ਮੌਨਸੂਨ ਸਿਰ ’ਤੇ ਪਰ ਮੁਕਤਸਰ ’ਚ ਸੀਵਰੇਜ ਲਾਈਨਾਂ ਦੀ ਸਫ਼ਾਈ ਨਹੀਂ
ਮਾਨਸੂਨ ਸਿਰ ’ਤੇ ਪਰ ਮੁਕਤਸਰ ’ਚ ਸੀਵਰੇਜ ਲਾਈਨਾਂ ਦੀ ਸਫ਼ਾਈ ਨਹੀਂ
Publish Date: Thu, 25 Jun 2026 06:56 PM (IST)
Updated Date: Thu, 25 Jun 2026 06:58 PM (IST)

-ਓਵਰਫਲੋਅ ਕਾਰਨ ਲੋਕ ਪਰੇਸ਼ਾਨ -ਮੀਂਹ ਪੈਣ ’ਤੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਖੜ੍ਹੀ ਹੋਵੇਗੀ ਵੱਡੀ ਮੁਸੀਬਤ -ਪ੍ਰਸ਼ਾਸਨ ਦੇ ਦਾਅਵੇ ਫੋਕੇ, ਗਲੀਆਂ-ਮੁਹੱਲਿਆਂ ’ਚ ਸੀਵਰੇਜ ਦਾ ਗੰਦਾ ਪਾਣੀ ਜਮ੍ਹਾਂ ਹੋਣ ਕਾਰਨ ਨਰਕ ਵਰਗੀ ਬਣੀ ਜ਼ਿੰਦਗੀ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੌਨਸੂਨ ਦਸਤਕ ਦੇਣ ਵਾਲਾ ਹੈ ਅਤੇ ਮੌਸਮ ਵਿਭਾਗ ਨੇ 30 ਜੂਨ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਪਰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਤਿਆਰੀਆਂ ਅਜੇ ਵੀ ਪਿਛਲੇ ਸਾਲਾਂ ਵਾਂਗ ਬੇਹੱਦ ਸੁਸਤ ਹਨ। ਨਤੀਜੇ ਵਜੋਂ, ਇਸ ਵਾਰ ਵੀ ਮੁਕਤਸਰ ਨਿਵਾਸੀਆਂ ਨੂੰ ਜਲ-ਥਲ (ਪਾਣੀ ਭਰਨ) ਦਾ ਡਰ ਸਤਾਉਣ ਲੱਗ ਪਿਆ ਹੈ। ਸ਼ਹਿਰ ’ਚ ਨਿਕਾਸੀ ਨਾਲਿਆਂ ਦੀ ਸਫ਼ਾਈ ਦਾ ਕੰਮ ਅਜੇ ਤੱਕ ਅਧੂਰਾ ਪਿਆ ਹੈ। ਕੰਮ ਦੀ ਰਫ਼ਤਾਰ ਇੰਨੀ ਮੱਠੀ ਹੈ ਕਿ ਮਾਨਸੂਨ ਤੋਂ ਪਹਿਲਾਂ ਇਸ ਦੇ ਪੂਰੇ ਹੋਣ ਦੀ ਉਮੀਦ ਬਹੁਤ ਘੱਟ ਦਿਖਾਈ ਦੇ ਰਹੀ ਹੈ। ਦੂਜੇ ਪਾਸੇ, ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਸ਼ਹਿਰ ’ਚ ਸੀਵਰੇਜ ਲਾਈਨਾਂ ਦੀ ਸਫ਼ਾਈ ਤੇਜ਼ੀ ਨਾਲ ਚੱਲ ਰਹੀ ਹੈ, ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਹਰ ਰੋਜ਼ ਗਲੀ-ਮੁਹੱਲਿਆਂ ’ਚੋਂ ਸੀਵਰੇਜ ਜਾਮ ਹੋਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਵਾਰਡ ਨੰਬਰ 26 ਅਤੇ 27 ਦੇ ਨਿਵਾਸੀ ਸਭ ਤੋਂ ਵੱਧ ਪ੍ਰੇਸ਼ਾਨ ਹਨ। ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਸਫ਼ਾਈ ਨਾ ਹੋਈ ਤਾਂ ਉਹ ਧਰਨਾ ਦੇਣ ਲਈ ਮਜਬੂਰ ਹੋਣਗੇ। ਪ੍ਰਸ਼ਾਸਨ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਮਾਨਸੂਨ ਤੋਂ ਪਹਿਲਾਂ ਸਫ਼ਾਈ ਦਾ ਕਾਰਜ ਮੁਕੰਮਲ ਕਰ ਲਿਆ ਜਾਵੇਗਾ, ਪਰ ਅਜੇ ਤੱਕ ਅਜਿਹਾ ਨਹੀਂ ਕੀਤਾ ਗਿਆ। -ਇਹ ਇਲਾਕੇ ਹਨ ਸਭ ਤੋਂ ਵੱਧ ਪ੍ਰਭਾਵਿਤ- ਸ਼ਹਿਰ ’ਚ ਸੀਵਰੇਜ ਜਾਮ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ। ਗੋਨਿਆਣਾ ਰੋਡ ਦੀਆਂ ਗਲੀਆਂ, ਮੌੜ ਰੋਡ, ਸੁਭਾਸ਼ ਨਗਰ, ਸੁੰਦਰ ਨਗਰ, ਕੱਚਾ ਉਦੇਕਰਨ ਰੋਡ, ਕੋਟਲੀ ਰੋਡ, ਆਦਰਸ਼ ਨਗਰ, ਚੱਕ ਰਾਮ ਨਗਰ ਅਤੇ ਸ੍ਰੀ ਦੁਰਗਾ ਮੰਦਿਰ ਵਾਲੀ ਗਲੀ ਵਿੱਚ ਸੀਵਰੇਜ ਜਾਮ ਦੀ ਸਮੱਸਿਆ ਸਭ ਤੋਂ ਵੱਧ ਰਹਿੰਦੀ ਹੈ। ਇਸਤੋਂ ਇਲਾਵਾ ਕੱਚਾ ਭਾਗਸਰ ਰੋਡ, ਅਕਾਲ ਅਕੈਡਮੀ ਦੇ ਨੇੜੇ, ਕਿਸ਼ੋਰੀ ਲਾਲ ਵਾਲੀ ਗਲੀ ਅਤੇ ਨਾਗਪਾਲ ਵਾਲੀ ਗਲੀ ਦੇ ਲੋਕ ਵੀ ਰੋਜ਼ਾਨਾ ਬਦਬੂ ਅਤੇ ਗੰਦੇ ਪਾਣੀ ਦਾ ਸਾਹਮਣਾ ਕਰ ਰਹੇ ਹਨ। ਮਾਨਸੂਨ ਦੌਰਾਨ ਸਥਿਤੀ ਹੋਰ ਵੀ ਬਦਤਰ ਹੋ ਜਾਂਦੀ ਹੈ। ਸ਼ੇਰ ਸਿੰਘ ਚੌਂਕ, ਘਾਹ ਮੰਡੀ ਚੌਂਕ, ਗਾਂਧੀ ਚੌਂਕ, ਰੇਲਵੇ ਰੋਡ, ਰੈੱਡ ਕਰਾਸ ਦੇ ਬਾਹਰ, ਕੋਟਕਪੂਰਾ ਰੋਡ ਅਤੇ ਅਬੋਹਰ ਰੋਡ ਵਰਗੇ ਨੀਵੇਂ ਇਲਾਕਿਆਂ ਵਿੱਚ ਮਾੜਾ ਜਿਹਾ ਮੀਂਹ ਪੈਂਦੇ ਹੀ ਪਾਣੀ ਭਰ ਜਾਂਦਾ ਹੈ। ਸੀਵਰੇਜ ਲਾਈਨਾਂ ਸਾਫ਼ ਨਾ ਹੋਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਅਤੇ ਗੰਦਾ ਪਾਣੀ ਲੋਕਾਂ ਦੇ ਘਰਾਂ ’ਚ ਵੜ ਜਾਂਦਾ ਹੈ। ਪਾਈਪਲਾਈਨਾਂ ਪਾਉਣ ਲਈ ਪੁੱਟੀਆਂ ਸੜਕਾਂ ਬਣਨਗੀਆਂ ਮੁਸੀਬਤ : ਉੱਪਰੋਂ ਸ਼ਹਿਰ ਵਿੱਚ ਪਾਣੀ ਅਤੇ ਸੀਵਰੇਜ ਦੀ ਪਾਈਪਲਾਈਨ ਪਾਉਣ ਦਾ ਕੰਮ ਵੀ ਕੱਛੂਕੰਮੇ ਦੀ ਚਾਲ ਚੱਲ ਰਿਹਾ ਹੈ। ਸ਼ਹਿਰ ਦੀਆਂ ਕਈ ਸੜਕਾਂ ਜਗ੍ਹਾ-ਜਗ੍ਹਾ ਤੋਂ ਪੁੱਟੀਆਂ ਪਈਆਂ ਹਨ। ਮਾਨਸੂਨ ਤੋਂ ਪਹਿਲਾਂ ਇਨ੍ਹਾਂ ਦਾ ਕੰਮ ਮੁਕੰਮਲ ਹੋਣਾ ਮੁਸ਼ਕਿਲ ਜਾਪਦਾ ਹੈ। ਸੜਕਾਂ ਤੇ ਪਏ ਖੱਡਿਆਂ ਕਾਰਨ ਲੋਕਾਂ ਦਾ ਆਉਣਾ-ਜਾਣਾ ਦੁਭਰ ਹੋ ਗਿਆ ਹੈ। ਅਜਿਹੇ ਵਿੱਚ ਮਾਨਸੂਨ ਦੌਰਾਨ ਲੋਕਾਂ ਨੂੰ ਦੋਹਰੀ ਮਾਰ ਝੱਲਣੀ ਪਵੇਗੀ, ਇੱਕ ਪਾਸੇ ਜਲ-ਥਲ ਅਤੇ ਦੂਜੇ ਪਾਸੇ ਟੁੱਟੀਆਂ ਸੜਕਾਂ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਇਹੀ ਹਾਲ ਹੁੰਦਾ ਹੈ ਅਤੇ ਪ੍ਰਸ਼ਾਸਨ ਸਿਰਫ਼ ਕਾਗਜ਼ਾਂ ਵਿੱਚ ਹੀ ਤਿਆਰੀਆਂ ਵਿਖਾਉਂਦਾ ਹੈ। ਸਥਾਨਕ ਲੋਕਾਂ ਨੇ ਜਤਾਇਆ ਰੋਸ : ਵਾਰਡ ਨੰਬਰ 26, 27 ਦੇ ਨਿਵਾਸੀ ਰਿੰਕੂ ਕੁਮਾਰ, ਪ੍ਰਿੰਸ, ਵਿੱਕੀ, ਰਾਜਪਾਲ ਅਤੇ ਹੰਸਰਾਜ ਨੇ ਕਿਹਾ ਕਿ ਉਹ ਸਾਲਾਂ ਤੋਂ ਸੀਵਰੇਜ ਜਾਮ ਦੀ ਸਮੱਸਿਆ ਨਾਲ ਜੂਝ ਰਹੇ ਹਨ। ਹੁਣ ਵੀ ਉਨ੍ਹਾਂ ਦੀਆਂ ਗਲੀਆਂ ਸੀਵਰੇਜ ਦੇ ਪਾਣੀ ਨਾਲ ਤਾਲਾਬ ਬਣੀਆਂ ਹੋਈਆਂ ਹਨ। ਜਦੋਂ ਉਹ ਅਧਿਕਾਰੀਆਂ ਕੋਲ ਸ਼ਿਕਾਇਤ ਕਰਦੇ ਹਨ ਤਾਂ ਕੋਈ ਸੁਣਵਾਈ ਨਹੀਂ ਹੁੰਦੀ। ਉਹ ਇਸ ਗੰਦੇ ਪਾਣੀ ਵਿੱਚ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਜੇਕਰ ਪ੍ਰਸ਼ਾਸਨ ਨੇ ਜਲਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਉਹ ਤਿੱਖਾ ਧਰਨਾ-ਪ੍ਰਦਰਸ਼ਨ ਕਰਨਗੇ। ਸਫ਼ਾਈ ਦਾ ਕੰਮ ਚੱਲ ਰਿਹਾ ਹੈ : ਐਕਸੀਅਨ ਦੂਜੇ ਪਾਸੇ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਐਕਸੀਅਨ ਕੇਵਲ ਗਰਗ ਨੇ ਕਿਹਾ ਕਿ ਸਫ਼ਾਈ ਦਾ ਕਾਰਜ ਨਿਰੰਤਰ ਚੱਲ ਰਹੀ ਹੈ ਅਤੇ ਸ਼ਹਿਰ ਦੀਆਂ ਸਾਰੀਆਂ ਮੁੱਖ ਲਾਈਨਾਂ ਦੀ ਸਫ਼ਾਈ ਜਲਦੀ ਹੀ ਮੁਕੰਮਲ ਕਰ ਲਈ ਜਾਵੇਗੀ।