ਓਵਰਲੋਡ ਵਾਹਨ ਬਣਦੇ ਹਨ ਵੱਡੇ ਹਾਦਸਿਆਂ ਦਾ ਕਾਰਨ, ਪ੍ਰਸ਼ਾਸਨ ਨੇ ਧਾਰੀ ਚੁੱਪੀ
ਓਵਰਲੋਡ ਵਾਹਨ ਬਣਦੇ ਹਨ ਵੱਡੇ ਐਕਸੀਡੈਂਟਾਂ ਦਾ ਕਾਰਨ, ਪ੍ਰਸ਼ਾਸਨ ਨੇ ਧਾਰੀ ਚੁੱਪੀ
Publish Date: Wed, 24 Jun 2026 03:55 PM (IST)
Updated Date: Wed, 24 Jun 2026 03:58 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਪਿੰਡਾਂ ਦੀਆਂ ਲਿੰਕ ਸੜਕਾਂ ਅਤੇ ਹਾਈਵੇ ਤੇ ਓਵਰਲੋਡ ਬਿਨਾਂ ਕਿਸੇ ਡਰ ਤੋਂ ਚੱਲ ਰਹੇ ਹਨ ਪਰ ਇਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ ਕਿ ਵੱਡੇ ਟਰੱਕ, ਵੱਡੇ ਹਾਥੀ ਨੁਮਾ ਵਾਹਨ, ਵੱਡੇ ਟਰਾਲੇ ਜੋ ਕਿ ਹਮੇਸ਼ਾ ਹੀ ਐਕਸੀਡੈਂਟ ਦਾ ਕਾਰਨ ਬਣਦੇ ਹਨ ਕਿਉਂਕਿ ਜਦ ਕੋਈ ਸੜਕ ਤੇ ਖੱਡਾ ਆਉਂਦਾ ਹੈ ਤਾਂ ਵਾਹਣ ਉਲਟ ਜਾਂਦੇ ਹਨ ਅਤੇ ਪਾਸੇ ਦੀ ਲੰਘ ਰਹੇ ਛੋਟੇ ਵਾਹਨ ਅਤੇ ਪੈਦਲ ਵਿਅਕਤੀ ਇਨ੍ਹਾਂ ਦੀ ਲਪੇਟ ’ਚ ਆ ਜਾਂਦੇ ਹਨ। ਇਹ ਕਈ ਕਿਲੋਮੀਟਰ ਤੱਕ ਕਿਸੇ ਵਾਹਨ ਨੂੰ ਓਵਰਟੇਕ ਵੀ ਨਹੀਂ ਕਰਨ ਦਿੰਦੇ ਅਤੇ ਜਿੱਥੇ ਰੁਕ ਜਾਂਦੇ ਹਨ ਟਰੈਫਿਕ ਜਾਮ ਹੋ ਜਾਂਦਾ ਹੈ। ਅਜਿਹੀਆਂ ਘਟਨਾਵਾਂ ਹਰ ਰੋਜ਼ ਵਾਪਰਦੀਆਂ ਹਨ। ਪਰ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਪਤਾ ਨਹੀਂ ਕਿਉਂ ਗੂੜੀ ਨੀਂਦ ਸੁੱਤਾ ਪਿਆ ਹੈ। ਜਗ੍ਹਾ ਜਗ੍ਹਾ ਪੁਲਿਸ ਨੇ ਨਾਕੇ ਲਗਾ ਕੇ ਬੈਰੀਕੇਟਿੰਗ ਕੀਤੀ ਹੁੰਦੀ ਹੈ ਪਰ ਜਦੋਂ ਓਵਰਲੋਡ ਵਾਹਨ ਆਉਂਦੇ ਹਨ ਤਾਂ ਉਹ ਆਪਣੇ ਬੈਰੀਕੇਡ ਪਾਸੇ ਕਰ ਲੈਂਦੇ ਹਨ ਅਤੇ ਇਹ ਬੜੇ ਅਰਾਮ ਨਾਲ ਲੰਘ ਜਾਂਦੇ ਹਨ। ਇਹ ਪੰਜਾਬ ਦੀ ਹਰ ਸੜਕ ’ਤੇ ਨਜ਼ਰ ਆਉਂਦੇ ਹਨ ਪਰ ਇਨ੍ਹਾਂ ’ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਕਿਉਂਕਿ ਇਹ ਮਿਲੀ ਭੁਗਤ ਨਾਲ ਹੀ ਚਲਦੇ ਹਨ ਇਹ ਆਪਣਾ ਲੋਡ ਵੱਡੀਆਂ ਫੈਕਟਰੀਆਂ ’ਚ ਲੈ ਕੇ ਜਾਂਦੇ ਹਨ। ਕਈ ਵਾਰ ਦੁਕਾਨਾਂ ਤੇ ਖੜੀਆਂ ਕਾਰਾਂ ਆਦਿ ਨੂੰ ਵੀ ਫੇਟ ਮਾਰ ਜਾਂਦੇ ਹਨ ਅਤੇ ਦੁਕਾਨਾਂ ਅੱਗੇ ਖੜੇ ਵਹੀਕਲਜ਼ ਉੱਪਰ ਉੱਲਟ ਜਾਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਘੱਟ ਲੋਡ ਪਾ ਕੇ ਹੀ ਲੈ ਕੇ ਜਾਣਾ ਚਾਹੀਦਾ ਹੈ। ਜਥੇਦਾਰ ਭਰਪੂਰ ਸਿੰਘ ਰਾਣੀਵਾਲਾ ਨੇ ਗੱਲਬਾਤ ਦੌਰਾਨ ਕਿਹਾ ਕਿ ਸਾਡੇ ਪਿੰਡਾਂ ਦੀਆਂ ਲਿੰਕ ਸੜਕਾਂ ਉਪਰ ਆਮ ਹੀ ਓਵਰਲੋਡ ਵਾਹਣ ਲੰਘਦੇ ਹਨ ਕਿਉਂਕਿ ਗੱਦਾਂਡੋਬ ਪਾਵਰ ਪਲਾਂਟ ’ਚ ਕੂੜਾ ਕਰਕਟ ਲੈ ਕੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਬੱਸ ਸਟੈਂਡ ’ਤੇ ਬਣੀਆਂ ਦੁਕਾਨਾਂ ਮਿੱਟੀ ਨਾਲ ਭਰ ਜਾਂਦੀਆਂ ਹਨ ਅਤੇ ਸਾਨੂੰ ਹਮੇਸ਼ਾ ਹੀ ਡਰ ਲੱਗਾ ਰਹਿੰਦਾ ਹੈ ਕਿ ਕਿਤੇ ਸਾਡੀਆਂ ਦੁਕਾਨਾਂ ਉੱਪਰ ਹੀ ਨਾ ਓਵਰਲੋਡ ਵਾਹਨ ਡਿਗ ਪੈਣ। ਬੱਸ ਸਟੈਂਡ ’ਤੇ ਸਵਾਰੀਆਂ ਖੜੀਆਂ ਹੁੰਦੀਆਂ ਹਨ ਅਤੇ ਸਵਾਰੀਆਂ ਤੇ’ ਵੀ ਡਿੱਗਣ ਦਾ ਡਰ ਹੈ। ਸੜਕਾਂ ਚੰਗੀਆਂ ਨਾ ਹੋਣ ਕਾਰਨ ਸੜਕਾਂ ’ਚ ਖੱਡੇ ਪਏ ਹੋਏ ਹਨ। ਪ੍ਰਸ਼ਾਸਨ ਨੂੰ ਇਨ੍ਹਾਂ ’ਤੇ ਰੋਕ ਲਾਉਣੀ ਚਾਹੀਦੀ ਹੈ ਅਤੇ ਇਨਾਂ ਵਾਹਨਾਂ ਨੂੰ ਮਨਜ਼ੂਰਸ਼ੁਦਾ ਲੋਡ ਹੀ ਭਰਨਾ ਚਾਹੀਦਾ ਹੈ ਰਕੇਸ਼ ਕੁਮਾਰ ਮੋਹਲਾਂ ਆੜ੍ਹਤੀਆ ਨੇ ਦੱਸਿਆ ਕਿ ਸਾਨੂੰ ਸ਼ਹਿਰ ਅਬੋਹਰ ਲੱਗਦਾ ਹੈ। ਸੜਕ ਬੇਹੱਦ ਮਾੜੀ ਹੈ ਅਤੇ ਜਗ੍ਹਾ ਜਗ੍ਹਾ ਟੋਏ ਹਨ ਅਤੇ ਸੜਕ ਵੀ ਸਿੰਗਲ ਰੋਡ ਹੈ। ਜਦ ਵੀ ਓਵਰਲੋਡ ਵਾਹਨ ਅੱਗੇ ਜਾਂਦਾ ਹੁੰਦਾ ਹੈ ਤਾਂ ਸਾਨੂੰ ਕਈ ਕਿਲੋਮੀਟਰ ਤੱਕ ਓਵਰਟੇਕ ਕਰਨ ਲਈ ਮੁਸ਼ਕਲ ਆਉਂਦੀ ਹੈ ਅਤੇ ਜਦ ਇਨ੍ਹਾਂ ਦੇ ਕੋਲੋਂ ਦੀ ਲੰਘਦੇ ਹਾਂ ਤਾਂ ਡਰ ਲੱਗਦਾ ਹੈ ਕਿ ਉਲਟ ਕੇ ਸਾਡੇ ਉੱਪਰ ਹੀ ਨਾ ਡਿੱਗ ਪਵੇ। ਸੜਕ ਦੇ ਉੱਪਰ ਵੱਡੇ ਵੱਡੇ ਖੱਡੇ ਵੀ ਉਲਟਣ ਦਾ ਕਾਰਨ ਬਣਦੇ ਹਨ। ਪੁਲਿਸ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਅਤੇ ਵਾਹਨਾਂ ਵਾਲਿਆਂ ਨੂੰ ਥੋੜਾ ਮਾਲ ਲੱਦ ਕੇ ਲਿਆਉਣਾ ਚਾਹੀਦਾ ਹੈ। ਜੁਗਰਾਜ ਸਿੰਘ ਕਿਸਾਨ ਯੂਨੀਅਨ ਆਗੂ ਨੇ ਕਿਹਾ ਕਿ ਹਰ ਸੜਕ ਤੇ ਓਵਰਲੋਡ ਵਾਹਣ ਆਮ ਹੀ ਦਿਖਾਈ ਦਿੰਦੇ ਹਨ ਪਿੰਡਾਂ ’ਚ ਤਾਂ ਇਹ ਆਮ ਹੀ ਦਿਖਾਈ ਦਿੰਦੇ ਹਨ ਕਿਉਂਕਿ ਜਿਆਦਾ ਮਾਲ ਪਿੰਡਾਂ ਵਿੱਚੋਂ ਹੀ ਚੁੱਕਦੇ ਹਨ ਕਈ ਵਾਰ ਤਾਂ ਬਿਜਲੀ ਦੇ ਖੰਭੇ ਇਹਨਾਂ ਵਾਹਨਾਂ ਨਾਲ ਟਕਰਾ ਕੇ ਡਿੱਗ ਪੈਂਦੇ ਹਨ ਅਤੇ ਤਾਰਾਂ ਦੇ ਪਟਾਕੇ ਪੈ ਜਾਂਦੇ ਹਨ ਕਈ ਵਾਰ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਕਰਕੇ ਇਹਨਾਂ ਵਾਹਨਾਂ ਨੂੰ ਅੱਗ ਵੀ ਲੱਗ ਜਾਂਦੀ ਹੈ ਅਤੇ ਆਸੇ ਪਾਸੇ ਖੜੀਆਂ ਫਸਲਾਂ ਦਾ ਵੀ ਨੁਕਸਾਨ ਹੋ ਜਾਂਦਾ ਹੈ ਅਤੇ ਅੱਗ ਦਾ ਧੂੰਆਂ ਜਿਆਦਾ ਹੋਣ ਕਾਰਨ ਐਕਸੀਡੈਂਟ ਹੋ ਜਾਂਦੇ ਹਨ।