ਮੁਕਤਸਰ 'ਚ ਗਊ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ, 29 ਗਊਆਂ ਬਚਾਈਆਂ; ਦੋ ਟਰੱਕ ਜ਼ਬਤ
ਸੰਯੁਕਤ ਗਊ ਰੱਖਿਆ ਦਲ ਪੰਜਾਬ ਦੇ ਜਨਰਲ ਸਕੱਤਰ ਮਹੰਤ ਗਰੀਬ ਦਾਸ ਅਨੁਸਾਰ, ਉਨ੍ਹਾਂ ਦੀ ਟੀਮ ਪੂਰੇ ਪੰਜਾਬ ਵਿੱਚ ਗਊ ਤਸਕਰੀ ਰੋਕਣ ਲਈ ਸਰਗਰਮ ਹੈ। ਗੁਪਤ ਸੂਚਨਾ ਦੇ ਅਧਾਰ 'ਤੇ ਪਿੰਡ ਧਿਗਾਨਾ ਤੋਂ ਗਊ ਰੱਖਿਅਕਾਂ ਦੀ ਟੀਮ ਨੇ ਇਹਨਾਂ ਟਰੱਕਾਂ ਦਾ ਪਿੱਛਾ ਕੀਤਾ ਅਤੇ ਇੱਕ ਟਰੱਕ ਨੂੰ ਪੇਪਰ ਮਿੱਲ ਕੋਲ ਅਤੇ ਦੂਜੇ ਨੂੰ ਮੁਕਤਸਰ ਦੇ ਕੋਟਕਪੂਰਾ-ਬਠਿੰਡਾ ਬਾਈਪਾਸ ਤੋਂ ਕਾਬੂ ਕਰ ਲਿਆ।
Publish Date: Fri, 16 Oct 2026 02:56 PM (IST)
Updated Date: Fri, 16 Oct 2026 02:58 PM (IST)
ਭੰਵਰਾ, ਗਿੱਲ ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਿੱਚ ਗਊ ਸੇਵਕਾਂ ਵੱਲੋਂ ਗਊ ਤਸਕਰੀ ਖਿਲਾਫ ਇੱਕ ਵੱਡੀ ਕਾਰਵਾਈ ਕਰਦੇ ਹੋਏ ਦੋ ਕੈਂਟਰਾਂ (ਟਰੱਕਾਂ) ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਤਕਰੀਬਨ 29 ਗਊਆਂ ਲੱਦੀਆਂ ਹੋਈਆਂ ਸਨ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਗਊਆਂ ਅਤੇ ਟਰੱਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਨ੍ਹਾਂ ਟਰੱਕਾਂ ਉੱਪਰ ਕਰਨਾਟਕਾ ਨੰਬਰ ਦੀਆਂ ਪਲੇਟਾਂ ਲੱਗੀਆਂ ਹੋਈਆਂ ਸਨ।
ਸੰਯੁਕਤ ਗਊ ਰੱਖਿਆ ਦਲ ਪੰਜਾਬ ਦੇ ਜਨਰਲ ਸਕੱਤਰ ਮਹੰਤ ਗਰੀਬ ਦਾਸ ਅਨੁਸਾਰ, ਉਨ੍ਹਾਂ ਦੀ ਟੀਮ ਪੂਰੇ ਪੰਜਾਬ ਵਿੱਚ ਗਊ ਤਸਕਰੀ ਰੋਕਣ ਲਈ ਸਰਗਰਮ ਹੈ। ਗੁਪਤ ਸੂਚਨਾ ਦੇ ਅਧਾਰ 'ਤੇ ਪਿੰਡ ਧਿਗਾਨਾ ਤੋਂ ਗਊ ਰੱਖਿਅਕਾਂ ਦੀ ਟੀਮ ਨੇ ਇਹਨਾਂ ਟਰੱਕਾਂ ਦਾ ਪਿੱਛਾ ਕੀਤਾ ਅਤੇ ਇੱਕ ਟਰੱਕ ਨੂੰ ਪੇਪਰ ਮਿੱਲ ਕੋਲ ਅਤੇ ਦੂਜੇ ਨੂੰ ਮੁਕਤਸਰ ਦੇ ਕੋਟਕਪੂਰਾ-ਬਠਿੰਡਾ ਬਾਈਪਾਸ ਤੋਂ ਕਾਬੂ ਕਰ ਲਿਆ। ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਰਾਜੇਸ਼ ਗਰਗ ਵੀ ਸੂਚਨਾ ਮਿਲਣ 'ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਮੌਕੇ 'ਤੇ ਪਹੁੰਚੇ। ਗਊ ਸੇਵਕ ਮਾਨਕ ਬਾਵਾ ਨੇ ਦੱਸਿਆ ਕਿ 29 ਗਊਆਂ ਨੂੰ ਧੰਨਾ ਜੱਟ ਗਊਸ਼ਾਲਾ ਦੇ ਵਿੱਚ ਛੱਡ ਦਿੱਤਾ ਗਿਆ ਹੈ ਜਿੱਥੇ ਉਨਾਂ ਦੀ ਦੇਖਰੇਖ ਗਊਸ਼ਾਲਾ ਕਮੇਟੀ ਵੱਲੋਂ ਕੀਤੀ ਜਾਵੇਗੀ ਅਤੇ ਉਹਨਾਂ ਵਲੋਂ ਮੰਗ ਕੀਤੀ ਕਿ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ।
ਮੌਕੇ ਤੋਂ ਕੁੱਲ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਦੋ ਵਿਅਕਤੀ ਕਰਨਾਟਕਾ ਦੇ ਅਤੇ ਇੱਕ ਵਿਅਕਤੀ ਉੱਤਰ ਪ੍ਰਦੇਸ਼ (ਯੂ.ਪੀ.) ਦਾ ਰਹਿਣ ਵਾਲਾ ਹੈ। ਫੜੇ ਗਏ ਇੱਕ ਮੁਲਜ਼ਮ ਨੇ ਦੱਸਿਆ ਕਿ ਉਸਨੂੰ ਟਰੱਕ ਮੋਗਾ ਛੱਡਣ ਲਈ ਸਿਰਫ਼ 2000 ਰੁਪਏ ਮਿਲੇ ਸਨ। ਉਸਦਾ ਇੱਕ ਸਾਥੀ ਯੁਵਰਾਜ ਮੌਕੇ ਤੋਂ ਫਰਾਰ ਹੋ ਗਿਆ।
ਕਰਨਾਟਕਾ ਦੇ ਰਹਿਣ ਵਾਲੇ ਮੁਲਜ਼ਮ ਨੇ ਮੰਨਿਆ ਕਿ ਉਹ ਇਨ੍ਹਾਂ ਟਰੱਕਾਂ ਨੂੰ ਖੰਨਾ ਸਾਈਡ ਵੱਲ ਲੈ ਕੇ ਜਾ ਰਹੇ ਸਨ। ਇਸ ਕੰਮ ਵਿੱਚ ਅਸਰਤ ਨਾਮਕ ਵਿਅਕਤੀ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਫੜੇ ਗਏ ਮੁਲਜ਼ਮਾਂ ਦੇ ਮੋਬਾਈਲ ਫੋਨ ਜ਼ਬਤ ਕਰ ਲਏ ਹਨ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਬਾਕੀ ਜਾਣਕਾਰੀ ਵਿਸਥਾਰ ਨਾਲ ਐਫ.ਆਈ.ਆਰ. (FIR) ਵਿੱਚ ਦਰਜ ਕੀਤੀ ਜਾਵੇਗੀ। ਗਊ ਰੱਖਿਅਕਾਂ ਨੇ ਪ੍ਰਸ਼ਾਸਨ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਗਊ ਤਸਕਰੀ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।