ਚੁੱਪ ਚੁੱਪੀਤੇ ਥੇੜੀ ’ਚ ਲਾਏ ਜਾ ਰਹੇ ਲੁੱਕ ਪਲਾਂਟ ਦਾ ਤਿੰਨ ਪਿੰਡਾਂ ਵੱਲੋਂ ਵਿਰੋਧ
ਚੁੱਪ ਚੁੱਪੀਤੇ ਥੇੜੀ ਪਿੰਡ ਲੱਗ ਰਹੇ ਲੁੱਕ ਪਲਾਂਟ ਨੂੰ ਲੈ ਕੇ ਤਿੰਨ ਪਿੰਡਾਂ ਦੇ ਲੋਕਾਂ ਵੱਲੋਂ ਭਾਰੀ ਵਿਰੋਧ
Publish Date: Wed, 24 Jun 2026 06:33 PM (IST)
Updated Date: Wed, 24 Jun 2026 06:34 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਗਿੱਦੜਬਾਹਾ ਸਬ ਡਿਵੀਜ਼ਨ ਦੇ ਪਿੰਡ ਮਧੀਰ ਵਿਖੇ ਲਗਾਏ ਜਾ ਰਹੇ ਚਰਚਾ ਅਤੇ ਸੰਘਰਸ਼ ਦਾ ਵੱਡਾ ਮਸਲਾ ਬਣੇ ਲੁੱਕ ਪਲਾਂਟ ਨੂੰ ਰੱਦ ਕਰਨ ਦੇ ਸਿਆਸੀ ਤੇ ਪ੍ਰਸ਼ਾਸਨਿਕ ਫੈਸਲੇ ਮਗਰੋਂ ਠੇਕੇਦਾਰ ਵੱਲੋਂ ਗਿੱਦੜਬਾਹਾ ਸਬ ਡਿਵੀਜ਼ਨ ਦੇ ਹੀ ਪਿੰਡ ਥੇੜੀ ਵਿਖੇ ਇਸ ਪਲਾਂਟ ਨੂੰ ਲਗਾਉਣ ਦੇ ਚੁੱਪ ਚੁਪੀਤੇ ਯਤਨ ਸ਼ੁਰੂ ਕਰ ਦਿੱਤੇ ਗਏ ਸਨ। ਇਹ ਪਲਾਂਟ ਹੁਣ ਥੇੜੀ ਤੋਂ ਮੱਲਵਾਲਾ, ਔਲਖ ਲਿੰਕ ਰੋਡ ’ਤੇ ਪੈ ਰਹੀ ਪਿੰਡ ਥੇੜੀ ਦੇ ਰਕਬੇ ਦੀ ਅਤੇ ਪਿੰਡ ਫਕਰਸਰ ਦੇ ਇੱਕ ਵਿਅਕਤੀ ਦੀ ਜਮੀਨ ਤਿੰਨ ਸਾਲਾਂ ਲਈ ਠੇਕੇ ’ਤੇ ਲੈਣ ਦਾ ਇਕਰਾਰਨਾਮਾ ਬਣਾਇਆ ਗਿਆ ਹੈ। ਜਿਕਰਯੋਗ ਹੈ ਕਿ ਪਹਿਲਾਂ ਇਹ ਲੁੱਕ ਪਲਾਂਟ ਪਿੰਡ ਮਧੀਰ ਦੀ ਅਬਾਦੀ ਨੇੜੇ ਲਗਾਇਆ ਜਾ ਰਿਹਾ ਸੀ ਜਿਸਨੂੰ ਪਿੰਡ ਦੇ ਲੋਕਾਂ ਤੇ ਕਿਸਾਨ ਯੂਨੀਅਨ ਦੇ ਵਿਰੋਧ ’ਤੇ ਲਗਾਤਾਰ ਲੱਗੇ ਧਰਨੇ ਮਗਰੋਂ ਰੱਦ ਕਰਨਾ ਪਿਆ। ਪਿੰਡ ਥੇੜੀ ਦੇ ਲੋਕਾਂ ਨੂੰ ਪਤਾ ਲੱਗਣ ਤੇ ਪਿੰਡ ਥੇੜੀ ਫਕਰਸਰ ਅਤੇ ਘੱਗਾ ਨਾਨਕਸਰ ਦੇ ਲੋਕਾਂ ਨੇ ਪਹਿਲਾਂ ਹੀ ਵਿਰੋਧ ਸ਼ੁਰੂ ਕਰ ਦਿੱਤਾ ਹੈ। ਅੱਜ ਸਵੇਰ ਜਦੋਂ ਠੇਕੇਦਾਰ ਲੁੱਕ ਪਲਾਂਟ ਵਾਲਾ ਮਟੀਰੀਅਲ ਲੈਕੇ ਇਸ ਜਗ੍ਹਾ ’ਤੇ ਪੁੱਜਾ ਤਾਂ ਪਿੰਡ ਵਾਸੀਆਂ ਨੂੰ ਪਤਾ ਲੱਗਣ ਤੇ ਥੇੜੀ ਪਿੰਡ ਸਮੇਤ ਪਿੰਡ ਫਕਰਸਰ ਤੇ ਨਾਨਕਸਰ ਘੱਗਾ ਦੇ ਲੋਕਾਂ ਨੇ ਇਕੱਠੇ ਹੋਕੇ ਠੇਕੇਦਾਰ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕੀਤਾ। ਇਸ ਮੌਕੇ ਗਿੱਦੜਬਾਹਾ ਪੁਲਿਸ ਦੀ ਪੈਟਰੋਲਿੰਗ ਪਾਰਟੀ ਵੀ ਮੌਕੇ ’ਤੇ ਪੁੱਜੀ ਅਤੇ ਉਹ ਅਹਿਤਿਆਤ ਦੇ ਤੌਰ ਤੇ ਠੇਕੇਦਾਰ ਤੇ ਉਸਦੇ ਸਾਥੀ ਨੂੰ ਆਪਣੇ ਨਾਲ ਬਿਠਾ ਕੇ ਲੈ ਗਈ। ਉਸ ਮਗਰੋਂ ਪਿੰਡ ਥੇੜੀ, ਫਕਰਸਰ ਤੇ ਨਾਨਕਸਰ ਘੱਗਾ ਦੇ ਲੋਕਾਂ ਨੇ ਇਕ ਦਰਖਾਸਤ ਤੇ ਮੰਗ ਪੱਤਰ ਗਿੱਦੜਬਾਹਾ ਦੇ ਉੱਪ ਮੰਡਲ ਮੈਜਿਸਟਰੇਟ ਨੂੰ ਦਿੱਤਾ ਤੇ ਡਿਪਟੀ ਕਮਿਸ਼ਨਰ ਤੇ ਮੰਤਰੀਆਂ ਨੂੰ ਚਿੱਠੀਆਂ ਵੀ ਪਾਈਆਂ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਕਿ ਕਿਸੇ ਵੀ ਤਰਾਂ ਇੱਥੇ ਲੁੱਕ ਪਲਾਂਟ ਨਹੀਂ ਲੱਗਣ ਦੇਣਗੇ। ਜਿਕਰਯੋਗ ਹੈ ਕਿ ਇਹ ਜਗ੍ਹਾ ਥੇੜੀ, ਘੱਗਾ ਨਾਨਕਸਰ ਅਬਾਦੀ ਦੇ ਬਿੱਲਕੁੱਲ ਨਜਦੀਕ ਹੈ ਤੇ ਠੇਕੇਦਾਰ ਕੋਲ ਹਾਲੇ ਕਿਸੇ ਵੀ ਵਿਭਾਗ ਦੀ ਐਨਓਸੀ ਨਹੀਂ ਹੈ। ਅੱਜ ਦੇ ਵਿਰੋਧ ਇਕੱਠ ’ਚ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਗੋਰਾ ਖਾਲਸਾ, ਸਾਬਕਾ ਸੈਨਿਕ ਭਲਾਈ ਵਿੰਗ ਦੇ ਅਵਤਾਰ ਸਿੰਘ ਫਕਰਸਰ ਨੇ ਵੀ ਆਪਣੀ ਹਮਾਇਤ ਦਿੱਤੀ। ਇਸ ਮੌਕੇ ਪਿੰਡ ਫਕਰਸਰ ਦੇ ਸਰਪੰਚ ਮਨੀ ਢਿੱਲੋਂ, ਥੇੜੀ ਪਿੰਡ ਦੀ ਸਰਪੰਚ ਦੇ ਪਤੀ ਅੰਗਰੇਜ ਸਿੰਘ, ਕੌਰ ਸਿੰਘ ਭੁੱਲਰ, ਜਸਵਿੰਦਰ ਸਿੰਘ ਭੁੱਲਰ, ਤਰਨਪ੍ਰੀਤ ਸਿੰਘ ਭਾਈਕਾ, ਸੀਰਾ ਬਰਾੜ, ਮੈਂਗਲ ਸਿੰਘ, ਦਵਿੰਦਰ ਸਿੰਘ ਢਿੱਲੋਂ, ਸੁੱਖਜਿੰਦਰ ਸਿੰਘ ਕੁੰਡਰ ਤੋਂ ਇਲਾਵਾ ਪੰਚ ਤੇ ਤਿੰਨਾਂ ਪਿੰਡਾਂ ਦੇ ਭਾਰੀ ਗਿਣਤੀ ਵਿੱਚ ਲੋਕ ਮੌਜੂਦ ਸਨ।