ਮੁਕਤਸਰ ਵਿਖੇ ਨੀਟ ਦੀ ਰੀ-ਪ੍ਰੀਖਿਆ ਮੁਕੰਮਲ
ਮੁਕਤਸਰ ਵਿਖੇ ਨੀਟ ਦੀ ਰੀ-ਪ੍ਰੀਖਿਆ ਮੁਕੰਮਲ
Publish Date: Sun, 21 Jun 2026 06:33 PM (IST)
Updated Date: Mon, 22 Jun 2026 04:07 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਐਤਵਾਰ ਨੂੰ ਮੁਕਤਸਰ ਸ਼ਹਿਰ ਦੇ ਸੀਨੀਅਰ ਸੈਕੰਡਰੀ ਗਰਲਜ਼ ਸਕੂਲ ਦੇ ਸੈਂਟਰ ਵਿਖੇ ਨੀਟ ਦੀ ਰੀ-ਪ੍ਰੀਖਿਆ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸ਼ਾਂਤੀਪੂਰਵਕ ਨੇਪਰੇ ਚੜ੍ਹੀ। ਇਸ ਪ੍ਰੀਖਿਆ ਲਈ ਕੁੱਲ 573 ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਹੋਈ ਸੀ, ਜਿਨ੍ਹਾਂ ਵਿੱਚੋਂ 500 ਵਿਦਿਆਰਥੀ ਪ੍ਰੀਖਿਆ ਵਿੱਚ ਸ਼ਾਮਲ ਹੋਏ ਜਦੋਂ ਕਿ 73 ਵਿਦਿਆਰਥੀ ਗ਼ੈਰ-ਹਾਜ਼ਰ ਰਹੇ। ਜ਼ਿਲ੍ਹਾ ਸਿੱਖਿਆ ਅਫ਼ਸਰ ਯਾਦਵਿੰਦਰ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੀਖਿਆ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਪ੍ਰੀਖਿਆ ਕੇਂਦਰ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਰਿਹਾ ਅਤੇ ਸ਼ਨਾਖਤੀ ਪੱਤਰ (ਆਈਡੀ ਪਰੂਫ਼) ਤੋਂ ਬਿਨਾਂ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਪ੍ਰੀਖਿਆ ਲਈ ਰਿਪੋਰਟਿੰਗ ਦਾ ਸਮਾਂ ਸਵੇਰੇ 11 ਵਜੇ ਰੱਖਿਆ ਗਿਆ ਸੀ, ਜਦੋਂ ਕਿ ਗੇਟ ਬੰਦ ਹੋਣ ਦਾ ਸਮਾਂ ਦੁਪਹਿਰ 01:30 ਵਜੇ ਸੀ। ਪ੍ਰੀਖਿਆ ਦੁਪਹਿਰ 02:00 ਵਜੇ ਸ਼ੁਰੂ ਹੋ ਕੇ ਸ਼ਾਮ 05:15 ਵਜੇ ਤੱਕ ਚੱਲੀ। ਪ੍ਰੀਖਿਆ ਦਾ ਕੁੱਲ ਸਮਾਂ 3 ਘੰਟੇ 15 ਮਿੰਟ ਸੀ। ਰਾਜ ਦੇ ਵੱਖ-ਵੱਖ ਸ਼ਹਿਰਾਂ ਤੋਂ ਵੀ ਵਿਦਿਆਰਥੀ ਇਸ ਸੈਂਟਰ ਤੇ ਪ੍ਰੀਖਿਆ ਦੇਣ ਪਹੁੰਚੇ ਹੋਏ ਸਨ। ਪ੍ਰੀਖਿਆ ਦੇ ਮੱਦੇਨਜ਼ਰ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਮਾਪੇ ਵੀ ਵੱਡੀ ਗਿਣਤੀ ਵਿੱਚ ਆਏ। ਸੈਂਟਰ ਦੇ ਬਾਹਰ ਅਤੇ ਸ਼ਹਿਰ ਦੀਆਂ ਸੜਕਾਂ ਤੇ ਮਾਪਿਆਂ ਦੀ ਭੀੜ ਕਾਰਨ ਕੁਝ ਸਮੇਂ ਲਈ ਟ੍ਰੈਫਿਕ ਵੀ ਪ੍ਰਭਾਵਿਤ ਹੋਇਆ, ਜਿਸ ਨੂੰ ਸੁਚਾਰੂ ਬਣਾਉਣ ਲਈ ਪੁਲਿਸ ਵੱਲੋਂ ਵਾਧੂ ਜਵਾਨ ਤਾਇਨਾਤ ਕੀਤੇ ਗਏ। ਡੀਈਓ ਯਾਦਵਿੰਦਰ ਸਿੰਘ ਮਾਨ ਨੇ ਕਿਹਾ ਕਿ ਨਕਲ ਅਤੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਲਈ ਸਾਰੇ ਕਮਰਿਆਂ ’ਚ ਸਖ਼ਤ ਨਿਗਰਾਨੀ ਰੱਖੀ ਗਈ ਸੀ। ਪੂਰੀ ਜਾਂਚ-ਪੜਤਾਲ ਤੋਂ ਬਾਅਦ ਹੀ ਵਿਦਿਆਰਥੀਆਂ ਨੂੰ ਪ੍ਰੀਖਿਆ ਹਾਲ ’ਚ ਜਾਣ ਦਿੱਤਾ ਗਿਆ। ਪ੍ਰੀਖਿਆ ਬਿਲਕੁਲ ਸ਼ਾਂਤਮਈ ਮਾਹੌਲ ’ਚ ਨੇਪਰੇ ਚੜ੍ਹੀ ਹੈ ਅਤੇ ਕੋਈ ਵੀ ਅਣਸੁਖਾਵੀਂ ਘਟਨਾ ਸਾਹਮਣੇ ਨਹੀਂ ਆਈ। ਉਨ੍ਹਾਂ ਦੱਸਿਆ ਕਿ ਗ਼ੈਰ-ਹਾਜ਼ਰ ਰਹੇ 73 ਵਿਦਿਆਰਥੀਆਂ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਕੁੱਲ ਮਿਲਾ ਕੇ ਮੁਕਤਸਰ ’ਚ ਨੀਟ ਰੀ-ਪ੍ਰੀਖਿਆ ਦਾ ਆਯੋਜਨ ਪੂਰੀ ਤਰ੍ਹਾਂ ਸਫ਼ਲ ਰਿਹਾ ਅਤੇ ਪ੍ਰਸ਼ਾਸਨ ਨੇ ਇਸ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ।