ਅਤੇ ਝੋਨੇ ਦਾ ਰੇਟ ਨਹੀਂ ਮਿਲਦਾ ਉਪਰੋਂ ਕਾਟੇ ਲੱਗ ਜਾਂਦੇ ਹਨ ਅਤੇ ਖਰੀਦਦਾਰ ਵੀ ਨੱਕ ਮਾਰਦੇ ਹਨ ਪਾਣੀ ਮਾੜੇ ਹੋਣ ਕਾਰਨ ਝੋਨੇ ਦਾ ਝਾੜ ਵੀ ਬਹੁਤ ਘੱਟ ਹੁੰਦਾ ਹੈ ਪਰ ਕਿਸਾਨ ਹੋਰ ਕੋਈ ਫਸਲ ਪੈਦਾ ਵੀ ਨਹੀਂ ਕਰ ਸਕਦਾ ਕਿਉਂਕਿ ਕਿਸੇ ਫਸਲ ਦੀ ਖਰੀਦ ਦੀ ਕੋਈ ਗਰੰਟੀ ਨਹੀਂ।