- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰੋੜਾਂ ਦੀ ਲਾਗਤ ਨਾਲ ਬਣੇ ਸ੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨ ਤੋਂ ਰਾਸ਼ਟਰੀ ਝੰਡਾ ਗਾਇਬ, ਸ਼ਹਿਰ ਵਾਸੀਆਂ 'ਚ ਰੋਸ

-ਸਟੇਸ਼ਨ ਦੀ ਕੌਮੀ ਦਿੱਖ ਹੋ ਰਹੀ ਪ੍ਰਭਾਵਿਤ
- ਤਿਰੰਗੇ ਵਾਲੇ ਪਲੇਟਫਾਰਮ ’ਤੇ ਗੰਦਗੀ ਦੀ ਭਰਮਾਰ ਤੇ ਸੁੱਕ ਰਹੀ ਹਰਿਆਵਲ ਵੱਲ ਵੀ ਧਿਆਨ ਦੇਣ ਦੀ ਮੰਗ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਕੇਂਦਰ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਦਾ ਨਵ-ਨਿਰਮਾਣ ਕਰ ਕੇ ਇਸ ਨੂੰ ਬਹੁਤ ਹੀ ਖੂਬਸੂਰਤ ਦਿੱਖ ਪ੍ਰਦਾਨ ਕੀਤੀ ਗਈ ਹੈ। ਪਰ ਸਟੇਸ਼ਨ ਦੇ ਮੁੱਖ ਦਾਖਲੀ ਬੂਹੇ ਦੇ ਕੋਲ ਲਗਾਇਆ ਗਿਆ ਵਿਸ਼ਾਲ ਰਾਸ਼ਟਰੀ ਝੰਡਾ, ਤਿਰੰਗਾ ਪਿਛਲੇ ਕਾਫੀ ਸਮੇਂ ਤੋਂ ਗਾਇਬ ਹੋਣ ਕਾਰਨ ਰੇਲਵੇ ਸਟੇਸ਼ਨ ਦੀ ਕੌਮੀ ਦਿੱਖ ਨੂੰ ਗ੍ਰਹਿਣ ਲੱਗ ਰਿਹਾ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਅਤੇ ਰੇਲ ਯਾਤਰੀਆਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।
ਦੂਰੋਂ ਖਿੱਚ ਪਾਉਂਦਾ ਸੀ ਲਹਿਰਾਉਂਦਾ ਤਿਰੰਗਾ : ਦੱਸਣਯੋਗ ਹੈ ਕਿ ਸਟੇਸ਼ਨ ਦੇ ਸੁੰਦਰੀਕਰਨ ਦੌਰਾਨ ਮੁੱਖ ਦੁਆਰ ਦੇ ਨੇੜੇ ਇੱਕ ਬਹੁਤ ਉੱਚਾ ਅਤੇ ਵੱਡਾ ਪਿੱਲਰ ਸਥਾਪਿਤ ਕੀਤਾ ਗਿਆ ਸੀ, ਜਿਸ ਦੇ ਆਲੇ-ਦੁਆਲੇ ਕਾਲੇ ਰੰਗ ਦੇ ਖੂਬਸੂਰਤ ਪੱਥਰ ਨਾਲ ਇੱਕ ਸ਼ਾਨਦਾਰ ਸਟੇਜ/ਪਲੇਟਫਾਰਮ ਬਣਾਇਆ ਗਿਆ ਸੀ। ਇਸ ਪਿੱਲਰ 'ਤੇ ਝੂਲਦਾ ਵੱਡਾ ਤਿਰੰਗਾ ਝੰਡਾ ਦੂਰੋਂ ਹੀ ਹਰ ਆਉਣ-ਜਾਣ ਵਾਲੇ ਦਾ ਮਨ ਮੋਹ ਲੈਂਦਾ ਸੀ ਅਤੇ ਸਟੇਸ਼ਨ ਦੀ ਸ਼ਾਨ ਵਧਾਉਂਦਾ ਸੀ। ਪਰ ਹੁਣ ਲੰਮੇ ਸਮੇਂ ਤੋਂ ਝੰਡਾ ਨਾ ਹੋਣ ਕਾਰਨ ਇਹ ਸਟੇਜ ਸੁੰਨੀ ਜਾਪਦੀ ਹੈ।
ਸਫ਼ਾਈ ਦੀ ਘਾਟ ਅਤੇ ਸੁੱਕ ਰਹੀ ਹਰਿਆਵਲ : ਸਥਾਨਕ ਲੋਕਾਂ ਅਤੇ ਰੇਲਵੇ ਸਟਾਫ਼ ਮੁਤਾਬਕ, ਜਿੱਥੇ ਇੱਕ ਪਾਸੇ ਤਿਰੰਗਾ ਗਾਇਬ ਹੈ, ਉੱਥੇ ਹੀ ਦੂਜੇ ਪਾਸੇ ਤਿਰੰਗੇ ਝੰਡੇ ਵਾਲੇ ਇਸ ਖੂਬਸੂਰਤ ਪਲੇਟਫਾਰਮ 'ਤੇ ਅੱਜ-ਕੱਲ੍ਹ ਗੰਦਗੀ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ। ਪਾਣੀ ਦੀ ਉਚਿਤ ਵਿਵਸਥਾ ਨਾ ਹੋਣ ਕਾਰਨ ਪਲੇਟਫਾਰਮ ਦੇ ਆਲੇ-ਦੁਆਲੇ ਲਗਾਈ ਗਈ ਹਰਿਆਵਲ ਅਤੇ ਪੌਦੇ ਵੀ ਸੁੱਕ ਰਹੇ ਹਨ, ਜੋ ਕਿ ਪ੍ਰਸ਼ਾਸਨਿਕ ਅਣਗਹਿਲੀ ਨੂੰ ਸਿੱਧਾ ਦਰਸਾਉਂਦਾ ਹੈ।
ਸ਼ਹਿਰ ਵਾਸੀਆਂ ਨੇ ਸਟੇਸ਼ਨ ਮਾਸਟਰ ਨੂੰ ਸੌਂਪੀ ਮੰਗ : ਸ਼ਹਿਰ ਵਾਸੀਆਂ ਅਤੇ ਸਮਾਜ ਸੇਵੀਆਂ ਵੱਲੋਂ ਇਸ ਸਬੰਧੀ ਸਟੇਸ਼ਨ ਮਾਸਟਰ ਤੱਕ ਪਹੁੰਚ ਕਰਕੇ ਤਿਰੰਗੇ ਝੰਡੇ ਨੂੰ ਤੁਰੰਤ ਅਤੇ ਪੱਕੇ ਤੌਰ 'ਤੇ ਲਹਿਰਾਉਣ ਦੀ ਮੰਗ ਕੀਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਕਰੋੜਾਂ ਰੁਪਏ ਖਰਚਣ ਤੋਂ ਬਾਅਦ ਵੀ ਜੇਕਰ ਦੇਸ਼ ਦੇ ਪ੍ਰਤੀਕ ਚਿੰਨ੍ਹਾਂ ਦੀ ਸਾਂਭ-ਸੰਭਾਲ ਨਹੀਂ ਹੋ ਸਕਦੀ, ਤਾਂ ਇਸ ਸੁੰਦਰੀਕਰਨ ਦਾ ਕੋਈ ਫਾਇਦਾ ਨਹੀਂ। ਸ਼ਹਿਰ ਵਾਸੀਆਂ ਨੇ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸਟੇਸ਼ਨ 'ਤੇ ਤਿਰੰਗਾ ਝੰਡਾ ਪੱਕੇ ਤੌਰ 'ਤੇ ਲਹਿਰਾਉਣ ਦਾ ਪ੍ਰਬੰਧ ਕੀਤਾ ਜਾਵੇ। ਪਲੇਟਫਾਰਮ ਦੀ ਰੋਜ਼ਾਨਾ ਸਾਫ਼-ਸਫ਼ਾਈ ਯਕੀਨੀ ਬਣਾਈ ਜਾਵੇ। ਸੁੱਕ ਰਹੀ ਹਰਿਆਵਲ ਨੂੰ ਬਚਾਉਣ ਲਈ ਪਾਣੀ ਦਾ ਪੁਖਤਾ ਇੰਤਜ਼ਾਮ ਕੀਤਾ ਜਾਵੇ।
ਕੀ ਕਹਿਣਾ ਹੈ ਸਟੇਸ਼ਨ ਮਾਸਟਰ ਦਾ : ਜਦੋਂ ਇਸ ਸਬੰਧੀ ਸਟੇਸ਼ਨ ਮਾਸਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਇਸ ਮੰਗ ਅਤੇ ਸਮੱਸਿਆ ਤੋਂ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ।