- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਡਿੰਪੀ ਢਿੱਲੋਂ ਨੇ ਪਿੰਡ ਵਾਸੀਆਂ ਨੂੰ ਲੁੱਕ ਮਿਕਸ ਪਲਾਂਟ ਇੱਥੇ ਨਾ ਲੱਗਣ ਦਾ ਦਿੱਤਾ ਭਰੋਸਾ

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ
ਗਿੱਦੜਬਾਹਾ : ਹਲਕੇ ਦੇ ਪਿੰਡ ਮਧੀਰ ਵਿਖੇ ਲੱਗ ਰਹੇ ਲੁੱਕ ਪਲਾਂਟ ਨੂੰ ਬੰਦ ਕਰਵਾਉਣ ਲਈ ਪਿੰਡ ਵਾਸੀਆਂ ਨਾਲ ਯੂਨੀਅਨ ਵੱਲੋਂ ਲਗਾਏ ਧਰਨੇ ’ਤੇ ਅੱਜ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਧਰਨੇ ’ਚ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਸੰਦੀਪ ਸਿੰਘ ਸਨੀ ਢਿੱਲੋਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ਮਿੰਦਰ ਸਿੰਘ ਕੋਟਲੀ, ਚਰਨਜੀਤ ਸਿੰਘ ਲੁਹਾਰਾ, ਆਪ ਆਗੂ ਨਵੀ ਬਰਾੜ, ਐੱਮਸੀ ਰੈਸਟੀ ਰੰਧਾਵਾ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਵਰਨਣਯੋਗ ਹੈ ਕਿ ਪਿੰਡ ਮਧੀਰ ਵਾਸੀ ਪਿਛਲੇ ਕਰੀਬ ਡੇਢ ਮਹੀਨੇ ਤੋਂ ਇਸ ਲੁੱਕ ਮਿਕਸ ਪਲਾਂਟ ਦਾ ਵਿਰੋਧ ਕਰ ਰਹੇ ਹਨ ਅਤੇ ਪਿੰਡ ਵਾਸੀਆਂ ਦੇ ਵਿਰੋਧ ਦੇ ਚੱਲਦੇ ਇਸ ਪਲਾਂਟ ਦਾ ਕੰਮ ਕਈ ਵਾਰ ਰੋਕਿਆ ਗਿਆ ਤੇ ਪਿੰਡ ਵਾਸੀ ਇਸ ਲੁੱਕ ਪਲਾਂਟ ਨੂੰ ਨਾ ਲੱਗਣ ਦੇਣ ਲਈ ਬਜ਼ਿਦ ਹਨ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਕਿਹਾ ਕਿ ਪਿੰਡ ਦੀ ਆਬਾਦੀ ਨੇੜੇ ਲੱਗਣ ਵਾਲਾ ਇਹ ਪਲਾਂਟ ਪਿੰਡ ਵਾਸੀਆਂ ਲਈ ਘਾਤਕ ਸਿੱਧ ਹੋਵੇਗਾ। ਉਨਾਂ ਪਿੰਡ ਵਾਲਿਆਂ ਨੂੰ ਇਹ ਵਿਸ਼ਵਾਸ਼ ਦਵਾਇਆ ਕਿ ਤੁਹਾਡੀ ਇਜ਼ਾਜਤ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ ਲੁੱਕ ਪਲਾਂਟ ਤਾਂ ਲੱਗਣਾ ਹੀ ਹੈ।
ਉਨ੍ਹਾਂ ਨੇ ਮੌਕੇ ’ਤੇ ਡੀਸੀ ਮੁਕਤਸਰ ਨੂੰ ਫੋਨ ਲਗਾ ਕੇ ਕਿਹਾ ਕਿ ਲੁੱਕ ਪਲਾਂਟ ਨੂੰ ਜੋ ਮਨਜ਼ਰੂੀਆਂ ਮਿਲੀਆਂ ਨੇ ਪਿੰਡ ਵਾਲਿਆਂ ਨੂੰ ਸ਼ੱਕ ਹੈ ਕਿ ਇਹ ਜਾਅਲੀ ਨੇ ਉਨ੍ਹਾਂ ਦੀ ਦੁਬਾਰਾ ਜਾਂਚ ਹੋਵੇ। ਉਨ੍ਹਾਂ ਕਿਹਾ ਕਿ ਜੋ ਇਹ ਪਲਾਂਟ ਲਗਾ ਰਹੇ ਹਨ, ਉਨ੍ਹਾਂ ਨਾਲ ਜਾਂ ਉਨ੍ਹਾਂ ਦੇ ਵਪਾਰ ਵਧਾਉਣ ਨਾਲ ਸਾਡਾ ਕੋਈ ਵਿਰੋਧ ਨਹੀਂ ਹੈ ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਪਿੰਡ ਵਾਸੀਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਇਹ ਪਲਾਂਟ ਆਬਾਦੀ ਤੋਂ ਦੂਰ ਲਗਾਇਆ ਜਾਵੇ। ਉਨ੍ਹਾਂ ਪਿੰਡ ਵਾਸੀਆਂ ਨੂੰ ਤੇ ਸਹਿਯੋਗੀਆਂ ਨੂੰ ਪੂਰਾ ਭਰੋਸਾ ਦਿੱਤਾ ਕਿ ਲੁੱਕ ਮਿਕਸ ਪਲਾਂਟ ਇੱਥੇ ਨਹੀਂ ਲੱਗੇਗਾ। ਇਸ ਮੌਕੇ ਸ਼ਮਿੰਦਰ ਕੋਟਲੀ, ਨਵੀਂ ਮਧੀਰ, ਅਮਰਜੀਤ ਮਧੀਰ, ਸਰਪੰਚ ਜਗਦੀਪ ਸਿੰਘ ਮਧੀਰ ਤੇ ਸੰਨੀ ਢਿੱਲੋਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਠਾਣਾ ਸਿੰਘ ਬਬਾਣੀਆਂ ਤੇ ਇਕਾਈ ਦੇ ਹੋਰ ਆਗੂ ,ਕਿਸਾਨ ਯੂਨੀਅਨ ਫਤਹਿ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਭੁੱਲਰ , ਪਿੰਡ ਦੀ ਹਰੇਕ ਪਾਰਟੀ ਦੇ ਆਗੂ ਅਤੇ ਸਮੂਹ ਨਗਰ ਨਿਵਾਸੀ ਤੇ ਸਹਿਯੋਗੀ ਹਾਜ਼ਰ ਸਨ।