ਭਲ਼ਕੇ ਖੁੱਡੀਆਂ ਚੱਲੋ : ਪੰਜਾਬ ਸਟੂਡੈਂਟਸ ਯੂਨੀਅਨ
25 ਜੂਨ ਖੁੱਡੀਆਂ ਚੱਲੋ : ਪੰਜਾਬ ਸਟੂਡੈਂਟਸ ਯੂਨੀਅਨ
Publish Date: Tue, 23 Jun 2026 04:54 PM (IST)
Updated Date: Tue, 23 Jun 2026 04:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੰਬੀ : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਬਾਦਲ ਸਥਿਤ ਸਰਕਾਰੀ ਆਈਟੀਆਈ ਨੂੰ ਖਿਓਵਾਲੀ ਆਈਟੀਆਈ ’ਚ ਰਲੇਵਾਂ ਕਰਨ ਦੇ ਨਾਮ ਉਪਰ ਬੰਦ ਕਰਨ ਦੇ ਆਮ ਆਦਮੀ ਪਾਰਟੀ ਦੇ ਫ਼ੈਸਲੇ ਖ਼ਿਲਾਫ਼ ਵਿੱਢੇ ਸੰਘਰਸ਼ ਤਹਿਤ ਪਿੰਡ ਬਾਦਲ ਵਿਖੇ ਕੈਂਡਲ ਮਾਰਚ ਕੀਤਾ ਗਿਆ ਅਤੇ ਪਿੰਡ ਵਾਸੀਆਂ ਨੂੰ 25 ਜੂਨ ਨੂੰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਹੋ ਰਹੇ ਰੋਸ ਪ੍ਰਦਰਸ਼ਨ ’ਚ ਵੱਡੀ ਗਿਣਤੀ ’ਚ ਪਹੁੰਚਣ ਦਾ ਸੱਦਾ ਦਿੱਤਾ ਗਿਆ। ਸੰਬੋਧਨ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਸੁਖਪ੍ਰੀਤ ਕੌਰ, ਜ਼ੋਨਲ ਸਕੱਤਰ ਰਜਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਾਲ 2001 ਤੋਂ ਸਫਲਤਾਪੂਰਵਕ ਚੱਲ ਰਹੀ ਬਾਦਲ ਆਈਟੀਆਈ ਕੋਲ ਆਧੁਨਿਕ ਮਸ਼ੀਨਰੀ ਅਤੇ 22 ਤਜ਼ਰਬੇਕਾਰ ਇੰਸਟਰਕਟਰਾਂ ਦਾ ਸਟਾਫ਼ ਮੌਜੂਦ ਹੈ, ਪਰ ਆਮ ਆਦਮੀ ਪਾਰਟੀ ਦੇ ਇਸ਼ਾਰੇ ’ਤੇ ਬਿਨਾਂ ਕਿਸੇ ਕਾਰਨ ਤੋਂ ਰਲੇਵੇਂ ਦੇ ਨਾਂ ’ਤੇ ਇਸਨੂੰ ਬੰਦ ਕਰਕੇ ਖਿਓਵਾਲੀ ਵਿਖੇ ਤਬਦੀਲ ਦੇ ਫ਼ੈਸਲੇ ਖ਼ਿਲਾਫ਼ ਬਾਦਲ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ’ਚ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ ਇਸ ਆਈਟੀਆਈ ’ਚ ਰਾਸ਼ਟਰੀ ਪੱਧਰ (NCVT) ਦੀਆਂ ਟ੍ਰੇਡਸ (ਕੋਰਸ) ਹਨ ਤੇ ਖਿਓਵਾਲੀ ਆਈਟੀਆਈ ’ਚ ਪੰਜਾਬ ਪੱਧਰ (SCVT) ਦੇ ਕੋਰਸ ਮੌਜੂਦ ਹਨ। ਜਿਸ ਕਾਰਨ ਇਹ ਕੋਰਸ ਉਥੇ ਨਹੀਂ ਚੱਲ ਸਕਣਗੇ। ਆਗੂਆਂ ਨੇ ਕਿਹਾ ਕਿ ਇਸ ਸੰਸਥਾ ’ਚ ਲਗਭਗ 20-25 ਪਿੰਡਾਂ ਦੇ ਵਿਦਿਆਰਥੀ ਪੜ੍ਹਨ ਆਉਂਦੇ ਸਨ। ਇੱਕ ਪਾਸੇ ਪੰਜਾਬ ਸਰਕਾਰ ‘ਸਕਿੱਲ ਡਿਵੈਲਪਮੈਂਟ’ ਦੇ ਨਾਂ ਤੇ ਨਵੇਂ ਕੋਰਸ ਸ਼ੁਰੂ ਕਰਨ ਦੇ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਮਸ਼ਹੂਰੀਆਂ ਕਰ ਰਹੀ ਹੈ, ਪਰ ਦੂਜੇ ਪਾਸੇ ਚੱਲ ਰਹੀਆਂ ਸਥਾਪਿਤ ਤਕਨੀਕੀ ਸੰਸਥਾਵਾਂ ਨੂੰ ਬੰਦ ਕਰਨ ਦੇ ਫ਼ਰਮਾਨ ਜਾਰੀ ਕੀਤੇ ਜਾ ਰਹੇ ਹਨ, ਜੋ ਕਿ ਸਰਕਾਰ ਦੇ ਦੋਹਰੇ ਮਾਪਦੰਡਾਂ ਨੂੰ ਜੱਗ-ਜ਼ਾਹਿਰ ਕਰਦਾ ਹੈ। ਜ਼ੋਨਲ ਆਗੂ ਜਸਨੀਤ ਸਿੰਘ ਅਤੇ ਸੁਖਬੀਰ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ, ਕੇਂਦਰ ਦੀ ਨਵੀਂ ਸਿੱਖਿਆ ਨੀਤੀ 2020 ਨੂੰ ਲਾਗੂ ਕਰਨ ਲਈ ਪੱਬਾਂ ਭਾਰ ਹੈ। ਇਸੇ ਨੀਤੀ ਰਾਹੀਂ ਹੀ ਸਰਕਾਰੀ ਵਿੱਦਿਅਕ ਸੰਸਥਾਵਾਂ ਦਾ ਰਲੇਵਾਂ ਕਰਕੇ ਸਿੱਖਿਆ ਨੂੰ ਕੁਝ ਪ੍ਰਾਈਵੇਟ ਹੱਥਾਂ ’ਚ ਸੀਮਤ ਕੀਤਾ ਜਾ ਰਿਹਾ ਹੈ ਤੇ ਪੇਂਡੂ ਖੇਤਰ ’ਚੋਂ ਵੱਡਾ ਹਿੱਸਾ ਵਿਦਿਆਰਥੀਆਂ ਦਾ ਸਿੱਖਿਆ ਚੋਂ ਬਾਹਰ ਕੀਤਾ ਜਾ ਰਿਹਾ ਹੈ। ਇਸ ਆਈਟੀ ਨੂੰ ਬੰਦ ਕਰਨ ਵੀ ਇਸੇ ਦਿਸ਼ਾ ਵੱਲ ਕਦਮ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ’ਚ ਪਹਿਲਾਂ ਹੀ ਸਕਿੱਲ ਆਧਾਰਿਤ ਅਦਾਰੇ ਬਹੁਤ ਘੱਟ ਹਨ। ਪੰਜਾਬ ’ਚ ਸਰਕਾਰੀ ਆਈਟੀਆਈਜ਼ ਦੀ ਗਿਣਤੀ ਸਿਰਫ਼ 116 ਹੈ ਤੇ ਸਰਕਾਰ ਦਾ ਜ਼ੋਰ ਇਨ੍ਹਾਂ ਨੂੰ ਵੀ ਬੰਦ ਕਰਨ ਤੇ ਲੱਗਾ ਹੋਇਆ ਹੈ। ਜਦਕਿ ਲੋੜ੍ਹ ਤਾਂ ਹੋਰ ਸਰਕਾਰੀ ਸੰਸਥਾਵਾਂ ਖੋਲ੍ਹ ਕੇ ਆਮ ਲੋਕਾਂ ਤੱਕ ਸਰਕਾਰੀ ਸਿੱਖਿਆ ਪਹੁੰਚਾਉਣਾ ਸੀ। ਸਾਂਝੇ ਤੌਰ ਤੇ ਆਖਿਆ ਕਿ ਪੀਐੱਸਯੂ ਇ ਵਿੱਦਿਆ-ਵਿਰੋਧੀ ਫ਼ੈਸਲੇ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ। ਆਗੂਆਂ ਨੇ ਸਾਫ਼ ਸ਼ਬਦਾਂ ’ਚ ਆਖਿਆ ਕਿ ਜਿੰਨਾ ਚਿਰ ਸਰਕਾਰ ਇਸ ਸੰਸਥਾ ਨੂੰ ਪਹਿਲਾਂ ਵਾਂਗ ਬਹਾਲ ਰੱਖਣ ਦਾ ਫ਼ੈਸਲਾ ਨਹੀਂ ਕਰਦੀ, ਉਦੋਂ ਤੱਕ ਵਿਦਿਆਰਥੀਆਂ ਦਾ ਸੜਕਾਂ ਤੇ ਸ਼ੁਰੂ ਹੋਇਆ ਇਹ ਰੋਸ ਪ੍ਰਦਰਸ਼ਨ ਅਤੇ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਆਈਟੀਆਈ ਬਾਦਲ ਦੀ ਇਕਾਈ ਦੇ ਕਨਵੀਨਰ ਜਗਸੀਰ ਸਿੰਘ, ਕੋ ਕਨਵੀਨਰ ਹਰਪ੍ਰੀਤ ਸਿੰਘ, ਗੁਰਸਹਿਜ ਸਿੰਘ,ਪਿੰਡ ਵਾਸੀ ਸਰਬਜੀਤ ਸਿੰਘ, ਪੈਨਸ਼ਨਰ ਐਸੋਸੀਏਸ਼ਨ ਵੱਲੋਂ ਬਨਾਰਸੀ ਦਾਸ ਆਦਿ ਸ਼ਾਮਲ ਸਨ।