ਮੁਕਤਸਰ ਖੇਤਰ ’ਚ ਮੀਂਹ ਦੀ ਘਾਟ ਕਾਰਨ ਝੋਨੇ ਸਮੇਤ ਹੋਰ ਫ਼ਸਲਾਂ ਸੰਕਟ ’ਚ ਮੁਕਤਸਰ ਖੇਤਰ ’ਚ ਮੀਂਹ ਦੀ ਘਾਟ ਕਾਰਨ ਝੋਨੇ ਸਮੇਤ ਹੋਰ ਫ਼ਸਲਾਂ ਸੰਕਟ ’ਚ, ਕਿਸਾਨਾਂ ’ਤੇ ਵਧਿਆ ਖ਼ਰਚੇ ਦਾ ਬੋਝ
Publish Date: Tue, 07 Jul 2026 05:22 PM (IST)
Updated Date: Tue, 07 Jul 2026 05:24 PM (IST)
ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਇਸ ਵਾਰ ਮਾਨਸੂਨ ਦੀ ਸ਼ੁਰੂਆਤ ’ਚ ਹੀ ਮੁਕਤਸਰ ਖੇਤਰ ਦੇ ਕਿਸਾਨਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਡੂੰਘੀਆਂ ਹੋ ਗਈਆਂ ਹਨ। ਖੇਤਰ ’ਚ ਮੀਂਹ ਨਾ ਦੇ ਬਰਾਬਰ ਪੈਣ ਕਾਰਨ ਖੇਤੀ ਅਤੇ ਜਲ ਸਰੋਤਾਂ ਦੋਵਾਂ ’ਤੇ ਗੰਭੀਰ ਸੰਕਟ ਆ ਗਿਆ ਹੈ। ਝੋਨੇ ਦੀ ਫ਼ਸਲ ਨੂੰ ਬਚਾਉਣਾ ਹੁਣ ਕਿਸਾਨਾਂ ਲਈ ਬੇਹੱਦ ਮੁਸ਼ਕਲ ਅਤੇ ਮਹਿੰਗਾ ਸਾਬਤ ਹੋ ਰਿਹਾ ਹੈ। ਕੇਂਦਰੀ ਭੂ-ਜਲ ਬੋਰਡ ਅਤੇ ਖੋਜ ਸੰਸਥਾਵਾਂ ਦੇ ਤਾਜ਼ਾ ਅੰਕੜਿਆਂ ਅਨੁਸਾਰ ਮੁਕਤਸਰ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ’ਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਹੇਠਾਂ ਡਿੱਗਿਆ ਹੈ। ਮੀਂਹ ਘੱਟ ਪੈਣ ਕਾਰਨ ਜ਼ਮੀਨ ਦੀ ਉਪਰਲੀ ਪਰਤ ਰੀਚਾਰਜ ਨਹੀਂ ਹੋ ਪਾ ਰਹੀ। ਇਸ ਦਾ ਅਸਰ ਇਹ ਹੋਇਆ ਕਿ ਪਿੰਡਾਂ ’ਚ ਲੱਗੇ ਹੈਂਡਪੰਪ ਅਤੇ ਖੇਤਾਂ ’ਚ ਲੱਗੇ ਬੋਰਵੈੱਲ ਵੀ ਜਵਾਬ ਦੇਣ ਲੱਗੇ ਹਨ। ਕਿਸਾਨ ਹਰਮਨ ਸਿੰਘ ਨੇ ਦੱਸਿਆ ਕਿ ਝੋਨੇ ਨੂੰ ਜਿਊਂਦਾ ਰੱਖਣ ਲਈ ਉਨ੍ਹਾਂ ਨੂੰ ਰੋਜ਼ਾਨਾ ਕਰੀਬ 12 ਘੰਟੇ ਟਿਊਬਵੈੱਲ ਚਲਾਉਣਾ ਪੈ ਰਿਹਾ ਹੈ। ਇੱਕ ਟਿਊਬਵੈੱਲ ਰੋਜ਼ਾਨਾ ਲਗਭਗ ਤਿੰਨ ਹਜ਼ਾਰ ਰੁਪਏ ਦਾ ਡੀਜ਼ਲ ਖਾ ਜਾਂਦਾ ਹੈ। ਐਨਾ ਖ਼ਰਚ ਕਰਨ ਤੋਂ ਬਾਅਦ ਵੀ ਫ਼ਸਲ ਦੀ ਸਥਿਤੀ ਤਸੱਲੀਬਖਸ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਨਹਿਰਾਂ ’ਚ ਪਾਣੀ ਪੂਰਾ ਆਉਣ ਨਾਲ ਕੁਝ ਰਾਹਤ ਜ਼ਰੂਰ ਹੈ, ਪਰ ਲੋੜ ਨਾਲੋਂ ਵੱਧ ਗਰਮੀ ਅਤੇ ਮੀਂਹ ਦੀ ਘਾਟ ਨੇ ਸੰਕਟ ਪੈਦਾ ਕਰ ਦਿੱਤਾ ਹੈ। ਖੇਤ ’ਚ ਪਾਣੀ ਭਰਨ ਲਈ ਹੁਣ ਪੂਰੀ ਤਰ੍ਹਾਂ ਟਿਊਬਵੈੱਲ ’ਤੇ ਹੀ ਨਿਰਭਰ ਰਹਿਣਾ ਪੈ ਰਿਹਾ ਹੈ। ਕਿਸਾਨ ਆਗੂ ਬਲਵਿੰਦਰ ਸਿੰਘ ਥਾਂਦੇਵਾਲਾ ਤੇ ਕਿਸਾਨ ਜਸਵੰਤ ਸਿੰਘ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਬਿਨਾਂ ਮੀਂਹ ਦੇ ਖੇਤ ਸੁੱਕ ਰਹੇ ਹਨ। ਝੋਨੇ ਤੋਂ ਇਲਾਵਾ ਨਰਮੇ (ਕਪਾਹ) ਅਤੇ ਹੋਰ ਖ਼ਰੀਫ਼ ਫ਼ਸਲਾਂ ’ਤੇ ਵੀ ਅਸਰ ਦਿਖਣ ਲੱਗਾ ਹੈ। ਜੇਕਰ ਅਜਿਹੀ ਹੀ ਸਥਿਤੀ ਰਹੀ ਤਾਂ ਪੈਦਾਵਾਰ ’ਤੇ ਸਿੱਧਾ ਅਸਰ ਪਵੇਗਾ ਅਤੇ ਕਿਸਾਨਾਂ ਦੀ ਲਾਗਤ ਕਈ ਗੁਣਾ ਵਧ ਜਾਵੇਗੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨਹਿਰਾਂ ’ਚ ਸਮੇਂ ਸਿਰ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ। ਮੁੱਖ ਖੇਤੀਬਾੜੀ ਅਫ਼ਸਰ ਜਗਸੀਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਮਈ ਅਤੇ ਜੂਨ ’ਚ 239 ਮਿਲੀਮੀਟਰ ਮੀਂਹ ਪਿਆ ਸੀ, ਜਦੋਂ ਕਿ ਇਸ ਸਾਲ ਇਸੇ ਸਮੇਂ ਦੌਰਾਨ ਕੇਵਲ 91 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਗਰਮੀ ਵੱਧ ਹੋਣ ਕਾਰਨ ਫ਼ਸਲਾਂ ’ਚ ਪਾਣੀ ਦੀ ਮੰਗ ਵੀ ਵਧ ਗਈ ਹੈ। ਮੁਕਤਸਰ ’ਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਚੱਲ ਰਿਹਾ ਹੈ। ਹਾਲਾਂਕਿ ਨਹਿਰਾਂ ’ਚ ਪਾਣੀ ਦੀ ਉਪਲਬਧਤਾ ਠੀਕ ਹੋਣ ਕਾਰਨ ਅਜੇ ਵੱਡਾ ਸੰਕਟ ਟਲਿਆ ਹੋਇਆ ਹੈ, ਪਰ ਸਥਿਤੀ ਨੂੰ ਆਮ ਨਹੀਂ ਕਿਹਾ ਜਾ ਸਕਦਾ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਰ ਘੱਟ ਮੀਂਹ ਅਤੇ ਤੇਜ਼ ਗਰਮੀ ਕਾਰਨ ਫ਼ਸਲਾਂ ਦੀ ਸਿੰਚਾਈ ’ਤੇ ਨਿਰਭਰਤਾ ਵਧੀ ਹੈ, ਜਿਸ ਨਾਲ ਬਿਜਲੀ ਅਤੇ ਡੀਜ਼ਲ ਦੋਵਾਂ ਦਾ ਖ਼ਰਚਾ ਵਧਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਜੁਲਾਈ ’ਚ ਚੰਗਾ ਮੀਂਹ ਨਾ ਪਿਆ ਤਾਂ ਨਾ ਸਿਰਫ਼ ਝੋਨੇ ਬਲਕਿ ਪੂਰੇ ਖ਼ਰੀਫ਼ ਸੀਜ਼ਨ ਦੀ ਆਰਥਿਕਤਾ ਡਗਮਗਾ ਸਕਦੀ ਹੈ।