ਮੁਕਤਸਰ ’ਚ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਦੀ ਚੋਣ ਮੁੜ ਟਲੀ
ਮੁਕਤਸਰ ’ਚ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਦੀ ਚੋਣ ਮੁੜ ਟਲੀ
Publish Date: Mon, 22 Jun 2026 05:37 PM (IST)
Updated Date: Mon, 22 Jun 2026 05:40 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਵਿਖੇ ਪਿਛਲੇ ਛੇ ਮਹੀਨਿਆਂ ਤੋਂ ਲਟਕ ਰਹੀ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਦੀ ਚੋਣ ਸੋਮਵਾਰ ਨੂੰ ਵੀ ਨਹੀਂ ਹੋ ਸਕੀ। ਪ੍ਰਸ਼ਾਸਨ ਨੇ ਕੋਰਮ ਪੂਰਾ ਨਾ ਹੋਣ ਦਾ ਹਵਾਲਾ ਦਿੰਦਿਆਂ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ, ਜਿਸ ਤੋਂ ਬਾਅਦ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਇਸ ਫੈਸਲੇ ਖ਼ਿਲਾਫ਼ ਸ਼ੋ੍ਮਣੀ ਅਕਾਲੀ ਦਲ (ਸ਼ਿਅਦ) ਨੇ ਪ੍ਰਸ਼ਾਸਨ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ’ਤੇ ਧੱਕੇਸ਼ਾਹੀ ਦਾ ਦੋਸ਼ ਲਗਾਉਂਦੇ ਹੋਏ ਡੀਸੀ ਦਫ਼ਤਰ ਦੇ ਬਾਹਰ ਜੰਮ ਕੇ ਨਾਅਰੇਬਾਜ਼ੀ ਕੀਤੀ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਚੇਅਰਮੈਨ ਦੀ ਚੋਣ ਲਈ 13 ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੇ ਨਾਲ 4 ਬਲਾਕ ਸਮਿਤੀ ਪ੍ਰਧਾਨਾਂ ਦਾ ਹੋਣਾ ਵੀ ਜ਼ਰੂਰੀ ਹੈ, ਯਾਨੀ ਕੁੱਲ 17 ਮੈਂਬਰਾਂ ਦਾ ਕੋਰਮ ਚਾਹੀਦਾ ਹੈ। ਸੋਮਵਾਰ ਨੂੰ ਹੋਈ ਬੈਠਕ ’ਚ ਸਿਰਫ਼ 16 ਮੈਂਬਰ ਹੀ ਮੌਜੂਦ ਸਨ, ਜਿਸ ਕਾਰਨ ਚੋਣ ਨਹੀਂ ਕਰਵਾਈ ਜਾ ਸਕੀ। ਐਸਡੀਐਮ ਗੁਰਕਿਰਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਕਾਨੂੰਨ ਮੁਤਾਬਕ ਕੋਰਮ ਪੂਰਾ ਨਾ ਹੋਣ ਕਾਰਨ ਚੋਣ ਮੁਲਤਵੀ ਕੀਤੀ ਗਈ ਹੈ ਅਤੇ ਅਗਲੀ ਤਾਰੀਖ਼ ਬਾਅਦ ’ਚ ਤੈਅ ਕੀਤੀ ਜਾਵੇਗੀ। ਦੂਜੇ ਪਾਸੇ ਸ਼ੋ੍ਮਣੀ ਅਕਾਲੀ ਦਲ ਇਸ ਤਰਕ ਨੂੰ ਮੰਨਣ ਲਈ ਤਿਆਰ ਨਹੀਂ ਹੈ। ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਪਹਿਲੀ ਮੀਟਿੰਗ ’ਚ ਸਿਰਫ਼ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦਾ ਕੋਰਮ ਜ਼ਰੂਰੀ ਹੁੰਦਾ ਹੈ, ਜੋ ਕਿ 12 ਹੈ। ਉਨ੍ਹਾਂ ਮੁਤਾਬਕ ਮੀਟਿੰਗ ’ਚ 16 ਮੈਂਬਰ ਹਾਜ਼ਰ ਸਨ ਅਤੇ ਸਾਰਿਆਂ ਨੇ ਰਜਿਸਟਰ ’ਤੇ ਦਸਤਖਤ ਵੀ ਕੀਤੇ ਸਨ, ਅਜਿਹੇ ਹਾਲਾਤ ’ਚ ਚੋਣ ਮੁਲਤਵੀ ਕਰਨਾ ਸਰਾਸਰ ਗਲਤ ਹੈ। ਸਰਕਾਰ ਬਣਾ ਰਹੀ ਹੈ ਦਬਾਅ : ਰੋਜ਼ੀ ਬਰਕੰਦੀ ਸ਼ੋ੍ਅਦ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਇਸ ਨੂੰ ‘ਬਦਲਾਅ’ ਦਾ ਨਵਾਂ ਤਰੀਕਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪਹਿਲਾਂ ਵਿਰੋਧੀ ਧਿਰ ਬਾਈਕਾਟ ਕਰਦੀ ਸੀ, ਪਰ ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਸੱਤਾ ਪੱਖ ਦੇ ਲੋਕ ਹੀ ਬਾਈਕਾਟ ਕਰ ਗਏ। ਰੋਜ਼ੀ ਬਰਕੰਦੀ ਨੇ ਦੋਸ਼ ਲਾਇਆ ਕਿ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਡੀਸੀ ਦਫ਼ਤਰ ’ਚ ਬੈਠ ਕੇ ਦਬਾਅ ਬਣਾ ਰਹੇ ਸਨ ਤਾਂ ਜੋ ਚੇਅਰਮੈਨ ਆਮ ਆਦਮੀ ਪਾਰਟੀ ਦਾ ਹੀ ਬਣੇ। ਉਨ੍ਹਾਂ ਦਾਅਵਾ ਕੀਤਾ ਕਿ ਐਸਡੀਐਮ ਨੂੰ ਚੰਡੀਗੜ੍ਹ ਤੋਂ ਲਗਾਤਾਰ ਫ਼ੋਨ ਆ ਰਹੇ ਸਨ। ਬਰਕੰਦੀ ਨੇ ਦੱਸਿਆ ਕਿ ਮੌਕੇ ’ਤੇ ਅਕਾਲੀ ਦਲ ਦੇ 9 ਅਤੇ ‘ਆਪ’ ਦੇ 7 ਮੈਂਬਰ ਹਾਜ਼ਰ ਸਨ, ਜਦਕਿ ਕਾਂਗਰਸ ਦਾ ਇੱਕ ਮੈਂਬਰ ਨਹੀਂ ਆਇਆ। ਉਨ੍ਹਾਂ ਐਲਾਨ ਕੀਤਾ ਕਿ ਉਹ ਆਰਟੀਆਈ ਰਾਹੀਂ ਸਾਰੇ ਹਸਤਾਖਰਾਂ ਦਾ ਰਿਕਾਰਡ ਲੈ ਕੇ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ। ਇਸੇ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਿੱਟੂ ਨੇ ਵੀ ਸਰਕਾਰ ’ਤੇ ਨਿਰਪੱਖ ਚੋਣ ਨਾ ਹੋਣ ਦੇਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਜਿਨ੍ਹਾਂ ਅਫ਼ਸਰਾਂ ਨੇ ਧੱਕੇਸ਼ਾਹੀ ਕੀਤੀ ਹੈ, ਉਨ੍ਹਾਂ ਨੂੰ ਵੀ ਅਦਾਲਤ ’ਚ ਘਸੀਟਿਆ ਜਾਵੇਗਾ। ਸਿਆਸੀ ਸਮੀਕਰਨ ਜ਼ਿਕਰਯੋਗ ਹੈ ਕਿ ਦਸੰਬਰ ਮਹੀਨੇ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ’ਚ ਮੁਕਤਸਰ ਦੀਆਂ 13 ਸੀਟਾਂ ਵਿੱਚੋਂ 7 ਸ਼ੋ੍ਮਣੀ ਅਕਾਲੀ ਦਲ, 5 ਆਮ ਆਦਮੀ ਪਾਰਟੀ ਅਤੇ 1 ਕਾਂਗਰਸ ਨੇ ਜਿੱਤੀ ਸੀ। ਚੇਅਰਮੈਨ ਦੇ ਅਹੁਦੇ ਨੂੰ ਲੈ ਕੇ ਦੋਵਾਂ ਮੁੱਖ ਪਾਰਟੀਆਂ ਵਿਚਾਲੇ ਖਿੱਚੋਤਾਣ ਚੱਲ ਰਹੀ ਹੈ। ਪਿਛਲੇ ਛੇ ਮਹੀਨਿਆਂ ਤੋਂ ਚੋਣ ਟਲਣ ਕਾਰਨ ਇਲਾਕੇ ਦੇ ਵਿਕਾਸ ਕਾਰਜਾਂ ਤੇ ਮਾੜਾ ਅਸਰ ਪੈਣ ਦੀ ਸ਼ੰਕਾ ਜਤਾਈ ਜਾ ਰਹੀ ਹੈ। ਹੁਣ ਸਭ ਦੀਆਂ ਨਜ਼ਰਾਂ ਅਗਲੀ ਮੀਟਿੰਗ ਦੀ ਤਾਰੀਖ਼ ਅਤੇ ਅਕਾਲੀ ਦਲ ਵੱਲੋਂ ਹਾਈਕੋਰਟ ’ਚ ਦਾਇਰ ਕੀਤੀ ਜਾਣ ਵਾਲੀ ਪਟੀਸ਼ਨ ’ਤੇ ਟਿਕੀਆਂ ਹੋਈਆਂ ਹਨ। ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਕੋਰਮ ਦੇ ਨਿਯਮਾਂ ਦੀ ਕੀ ਵਿਆਖਿਆ ਪੇਸ਼ ਕਰਦਾ ਹੈ ਅਤੇ ਅਦਾਲਤ ਇਸ ’ਤੇ ਕੀ ਰੁਖ਼ ਅਖਤਿਆਰ ਕਰਦੀ ਹੈ।