ਜ਼ਿਲ੍ਹਾ ਹਸਪਤਾਲ ਸ੍ਰੀ ਮੁਕਤਸਰ ਸਾਹਿਬ ’ਚ ਤਿੰਨ ਮਹੀਨੇ ਬਾਅਦ ਸ਼ੁਰੂ ਹੋਵੇਗੀ ਐਮਆਰਆਈ ਦੀ ਸਹੂਲਤ
ਜ਼ਿਲ੍ਹਾ ਹਸਪਤਾਲ ਸ੍ਰੀ ਮੁਕਤਸਰ ਸਾਹਿਬ ’ਚ ਤਿੰਨ ਮਹੀਨੇ ਬਾਅਦ ਸ਼ੁਰੂ ਹੋਵੇਗੀ ਐਮਆਰਆਈ ਦੀ ਸੁਵਿਧਾ
Publish Date: Fri, 12 Jun 2026 06:20 PM (IST)
Updated Date: Fri, 12 Jun 2026 06:21 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਖੇਤਰ ’ਚ ਇੱਕ ਵੱਡੀ ਸੌਗਾਤ ਦਿੰਦਿਆਂ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵੱਲੋਂ ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਲਗਭਗ 20 ਕਰੋੜ ਰੁਪਏ ਨਾਲ ਨਵੇਂ ਬਣਨ ਵਾਲੇ ਐਮਆਰਆਈ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਡਾ. ਸੁਨੀਲ ਬਾਂਸਲ ਅਤੇ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜੀਵ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਕਾਕਾ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਲੋਕਾਂ ਨੂੰ ਬਿਹਤਰ ਅਤੇ ਸਸਤੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਐਲਾਨ ਕੀਤਾ ਕਿ ਇਸ ਐਮਆਰਆਈ ਸੈਂਟਰ ਦਾ ਨਿਰਮਾਣ ਕਾਰਜ ਆਉਣ ਵਾਲੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਮੁਕੰਮਲ ਕਰਕੇ ਇਸਨੂੰ ਜਨਤਾ ਦੇ ਸਮਰਪਿਤ ਕਰ ਦਿੱਤਾ ਜਾਵੇਗਾ। ਇਸ ਸੈਂਟਰ ਦੇ ਬਣਨ ਨਾਲ ਜ਼ਿਲ੍ਹੇ ਦੇ ਗਰੀਬ ਅਤੇ ਲੋੜਵੰਦ ਮਰੀਜ਼ਾਂ ਨੂੰ ਟੈਸਟ ਕਰਵਾਉਣ ਲਈ ਦੂਰ-ਦੁਰਾਡੇ ਦੇ ਸ਼ਹਿਰਾਂ ਜਾਂ ਨਿੱਜੀ ਸੈਂਟਰਾਂ ’ਚ ਜਾ ਕੇ ਮਹਿੰਗੇ ਭਾਅ ਦੇ ਟੈਸਟ ਕਰਵਾਉਣ ਤੋਂ ਮੁਕਤੀ ਮਿਲੇਗੀ ਅਤੇ ਹਸਪਤਾਲ ’ਚ ਹੀ ਸਰਕਾਰੀ ਦਰਾਂ ’ਤੇ ਇਹ ਸੁਵਿਧਾ ਮਿਲੇਗੀ। ਇਸ ਮੌਕੇ ਸਿਵਲ ਸਰਜਨ ਡਾ. ਸੁਨੀਲ ਬਾਂਸਲ ਨੇ ਵਿਧਾਇਕ ਕਾਕਾ ਬਰਾੜ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਸਿਹਤ ਵਿਭਾਗ ਵੱਲੋਂ ਇਸ ਪ੍ਰੋਜੈਕਟ ਦੀ ਨਿਗਰਾਨੀ ਪੂਰੀ ਤਨਦੇਹੀ ਨਾਲ ਕੀਤੀ ਜਾਵੇਗੀ ਤਾਂ ਜੋ ਤਿੰਨ ਮਹੀਨਿਆਂ ਦੇ ਮਿੱਥੇ ਸਮੇਂ ਅੰਦਰ ਕੰਮ ਪੂਰਾ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਅਤਿ-ਆਧੁਨਿਕ ਮਸ਼ੀਨਰੀ ਦੇ ਆਉਣ ਨਾਲ ਗੰਭੀਰ ਬਿਮਾਰੀਆਂ, ਸਿਰ ਅਤੇ ਰੀੜ੍ਹ ਦੀ ਹੱਡੀ ਦੀਆਂ ਸੱਟਾਂ ਦੀ ਜਾਂਚ ਹੁਣ ਇੱਥੇ ਹੀ ਸੰਭਵ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਜਿੱਥੇ ਐਮ.ਆਰ.ਆਈ. ਸੈਂਟਰ ਰਾਹੀਂ ਗੰਭੀਰ ਬਿਮਾਰੀਆਂ, ਸਿਰ ਅਤੇ ਰੀੜ੍ਹ ਦੀ ਹੱਡੀ ਦੀਆਂ ਸੱਟਾਂ ਦੀ ਜਾਂਚ ਸਰਕਾਰੀ ਦਰਾਂ ਤੇ ਹੋਵੇਗੀ, ਉੱਥੇ ਹੀ ਨਵੀਂ ਤਿਆਰ ਹੋਈ ਇੰਟੇਗ੍ਰੇਟਿਡ ਪਬਲਿਕ ਹੈਲਥ ਲੈਬ ਰਾਹੀਂ ਮਰੀਜ਼ਾਂ ਨੂੰ ਹਰ ਤਰ੍ਹਾਂ ਦੇ ਖੂਨ, ਪਿਸ਼ਾਬ ਅਤੇ ਹੋਰ ਗੁੰਝਲਦਾਰ ਪੈਥੋਲੋਜੀਕਲ ਟੈਸਟਾਂ ਦੀ ਸਹੂਲਤ ਇੱਕੋ ਛੱਤ ਹੇਠ ਮਿਲੇਗੀ। ਇਸ ਨਾਲ ਗਰੀਬ ਅਤੇ ਲੋੜਵੰਦ ਮਰੀਜ਼ਾਂ ਨੂੰ ਪ੍ਰਾਈਵੇਟ ਲੈਬਾਂ ਦੀ ਲੁੱਟ ਤੋਂ ਵੱਡੀ ਰਾਹਤ ਮਿਲੇਗੀ। ਡਾ. ਰਾਜੀਵ ਕੁਮਾਰ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ, ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਨਵੇਂ ਬਣੇ ਫੈਸੀਲੀਟੇਸ਼ਨ ਸੈਂਟਰ ਵਿਖੇ ਲੋਕਾਂ ਨੂੰ ਮੁਫਤ ਦਵਾਈਆਂ, ਵੇਟਿੰਗ ਏਰੀਆ ਅਤੇ ਹੋਰ ਸਿਹਤ ਸਹੂਲਤਾਂ ਇੱਕ ਛੱਤ ਥੱਲੇ ਮਿਲਣਗੀਆਂ ਇਸ ਤੋਂ ਇਲਾਵਾ ਸਿਵਲ ਹਸਪਤਾਲ, ਸ੍ਰੀ ਮੁਕਤਸਰ ਸਾਹਿਬ ਵਿਖੇ ਨਵੇਂ ਬਣ ਰਹੇ 30 ਬੈੱਡ ਦੇ ਐਮਸੀਐਚ ਵਿੰਗ ਨੂੰ ਬਹੁਤ ਜਲਦੀ ਤਿਆਰ ਕਰਕੇ ਸ਼ੁਰੂ ਕਰ ਦਿੱਤਾ ਜਾਵੇਗਾ। ਜਿਸ ਨਾਲ ਜੱਚਾ ਬੱਚਾ ਨੂੰ ਬਿਹਤਰ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣਗੀਆਂ। ਇਸ ਮੌਕੇ ਡਾ. ਅਰਪਨਦੀਪ ਸਿੰਘ, ਡਾ. ਨਵਰੋਜ਼ ਗੋਇਲ, ਡਾ. ਰੌਬਿਨ, ਗੁਰਚਰਨ ਸਿੰਘ ਫਾਰਮੇਸੀ ਅਫਸਰ, ਲਾਲ ਚੰਦ ਜਿਲ੍ਹਾ ਸਿਹਤ ਇੰਸਪੈਕਟਰ, ਗੁਰਪ੍ਰੀਤ ਸਿੰਘ ਪੀਏ ਟੂ ਸਿਵਲ ਸਰਜਨ, ਸੋਨੀਆ ਨਰਸਿੰਗ ਸਿਸਟਰ, ਹਸਪਤਾਲ ਦਾ ਸਟਾਫ਼, ਨਰਸਿੰਗ ਸਟੂਡੈਂਟਸ ਅਤੇ ਵਿੱਕੀ ਕੁਮਾਰ ਪੀਏ ਟੂ ਐਮਐਲਏ (ਐਮਸੀ), ਧਰਮਿੰਦਰ ਸਿੰਘ ਐਮਸੀ ਅਤੇ ਸ਼ਹਿਰ ਦੇ ਹੋਰ ਐਮਸੀ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ’ਚ ਹਾਜ਼ਰ ਸਨ।