- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਨਸੀਸੀ ਕੈਂਪ ਦੌਰਾਨ ਜੇਐਨਜੇ ਡੀਏਵੀ ਸਕੂਲ ਦੀਆਂ ਕੈਡਿਟਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਜੇਐੱਨਜੇ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਦੀਆਂ ਐੱਨਸੀਸੀ ਕੈਡਿਟ ਲੜਕੀਆਂ ਨੇ ਪਿਛਲੇ ਦਿਨੀਂ ਕਰਨਲ ਭੁਪਿੰਦਰ ਸਿੰਘ ਦੀ ਯੋਗ ਅਗਵਾਈ ਹੇਠ 6 ਪੰਜਾਬ ਬਟਾਲੀਅਨ ਐੱਨਸੀਸੀ ਮਲੋਟ ਵੱਲੋਂ ਕਰਵਾਏ 10 ਦਿਨਾਂ ਸਾਲਾਨਾ ਸਿਖਲਾਈ ਕੈਂਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਮਾਣਮੱਤੀਆਂ ਪ੍ਰਾਪਤੀਆਂ ਆਪਣੇ ਨਾਮ ਕੀਤੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਗੁਰਦਾਸ ਸਿੰਘ ਮਾਨ ਨੇ ਦੱਸਿਆ ਕਿ ਐੱਨਸੀਸੀ ਇੰਚਾਰਜ ਜਸਪ੍ਰੀਤ ਕੌਰ ਅਤੇ ਕਿਰਨਪਾਲ ਕੌਰ ਦੀ ਅਗਵਾਈ ਹੇਠ ਸਕੂਲ ਦੀਆਂ 46 ਵਿਦਿਆਰਥਣਾਂ ਨੇ ਇਸ ਕੈਂਪ ’ਚ ਹਿੱਸਾ ਲਿਆ। ਕੈਂਪ ਦੌਰਾਨ ਵੱਖ-ਵੱਖ ਮੁਕਾਬਲਿਆਂ ’ਚ ਵਿਦਿਆਰਥਣਾਂ ਨੇ ਆਪਣੀ ਯੋਗਤਾ ਅਤੇ ਅਨੁਸ਼ਾਸਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਕੈਪਟਨ ਵਿਸ਼ਵਦੀਪ ਦੀ ਟੀਮ ਨੇ ਰੱਸਾਕਸ਼ੀ ਮੁਕਾਬਲੇ ’ਚ ਸੋਨ ਤਮਗਾ ਹਾਸਲ ਕੀਤਾ। ਰਾਈਫ਼ਲ ਸ਼ੂਟਿੰਗ ਮੁਕਾਬਲੇ ’ਚ ਖੁਸ਼ਪ੍ਰੀਤ ਕੌਰ ਨੇ ਸੋਨ ਤਗਮਾ ਜਿੱਤਿਆ, ਜਦਕਿ ਭਾਗਿਆਂ ਨੇ ਯੋਗਾ ਮੁਕਾਬਲੇ ’ਚ ਚਾਂਦੀ ਦਾ ਤਮਗਾ ਅਤੇ ਮੰਨਤ ਨੇ ਪੋਸਟਰ ਮੇਕਿੰਗ ਮੁਕਾਬਲੇ ’ਚ ਕਾਂਸੀ ਦਾ ਤਮਗਾ ਹਾਸਲ ਕਰ ਕੇ ਸਕੂਲ ਅਤੇ ਐੱਨਸੀਸੀ ਯੂਨਿਟ ਦਾ ਨਾਮ ਰੋਸ਼ਨ ਕੀਤਾ। ਕੈਂਪ ਤੋਂ ਵਾਪਸੀ ਉਪਰੰਤ ਸਕੂਲ ਪਹੁੰਚਣ ’ਤੇ ਪ੍ਰਿੰਸੀਪਲ ਗੁਰਦਾਸ ਸਿੰਘ ਮਾਨ ਨੇ ਸਮੂਹ ਕੈਡਿਟਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਐੱਨਸੀਸੀ ਸਿਰਫ਼ ਸਰੀਰਕ ਸਿਖਲਾਈ ਹੀ ਨਹੀਂ, ਸਗੋਂ ਲੀਡਰਸ਼ਿਪ, ਅਨੁਸ਼ਾਸਨ, ਦੇਸ਼-ਪ੍ਰੇਮ, ਟੀਮ ਭਾਵਨਾ ਅਤੇ ਜ਼ਿੰਮੇਵਾਰੀ ਦੀ ਸੋਚ ਨੂੰ ਵੀ ਮਜ਼ਬੂਤ ਕਰਦੀ ਹੈ। ਉਨ੍ਹਾਂ ਵਿਦਿਆਰਥਣਾਂ ਨੂੰ ਪ੍ਰੇਰਿਤ ਕੀਤਾ ਕਿ ਕੈਂਪ ਦੌਰਾਨ ਸਿੱਖੇ ਗੁਣਾਂ ਨੂੰ ਆਪਣੀ ਨਿੱਜੀ ਜ਼ਿੰਦਗੀ ’ਚ ਅਪਣਾ ਕੇ ਇੱਕ ਉੱਜਵਲ ਭਵਿੱਖ ਦਾ ਨਿਰਮਾਣ ਕਰਨ ਅਤੇ ਦੇਸ਼ ਤੇ ਸਮਾਜ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿਣ।