ਨਹੀਂ ਮਿਲ ਰਹੀ ਮੋਟਰਾਂ ਵਾਲੀ ਪੂਰੀ ਲਾਈਟ, ਕਿਸਾਨ ਹਾਲੋਂ ਬੇਹਾਲ
ਨਹੀਂ ਮਿਲ ਰਹੀ ਮੋਟਰਾਂ ਵਾਲੀ ਪੂਰੀ ਲਾਈਟ, ਕਿਸਾਨ ਹਾਲੋਂ ਬੇਹਾਲ
Publish Date: Sun, 28 Jun 2026 04:32 PM (IST)
Updated Date: Sun, 28 Jun 2026 04:34 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਲਗਾਤਾਰ ਅੱਠ ਘੰਟੇ ਦਿਨ ਵੇਲੇ ਕਿਸਾਨਾਂ ਨੂੰ ਮੋਟਰਾਂ ਵਾਸਤੇ ਲਾਈਟ ਦੇਣ ਦੇ ਵਾਅਦੇ ਕਰਨ ਵਾਲੀ ਸਰਕਾਰ ਦਾ ਅੱਜ ਦਿਵਾਲਾ ਨਿਕਲ ਚੁੱਕਾ ਹੈ। ਜਦੋਂਕਿ ਸਰਕਾਰ ਨੇ ਅੱਠ ਘੰਟੇ ਦੀ ਬਜਾਏ ਛੇ ਘੰਟੇ ਲਾਈਟ ਦੇਣੀ ਸ਼ੁਰੂ ਕਰ ਦਿੱਤੀ ਹੈ ਅਤੇ ਛੇ ਘੰਟਿਆਂ ਵਿੱਚੋਂ ਵੀ ਲਗਾਤਾਰ ਕੱਟ ਲੱਗ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਲਾਇਆ ਹੋਇਆ ਝੋਨਾ ਸੁੱਕ ਰਿਹਾ ਹੈ ਅਤੇ ਖੇਤਾਂ ’ਚ ਤਰੇੜਾਂ ਪੈ ਗਈਆਂ ਹਨ। ਝੋਨੇ ਦੀ ਲਵਾਈ ਸਿਖਰਾਂ ’ਤੇ ਹੈ ਪਰ ਲਾਈਟ ਨਾ ਮਿਲਣ ਕਾਰਨ ਲਵਾਈ ਪੱਛੜ ਰਹੀ ਹੈ ਅਤੇ ਕਿਸਾਨਾਂ ਦੁਆਰਾ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ, ਰੋਡ ਜਾਮ ਕੀਤੇ ਜਾ ਰਹੇ ਹਨ ਪਰ ਸਰਕਾਰ ਵੀ ਬੇਵੱਸ ਜਾਪਦੀ ਹੈ। ਠੇਕਾ ਆਧਾਰਤ ਕਾਮਿਆਂ ਨੇ ਹੜਤਾਲ ਕੀਤੀ ਹੋਈ ਹੈ ਅਤੇ ਥਰਮਲ ਪਲਾਂਟਾਂ ਦੇ ਯੂਨਿਟ ਬੰਦ ਹੋ ਰਹੇ ਹਨ। ਸਰਕਾਰ ਸੋਲਰ ਸਿਸਟਮ ਰਾਹੀਂ ਲਾਈਟ ਪੂਰੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸੋਲਰ ਸਿਸਟਮ ਲਾਈਟ ਪੂਰੀ ਨਹੀਂ ਕੱਢ ਰਹੇ। ਅੱਤ ਦੀ ਗਰਮੀ ਝੋਨੇ ’ਚ ਪਾਣੀ ਖੜਾ ਨਹੀਂ ਹੋਣ ਦਿੰਦੀ ਅਤੇ ਨਵਾਂ ਝੋਨਾ ਲਗਾਉਣ ਵੇਲੇ ਵੀ ਖੇਤ ’ਚ ਪਾਣੀ ਨਹੀਂ ਖੜਦਾ। ਕੁਝ ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਅਸੀਂ ਮਹਿੰਗੇ ਭਾਅ ਦਾ ਡੀਜ਼ਲ ਬਾਲ ਰਹੇ ਹਾਂ ਪਰ ਫਿਰ ਵੀ ਪਾਣੀ ਪੂਰਾ ਨਹੀਂ ਹੋ ਰਿਹਾ। ਸਰਕਾਰ ਨੇ ਕੋਈ ਵੀ ਅਗਾਊਂ ਪ੍ਰਬੰਧ ਨਹੀਂ ਕੀਤੇ। ਚਾਰ ਘੰਟੇ ਹੀ ਮਿਲਦੀ ਹੈ ਬਿਜਲੀ ਪਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਬੀਕੇਯੂ ਡਕੌਂਦਾ ਧਨੇਰ ਨੇ ਦੱਸਿਆ ਕਿ ਕੁੱਲ ਮਿਲਾ ਕੇ ਸਾਨੂੰ ਲਾਈਟ ਚਾਰ ਘੰਟੇ ਹੀ ਮਿਲਦੀ ਹੈ ਕਿਉਂਕਿ ਸਰਕਾਰ ਨੇ ਸਮਾਂ ਘਟਾ ਕੇ ਛੇ ਘੰਟੇ ਕੀਤਾ ਹੈ ਅਤੇ ਛੇ ਘੰਟੇ ਵਿੱਚੋਂ ਵੀ ਕੱਟ ਲੱਗਣ ਕਾਰਨ ਲਾਈਟ ਚਾਰ ਘੰਟੇ ਹੀ ਰਹਿ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਵਾਅਦੇ ਤੋਂ ਬੁਰੀ ਤਰ੍ਹਾਂ ਫੇਲ ਹੋਈ ਹੈ। ਸਰਕਾਰ ਦਿਨ ਵੇਲੇ ਲਾਈਟ ਦੇਣ ਦੀਆਂ ਗੱਲਾਂ ਕਰਦੀ ਹੈ ਪਰ ਲਾਈਟ ਦਿੰਦੀ ਨਹੀਂ। ਉਨ੍ਹਾਂ ਕਿਹਾ ਕਿ ਸਾਨੂੰ ਭਾਵੇਂ ਲਾਈਟ ਰਾਤ ਨੂੰ ਹੀ ਦਿੱਤੀ ਜਾਵੇ ਪਰ ਘੱਟੋ ਘੱਟ 10 ਘੰਟੇ ਲਾਈਟ ਦਿੱਤੀ ਜਾਵੇ ਤਾਂ ਕਿ ਅਸੀਂ ਭਲੀ ਭਾਂਤ ਝੋਨਾ ਲਗਾ ਸਕੀਏ ਅਤੇ ਲੱਗਿਆ ਹੋਇਆ ਝੋਨਾ ਬਚਾ ਸਕੀਏ। ਉਹਨਾਂ ਇਹ ਵੀ ਕਿਹਾ ਕਿ ਜੇ ਸਰਕਾਰ ਨੇ ਜਲਦੀ ਲਾਈਟ ਦਾ ਪ੍ਰਬੰਧ ਨਾ ਕੀਤਾ ਤਾਂ ਅਸੀਂ ਐਸਕੇਐਮ ਵੱਲੋਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਪੰਜਾਬ ਸਰਕਾਰ ਹਰ ਵਾਅਦੇ ’ਤੇ ਬੁਰੀ ਤਰ੍ਹਾਂ ਹੋਈ ਫੇਲ੍ਹ ਪਿੰਡਾਂ ਦੇ ਕਿਸਾਨਾਂ ਹਰਪ੍ਰੀਤ ਸਿੰਘ, ਜਗਦੇਵ ਸਿੰਘ, ਭੁਪਿੰਦਰ ਸਿੰਘ ਕਾਕਾ, ਬਲਵਿੰਦਰ ਸਿੰਘ ਨੇ ਇੱਕ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਪੰਜਾਬ ਸਰਕਾਰ ਹਰ ਵਾਅਦੇ ਤੇ ਬੁਰੀ ਤਰ੍ਹਾਂ ਫੇਲ ਹੋਈ ਹੈ। ਕਿਸਾਨਾਂ ਦੇ ਹਮਦਰਦ ਕਹਾਉਣ ਵਾਲੇ ਮੁੱਖ ਮੰਤਰੀ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ। ਸਰਕਾਰ ਕੋਝੇ ਤਰੀਕੇ ਨਾਲ ਝੋਨਾ ਘਟਾਉਣ ਦੀ ਤਿਆਰੀ ਕਰ ਰਹੀ ਹੈ ਅਤੇ ਸਰਕਾਰ ਕਿਸਾਨਾਂ ਨੂੰ ਬਰਬਾਦ ਕਰਨ ’ਤੇ ਤੁਲੀ ਹੋਈ ਹੈ। ਪਹਿਲਾਂ ਤਾਂ ਕਿਸਾਨਾਂ ਨੂੰ ਝੋਨਾ ਲਗਾਉਣ ਵਾਸਤੇ ਲੇਬਰ ਨਹੀਂ ਮਿਲਦੀ ਜਦ ਕਿਤੇ ਲੇਬਰ ਮਿਲਦੀ ਹੈ ਤਾਂ ਲਾਈਟ ਪੂਰੀ ਨਾ ਆਉਣ ਕਾਰਨ ਲੇਬਰ ਕਿਤੇ ਹੋਰ ਚਲੀ ਜਾਂਦੀ ਹੈ। ਖੇਤੀ ਦੇ ਖਰਚੇ ਵੀ ਬਹੁਤ ਜਿਆਦਾ ਵੱਧ ਗਏ ਹਨ ਜਦ ਝੋਨਾ ਮੰਡੀ ’ਚ ਲੈ ਕੇ ਜਾਂਦੇ ਹਾਂ ਤਾਂ ਝੋਨਾ ਵਿਕਦਾ ਨਹੀਂ ਅਤੇ ਵੱਡੇ ਕਾਟੇ ਲੱਗਦੇ ਹਨ। ਜਦ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤਾਂ ਮੌਸਮ ਸਾਥ ਨਹੀਂ ਦਿੰਦਾ ਅਤੇ ਹੜਾਂ ਵਾਲੀ ਸਥਿਤੀ ਬਣ ਜਾਂਦੀ ਹੈ। ਕਿਸਾਨ ਨੂੰ ਕਦੇ ਡੋਬਾ ਅਤੇ ਕਦੇ ਸੋਕਾ ਮਾਰ ਜਾਂਦਾ ਹੈ। ਕੁਦਰਤ ਦੇ ਨਾਲ ਨਾਲ ਸਰਕਾਰਾਂ ਵੀ ਕਿਸਾਨ ਦੀਆਂ ਦੁਸ਼ਮਣ ਬਣ ਜਾਂਦੀਆਂ ਹਨ। ਕਿਸਾਨਾਂ ਨੇ ਕਿਹਾ ਕਿ ਜੇ ਸਾਨੂੰ ਪੂਰੀ ਬਿਜਲੀ ਮੁਹਈਆ ਨਾ ਕਰਵਾਈ ਗਈ ਤਾਂ ਅਸੀਂ ਸੜਕਾਂ ’ਤੇ ਆ ਜਾਵਾਂਗੇ ਅਤੇ ਸਰਕਾਰੀ ਨੁਮਾਇੰਦਿਆਂ ਵਿਧਾਇਕਾਂ ਅਤੇ ਪਾਵਰਕਾਮ ਤੇ ਅਫਸਰਾਂ ਦੇ ਦਫਤਰ ਘੇਰਾਂਗੇ ਅਤੇ ਸਰਕਾਰ ਨੂੰ ਵਾਅਦੇ ਤੋਂ ਭੱਜਣ ਨਹੀਂ ਦੇਵਾਂਗੇ। ਇੱਕ-ਦੋ ਦਿਨ ’ਚ ਕਿਸਾਨਾਂ ਨੂੰ ਮਿਲੇਗੀ ਪੂਰੀ ਲਾਈਟ : ਐੱਸਡੀਓ ਇਸ ਬਾਬਤ ਜਦ ਐਸਡੀਓ ਪਾਵਰਕਾਮ ਅਰਨੀ ਵਾਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਰੋਪੜ ਪਾਵਰ ਪਲਾਂਟ ਚੱਲ ਪਿਆ ਹੈ ਅਤੇ ਬਾਕੀ ਪਲਾਂਟ ਵੀ ਜਲਦੀ ਚੱਲ ਪੈਣਗੇ ਅਤੇ ਕਿਸਾਨਾਂ ਦੀ ਸਮੱਸਿਆ ਜਲਦੀ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਭਰੋਸਾ ਰੱਖਣ ਅਤੇ ਸਾਡਾ ਸਾਥ ਦੇਣ। ਅਸੀਂ ਇੱਕ ਦੋ ਦਿਨਾਂ ’ਚ ਕਿਸਾਨਾਂ ਨੂੰ ਪੂਰੀ ਲਾਈਟ ਮੁਹੱਈਆ ਕਰਵਾ ਦੇਵਾਂਗੇ।