- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਹਮਣੇ ਗਲੀ ਵਿੱਚ ਰਹਿੰਦੇ ਜੱਗਾ ਸਿੰਘ ਦੇ ਇੱਕ ਬੇਟੇ ਨਾਲ ਉਨ੍ਹਾਂ ਨੇ ਜ਼ਮੀਨ ਖਰੀਦਣ ਦਾ ਸੌਦਾ ਕੀਤਾ ਸੀ, ਜਿਸਦਾ ਸਾਰਾ ਹਿਸਾਬ-ਕਿਤਾਬ ਪਹਿਲਾਂ ਹੀ ਨਿਬੜ ਚੁੱਕਾ ਸੀ। ਪਰ ਬੀਤੀ ਸ਼ਾਮ ਇਸੇ ਲੈਣ-ਦੇਣ ਅਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਉਨ੍ਹਾਂ ਵਿਚਾਲੇ ਮਾਮੂਲੀ ਬਹਿਸ ਹੋ ਗਈ।

ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ (ਸ੍ਰੀ ਮੁਕਤਸਰ ਸਾਹਿਬ) : ਹਲਕਾ ਗਿੱਦੜਬਾਹਾ ਅਧੀਨ ਪੈਂਦੇ ਪਿੰਡ ਦੋਦਾ ਵਿਖੇ ਮਾਮੂਲੀ ਗੱਲਬਾਤ ਨੂੰ ਲੈ ਕੇ ਹੋਈ ਤਕਰਾਰ ਨੇ ਉਸ ਵੇਲੇ ਖ਼ੂਨੀ ਰੂਪ ਧਾਰਨ ਕਰ ਲਿਆ, ਜਦੋਂ ਇੱਕ ਗੁਆਂਢੀ ਨੇ ਦੂਜੇ 'ਤੇ ਲੋਹੇ ਦੀ ਸੱਬਲ ਨਾਲ ਹਮਲਾ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਪੀ (ਡੀ) ਅਸ਼ੋਕ ਮੀਨਾ, ਡੀਐੱਸਪੀ ਗਿੱਦੜਬਾਹਾ ਜਤਿੰਦਰ ਸਿੰਘ, ਥਾਣਾ ਕੋਟਭਾਈ ਦੇ ਮੁੱਖ ਅਫ਼ਸਰ ਰਾਜਵੀਰ ਸਰਾਂ ਅਤੇ ਪੁਲਿਸ ਚੌਕੀ ਦੋਦਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੋਂ ਕਤਲ ਸਬੰਧੀ ਬਾਰੀਕੀ ਨਾਲ ਜਾਣਕਾਰੀ ਹਾਸਲ ਕੀਤੀ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਹਮਣੇ ਗਲੀ ਵਿੱਚ ਰਹਿੰਦੇ ਜੱਗਾ ਸਿੰਘ ਦੇ ਇੱਕ ਬੇਟੇ ਨਾਲ ਉਨ੍ਹਾਂ ਨੇ ਜ਼ਮੀਨ ਖਰੀਦਣ ਦਾ ਸੌਦਾ ਕੀਤਾ ਸੀ, ਜਿਸਦਾ ਸਾਰਾ ਹਿਸਾਬ-ਕਿਤਾਬ ਪਹਿਲਾਂ ਹੀ ਨਿਬੜ ਚੁੱਕਾ ਸੀ। ਪਰ ਬੀਤੀ ਸ਼ਾਮ ਇਸੇ ਲੈਣ-ਦੇਣ ਅਤੇ ਪੁਰਾਣੀ ਰੰਜਿਸ਼ ਨੂੰ ਲੈ ਕੇ ਉਨ੍ਹਾਂ ਵਿਚਾਲੇ ਮਾਮੂਲੀ ਬਹਿਸ ਹੋ ਗਈ। ਇਸੇ ਤਕਰਾਰ ਦੇ ਚੱਲਦਿਆਂ ਸਤਨਾਮ ਸਿੰਘ ਨੇ ਘਰ ਦੇ ਵਿਹੜੇ ਵਿੱਚ ਮੰਜੇ ’ਤੇ ਬੈਠੇ ਤਕਰੀਬਨ 60 ਸਾਲਾ ਗੁਰਨਾਮ ਸਿੰਘ ਉਰਫ਼ ਬਾਵਾ (ਪੁੱਤਰ ਭੋਲਾ ਸਿੰਘ, ਵਾਸੀ ਦੋਦਾ) 'ਤੇ ਲੋਹੇ ਦੀ ਸੱਬਲ ਨਾਲ ਤਾਬੜਤੋੜ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਸਬੰਧੀ ਪੁਲਿਸ ਚੌਕੀ ਦੋਦਾ ਵੱਲੋਂ ਮ੍ਰਿਤਕ ਦੇ ਬੇਟੇ ਸੁਰਜੀਤ ਸਿੰਘ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਹਨ। ਜਦੋਂ ਇਸ ਮਾਮਲੇ ਬਾਰੇ ਡੀਐੱਸਪੀ ਗਿੱਦੜਬਾਹਾ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਕੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।