ਬੁਨਿਆਦੀ ਸਹੂਲਤਾਂ ਨੂੰ ਤਰਸ ਰਿਹੈ 5 ਹਜ਼ਾਰ ਦੀ ਅਬਾਦੀ ਵਾਲਾ ਪਿੰਡ ‘ਕੋਟਲੀ ਸੰਘਰ’
ਬੁਨਿਆਦੀ ਸਹੂਲਤਾਂ ਨੂੰ ਤਰਸ ਰਿਹੈ 5 ਹਜ਼ਾਰ ਦੀ ਅਬਾਦੀ ਵਾਲਾ ਪਿੰਡ ‘ਕੋਟਲੀ ਸੰਘਰ’
Publish Date: Sat, 20 Jun 2026 04:11 PM (IST)
Updated Date: Sat, 20 Jun 2026 04:12 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਇੱਕ ਪਾਸੇ ਜਿੱਥੇ ਸਰਕਾਰਾਂ ਵੱਲੋਂ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਅਤੇ ‘ਸਮਾਰਟ ਵਿਲੇਜ’ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਉੱਥੇ ਹੀ ਸ੍ਰੀ ਮੁਕਤਸਰ ਸਾਹਿਬ ਦੇ ਬਿਲਕੁਲ ਨੇੜੇ ਸਥਿਤ ਕਰੀਬ ਪੰਜ ਹਜ਼ਾਰ ਦੀ ਅਬਾਦੀ ਵਾਲਾ ਪਿੰਡ ‘ਕੋਟਲੀ ਸੰਘਰ’ ਅੱਜ ਦੇ ਅਧੁਨਿਕ ਦੌਰ ਵਿੱਚ ਵੀ ਬੁਨਿਆਦੀ ਸਹੂਲਤਾਂ ਲਈ ਹੰਭ ਰਿਹਾ ਹੈ। ਚੋਣਾਂ ਵੇਲੇ ਵੋਟਾਂ ਬਟੋਰਨ ਆਉਣ ਵਾਲੇ ਸਿਆਸੀ ਲੀਡਰਾਂ ਦੇ ਵੱਡੇ ਵਾਅਦੇ ਚੋਣਾਂ ਲੰਘਦਿਆਂ ਹੀ ਹਵਾ ਹੋ ਜਾਂਦੇ ਹਨ ਅਤੇ ਇਸ ਪਿੰਡ ਦੀ ਸਾਰ ਲੈਣ ਵਾਲਾ ਕੋਈ ਨਹੀਂ ਬਹੁੜਦਾ। ਅਜੋਕੇ ਸਮੇਂ ਚ ਜਿੱਥੇ ਹੋਰਨਾਂ ਜ਼ਿਲ੍ਹਿਆਂ ਦੇ ਪਿੰਡਾਂ ’ਚ ਸੀਵਰੇਜ ਪ੍ਰਣਾਲੀ, ਸੁੰਦਰ ਪਾਰਕ ਅਤੇ ਸੱਥਾਂ ਦੇ ਸੁੰਦਰੀਕਰਨ ਵਰਗੇ ਕੰਮ ਹੋ ਰਹੇ ਹਨ, ਉੱਥੇ ਹੀ ਪਿੰਡ ਕੋਟਲੀ ਸੰਘਰ ਦਾ ਵਿਕਾਸ ਸਿਰਫ਼ ਰਵਾਇਤੀ ਗਲੀਆਂ-ਨਾਲੀਆਂ ਤੱਕ ਹੀ ਸਿਮਟ ਕੇ ਰਹਿ ਗਿਆ ਹੈ। ਪਿੰਡ ਦੀਆਂ ਮੁੱਖ ਸਮੱਸਿਆਵਾਂ ਪਿੰਡ ’ਚ ਜਗ੍ਹਾ-ਜਗ੍ਹਾ ਨਿਕਾਸੀ ਨਾਲੀਆਂ ਓਵਰਫਲੋਅ ਹੋ ਰਹੀਆਂ ਹਨ। ਗੰਦਾ ਪਾਣੀ ਸੜਕਾਂ ’ਤੇ ਫੈਲਣ ਕਾਰਨ ਰਾਹੀਗਰਾਂ ਅਤੇ ਸਕੂਲੀ ਬੱਚਿਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਪਿੰਡ ਵਿੱਚ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਬੱਸ ਸਹੂਲਤ ਨਾ ਹੋਣ ਕਾਰਨ ਲੋਕਾਂ ਨੂੰ ਸ਼ਹਿਰ ਆਉਣ-ਜਾਣ ਲਈ ਨਿੱਜੀ ਸਾਧਨਾਂ ਤੇ ਨਿਰਭਰ ਹੋਣਾ ਪੈਂਦਾ ਹੈ, ਜਿਸ ਨਾਲ ਗਰੀਬ ਵਰਗ ਤੇ ਆਰਥਿਕ ਬੋਝ ਪੈਂਦਾ ਹੈ। ਪਿੰਡ ’ਚ ਮੌਜੂਦਾ ਸਕੂਲ ਉੱਚੇ ਪੱਧਰ ਦਾ ਨਾ ਹੋਣ ਕਾਰਨ ਬੱਚਿਆਂ ਨੂੰ, ਖਾਸ ਕਰਕੇ ਲੜਕੀਆਂ ਨੂੰ ਅੱਠਵੀਂ ਤੋਂ ਬਾਅਦ ਅਗਲੀ ਪੜ੍ਹਾਈ ਲਈ ਦੂਰ-ਦੁਰਾਡੇ ਦੇ ਪਿੰਡਾਂ ਜਾਂ ਸ਼ਹਿਰ ਜਾਣਾ ਪੈਂਦਾ ਹੈ। ਸਿੱਖਿਆ ਸਹੂਲਤਾਂ ਦੀ ਘਾਟ ਪਿੰਡ ’ਚ ਸਿੱਖਿਆ ਸਹੂਲਤ ਦੀ ਵੱਡੀ ਘਾਟ ਹੈ। ਸਕੂਲ ਸਿਰਫ ਅੱਠਵੀਂ ਤੱਕ ਹੈ ਅਤੇ ਅਗਲੀ ਪੜ੍ਹਾਈ ਲਈ ਬੱਚਿਆਂ ਨੂੰ ਦੂਰ-ਦੁਰਾਡੇ ਦੇ ਪਿੰਡਾਂ ਜਾਂ ਸ਼ਹਿਰ ਜਾਣਾ ਪੈਂਦਾ ਹੈ। ਆਵਾਜਾਈ ਦੇ ਸਾਧਨ ਨਾ ਹੋਣ ਕਾਰਨ ਕਈ ਗਰੀਬ ਪਰਿਵਾਰਾਂ ਦੇ ਬੱਚੇ ਅੱਧ ਵਿਚਾਲੇ ਹੀ ਪੜ੍ਹਾਈ ਛੱਡਣ ਲਈ ਮਜਬੂਰ ਹੋ ਰਹੇ ਹਨ। ਪਿੰਡ ਦੇ ਸਰਕਾਰੀ ਸਕੂਲ ਨੂੰ ਤੁਰੰਤ ਅਪਗ੍ਰੇਡ ਕਰਕੇ 10ਵੀਂ (ਹਾਈ ਸਕੂਲ) ਤੱਕ ਕੀਤਾ ਜਾਵੇ, ਤਾਂ ਜੋ ਪਿੰਡ ਦੇ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਘਰ ਦੇ ਨੇੜੇ ਹੀ ਮਿਆਰੀ ਸਿੱਖਿਆ ਮਿਲ ਸਕੇ ਅਤੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ। ਸਿਹਤ ਸਹੂਲਤਾਂ ਜ਼ੀਰੋ, ਰਾਤ ਨੂੰ ਰੱਬ ਆਸਰੇ ਲੋਕ ਪਿੰਡ ’ਚ ਕੋਈ ਸਰਕਾਰੀ ਹੈਲਥ ਡਿਸਪੈਂਸਰੀ ਜਾਂ ਮੁਹੱਲਾ ਕਲੀਨਿਕ ਨਹੀਂ ਹੈ। ਦਿਨ ਵੇਲੇ ਬਾਹਰੋਂ ਆਉਣ ਵਾਲੇ 2-3 ਆਰਐੱਮਪੀ ਡਾਕਟਰ ਹੀ ਸਹਾਰਾ ਹਨ, ਜੋ ਸ਼ਾਮ ਨੂੰ ਚਲੇ ਜਾਂਦੇ ਹਨ। ਰਾਤ ਸਮੇਂ ਕਿਸੇ ਦੇ ਬਿਮਾਰ ਹੋਣ ਤੇ 15 ਕਿਲੋਮੀਟਰ ਦੂਰ ਸ੍ਰੀ ਮੁਕਤਸਰ ਸਾਹਿਬ ਭੱਜਣਾ ਪੈਂਦਾ ਹੈ। ਪਸ਼ੂ ਹਸਪਤਾਲ ਦੀ ਅਣਹੋਂਦ ਪਿੰਡ ਦੀ ਬਹੁਤੀ ਅਬਾਦੀ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜੀ ਹੈ। ਪਿੰਡ ’ਚ ਪਸ਼ੂ ਹਸਪਤਾਲ ਨਾ ਹੋਣ ਕਰਕੇ ਮਜਬੂਰਨ ਮਹਿੰਗੇ ਮੁੱਲ ਤੇ ਸ਼ਹਿਰੋਂ ਵੈਟਰਨਰੀ ਡਾਕਟਰ ਸੱਦਣੇ ਪੈਂਦੇ ਹਨ ਜਾਂ ਦੂਰੋਂ ਦਵਾਈ ਲਿਆਉਣੀ ਪੈਂਦੀ ਹੈ। ਪਿੰਡ ਦੇ ਮੋਹਤਬਰ ਆਗੂਆਂ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਸਕੱਤਰ ਜਸਵੰਤ ਸਿੰਘ, ਕੁਲਦੀਪ ਸਿੰਘ, ਸਾਬਕਾ ਮੈਂਬਰ ਪੰਚਾਇਤ ਚੰਦ ਸਿੰਘ, ਗੁਰਮੀਤ ਸਿੰਘ ਪੀਐੱਲਵੀ, ਦੀਪਾ ਸਿੰਘ, ਦਲਜੀਤ ਸਿੰਘ, ਰਜਿੰਦਰ ਸਿੰਘ ਤੇ ਹੋਰਨਾਂ ਸਖ਼ਸੀਅਤਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ ’ਚ ਸੀਵਰੇਜ ਪ੍ਰਣਾਲੀ ਲਾਗੂ ਕਰਕੇ ਘਰਾਂ ਅੱਗੇ ਚੈਂਬਰ ਬਣਾਏ ਜਾਣ। ਤੁਰੰਤ ਬੱਸ ਸਹੂਲਤ ਸ਼ੁਰੂ ਕੀਤੀ ਜਾਵੇ ਅਤੇ ਮੁਹੱਲਾ ਕਲੀਨਿਕ/ਡਿਸਪੈਂਸਰੀ ਖੋਲ੍ਹੀ ਜਾਵੇ। ਖਸਤਾਹਾਲ ਪੰਚਾਇਤ ਘਰ ਦਾ ਸੁਧਾਰ, ਸੈਰ ਲਈ ਪਾਰਕ ਅਤੇ ਸੱਥ ਦਾ ਸੁੰਦਰੀਕਰਨ ਕੀਤਾ ਜਾਵੇ। ਸੁਰੱਖਿਆ ਦੇ ਲਿਹਾਜ਼ ਨਾਲ ਮੇਨ ਚੌਂਕ ’ਚ ਸਟਰੀਟ ਲਾਈਟਾਂ ਅਤੇ ਸੀਸੀਟੀਵੀ ਕੈਮਰੇ ਲਗਾਏ ਜਾਣ। ਪਿੰਡ ਦਾ ਸਰਕਾਰੀ ਸਕੂਲ ਅਪਗ੍ਰੇਡ ਕਰਕੇ 10ਵੀਂ ਤੱਕ ਕੀਤਾ ਜਾਵੇ। ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਜਲਦ ਹੀ ਉਨ੍ਹਾਂ ਦੀਆਂ ਇਨ੍ਹਾਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ, ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।