ਮੁਕਤਸਰ ਦਾ ਆਦਰਸ਼ ਨਗਰ ਬਣਿਆ ‘ਨਰਕ ਨਗਰ’
ਮੁਕਤਸਰ ਦਾ ਆਦਰਸ਼ ਨਗਰ ਬਣਿਆ ‘ਨਰਕ ਨਗਰ’
Publish Date: Wed, 17 Jun 2026 05:14 PM (IST)
Updated Date: Wed, 17 Jun 2026 05:15 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਆਦਰਸ਼ ਨਗਰ ’ਚ ਸੀਵਰੇਜ ਜਾਮ ਦੀ ਸਮੱਸਿਆ ਨੇ ਸਥਾਨਕ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖ ਦਿੱਤਾ ਹੈ। ਪਿਛਲੇ ਕਈ ਮਹੀਨਿਆਂ ਤੋਂ ਮੁਹੱਲੇ ਦੀਆਂ ਗਲੀਆਂ ’ਚ ਦੂਸ਼ਿਤ ਪਾਣੀ ਇਸ ਕਦਰ ਜਮ੍ਹਾਂ ਹੈ ਕਿ ਇਸ ਨੇ ਤਾਲਾਬ ਦਾ ਰੂਪ ਧਾਰਨ ਕਰ ਲਿਆ ਹੈ। ਹਰ ਆਉਣ-ਜਾਣ ਵਾਲੇ ਨੂੰ ਮਜਬੂਰੀਵੱਸ ਇਸੇ ਗੰਦੇ ਪਾਣੀ ਵਿੱਚੋਂ ਲੰਘਣਾ ਪੈ ਰਿਹਾ ਹੈ। ਘਰਾਂ ਦੇ ਬਾਹਰ ਬਦਬੂ ਦਾ ਆਲਮ ਇਹ ਹੈ ਕਿ ਲੋਕ ਆਪਣੇ ਹੀ ਘਰਾਂ ’ਚ ਖਿੜਕੀਆਂ-ਦਰਵਾਜ਼ੇ ਬੰਦ ਕਰਕੇ ਕੈਦ ਹੋਣ ਲਈ ਮਜਬੂਰ ਹਨ। ਬਰਸਾਤ ਦੇ ਮੌਸਮ ਨੇ ਇਸ ਸਥਿਤੀ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ ਹੈ। ਮੁਹੱਲਾ ਨਿਵਾਸੀ ਮੁਰਲੀ ਕੁਮਾਰ ਨੇ ਦੱਸਿਆ ਕਿ ਇਹ ਸਮੱਸਿਆ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਦੀ ਚੱਲ ਰਹੀ ਹੈ। ਉਦੋਂ ਵੋਟਾਂ ਵੇਲੇ ਮੁਲਾਜ਼ਮ ਆਏ ਜ਼ਰੂਰ, ਪਰ ਸਿਰਫ਼ ਖਾਨਾਪੂਰਤੀ ਕਰਕੇ ਚਲੇ ਗਏ। ਅੱਜ ਤੱਕ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਨਿਕਲਿਆ ਅਤੇ ਗਲੀਆਂ ਹਮੇਸ਼ਾ ਦੂਸ਼ਿਤ ਪਾਣੀ ਨਾਲ ਨੱਕੋ-ਨੱਕ ਭਰੀਆਂ ਰਹਿੰਦੀਆਂ ਹਨ। ਬੱਚਿਆਂ ਦੀ ਸਿਹਤ ਦਾਅ ’ਤੇ, ਚਮੜੀ ਤੇ ਪੇਟ ਦੇ ਰੋਗਾਂ ਨੇ ਪੈਰ ਪਸਾਰੇ ਇਸ ਗੰਦਗੀ ਕਾਰਨ ਸਭ ਤੋਂ ਵੱਧ ਚਿੰਤਾ ਬੱਚਿਆਂ ਦੇ ਭਵਿੱਖ ਅਤੇ ਸਿਹਤ ਨੂੰ ਲੈ ਕੇ ਬਣੀ ਹੋਈ ਹੈ। ਆਦਰਸ਼ ਨਗਰ ਦੇ ਮਾਸੂਮ ਬੱਚੇ ਰੋਜ਼ਾਨਾ ਇਸੇ ਬਦਬੂਦਾਰ ਪਾਣੀ ਵਿੱਚੋਂ ਲੰਘ ਕੇ ਸਕੂਲ ਜਾਣ ਲਈ ਮਜਬੂਰ ਹਨ ਅਤੇ ਕਈ ਵਾਰ ਖੇਡਦੇ ਹੋਏ ਵੀ ਇਸੇ ਗੰਦਗੀ ਦਾ ਸ਼ਿਕਾਰ ਹੁੰਦੇ ਹਨ। ਸਥਾਨਕ ਲੋਕਾਂ ਮੁਤਾਬਕ ਗੰਦੇ ਪਾਣੀ ਕਾਰਨ ਇਲਾਕੇ ’ਚ ਸਕਿਨ ਇਨਫੈਕਸ਼ਨ (ਚਮੜੀ ਦੇ ਰੋਗ), ਪੇਟ ਦੀਆਂ ਬੀਮਾਰੀਆਂ ਅਤੇ ਲਗਾਤਾਰ ਬੁਖਾਰ ਦੇ ਮਾਮਲੇ ਵਧ ਰਹੇ ਹਨ। ਮੁਹੱਲਾ ਨਿਵਾਸੀ ਨਾਥ ਨੇ ਹੰਝੂਆਂ ਭਰੀਆਂ ਅੱਖਾਂ ਨਾਲ ਦੱਸਿਆ ਕਿ ਇਸ ਗੰਦੇ ਪਾਣੀ ਵਿੱਚੋਂ ਲੰਘਣ ਕਾਰਨ ਉਨ੍ਹਾਂ ਦੇ ਪੈਰ ਖ਼ਰਾਬ ਹੋ ਚੁੱਕੇ ਹਨ। ਵਿਭਾਗ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਦਿੱਤੀਆਂ ਗਈਆਂ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਦੁਕਾਨਦਾਰਾਂ ਦੇ ਘਰਾਂ ’ਚ ਪਏ ਰੋਟੀ ਦੇ ਲਾਲੇ ਇਸ ਗੰਭੀਰ ਸਮੱਸਿਆ ਨੇ ਸਥਾਨਕ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਮੁਹੱਲੇ ’ਚ ਦੁਕਾਨ ਚਲਾਉਣ ਵਾਲੇ ਸੰਦੇਸ਼ ਨੇ ਦੱਸਿਆ ਕਿ ਗਲੀ ’ਚ ਹਰ ਵੇਲੇ ਪਾਣੀ ਜਮ੍ਹਾਂ ਰਹਿਣ ਕਾਰਨ ਗਾਹਕਾਂ ਨੇ ਇੱਥੇ ਆਉਣਾ ਬਿਲਕੁਲ ਬੰਦ ਕਰ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਚੁੱਕਾ ਹੈ। ਸਿਰਫ਼ ਲਾਰੇ ਮਿਲਦੇ ਹਨ, ਕੁਝ ਨਹੀਂ ਬਦਲਿਆ ਇਲਾਕਾ ਨਿਵਾਸੀ ਰਾਜ ਕਾਲੜਾ ਨੇ ਦੋਸ਼ ਲਾਇਆ ਕਿ ਸੀਵਰੇਜ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਲਗਾਤਾਰ ਗੁਹਾਰ ਲਗਾਈ ਜਾ ਰਹੀ ਹੈ, ਪਰ ਮੁਲਾਜ਼ਮ ਸਿਰਫ਼ ਫਾਰਮੈਲਿਟੀ (ਖਾਨਾਪੂਰਤੀ) ਕਰਨ ਆਉਂਦੇ ਹਨ। ਲਾਈਨਾਂ ਦੀ ਸਫ਼ਾਈ ਦੇ ਨਾਂ ’ਤੇ ਡਰਾਮਾ ਕਰਕੇ ਚਲੇ ਜਾਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਹਰ ਵਾਰ ਉਨ੍ਹਾਂ ਨੂੰ ਜਲਦ ਹੱਲ ਦਾ ਭਰੋਸਾ ਤਾਂ ਦਿੱਤਾ ਜਾਂਦਾ ਹੈ, ਪਰ ਜ਼ਮੀਨੀ ਪੱਧਰ ’ਤੇ ਹਾਲਾਤ ਜਿਉਂ ਦੇ ਤਿਉਂ ਹਨ, ਜਿਸ ਕਾਰਨ ਹੁਣ ਪ੍ਰਸ਼ਾਸਨ ਖ਼ਿਲਾਫ਼ ਜਨਤਾ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਹੈ। ਸਮੱਸਿਆ ਦਾ ਜਲਦ ਹੀ ਪੱਕਾ ਹੱਲ ਕੀਤਾ ਜਾਵੇਗਾ : ਐਕਸੀਅਨ ਦੂਜੇ ਪਾਸੇ ਜਦੋਂ ਇਸ ਮਾਮਲੇ ਸਬੰਧੀ ਸੀਵਰੇਜ ਬੋਰਡ ਦੇ ਐਕਸੀਅਨ ਕੇਵਲ ਗਰਗ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਜਲਦ ਹੀ ਪੱਕਾ ਹੱਲ ਕਰ ਦਿੱਤਾ ਜਾਵੇਗਾ।