ਥਰੋਬਾਲ ’ਚ ਜਸਮਾਨ ਸੰਧੂ ਨੇ ਕੌਮਾਂਤਰੀ ਪੱਧਰ ਤੱਕ ਚਮਕਾਇਆ ਨਾਮ
ਜਸਮਾਨ ਸੰਧੂ ਥਰੋਬਾਲ ਖੇਡ ’ਚ ਕਮਾ ਰਿਹਾ ਹੈ ਅੰਤਰਰਾਸ਼ਟਰੀ ਨਾਮ
Publish Date: Sat, 20 Jun 2026 03:59 PM (IST)
Updated Date: Sat, 20 Jun 2026 04:00 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਵੀਹ ਸਾਲਾਂ ਤੋਂ ਵੱਧ ਸਮੇਂ ਤੋਂ ਥਰੋਬਾਲ ਨਾਲ ਜੁੜੇ ਜਸਮਾਨ ਸਿੰਘ ਸੰਧੂ ਨੇ ਆਪਣਾ ਸਫ਼ਰ ਪਿੰਡ ਦੇ ਸਰਕਾਰੀ ਸਕੂਲ ਤੋਂ ਸ਼ੁਰੂ ਕੀਤਾ ਸੀ। ਪਰਿਵਾਰਕ ਮੈਂਬਰ ਦੱਸਦੇ ਹਨ ਕਿ ਬਚਪਨ ਤੋਂ ਹੀ ਖੇਡਾਂ ਪ੍ਰਤੀ ਜਸਮਾਨ ਦਾ ਜ਼ਬਰਦਸਤ ਰੁਝਾਨ ਸੀ। ਪਿਤਾ ਮਨਜੀਤ ਸਿੰਘ ਖਾਲਸਾ ਖੁਦ ਖਿਡਾਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ। ਬਾਅਦ ’ਚ ਸਕੂਲ ਦੇ ਡੀਪੀ ਮਾਸਟਰ ਦੀ ਰਹਿਨੁਮਾਈ ਹੇਠ ਜਸਮਾਨ ਨੇ ਥਰੋਬਾਲ ’ਚ ਕਦਮ ਰੱਖਿਆ ਅਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਜਸਮਾਨ ਸੰਧੂ ਦੇ ਪਿਤਾ ਮਨਜੀਤ ਸਿੰਘ ਖਾਲਸਾ ਦੇ ਨਾਲ ਜਸਮਾਨ ਸੰਧੂ ਦੀਆਂ ਭੈਣਾਂ ਵੀ ਖਿਡਾਰੀ ਰਹਿ ਚੁੱਕੀਆਂ ਹਨ। ਵਿਆਹ ਕਰਕੇ ਉਨ੍ਹਾਂ ਨੂੰ ਖੇਡਾਂ ਤੋਂ ਦੂਰ ਹੋਣਾ ਪਿਆ ਪਰ ਜਸਮਾਨ ਸੰਧੂ ਨੇ ਖੇਡਾਂ ਦੇ ਵੱਲ ਆਪਣਾ ਰੁਝਾਨ ਨਹੀਂ ਛੱਡਿਆ ਜਿਸ ਦੇ ਕਾਰਨ ਅੱਜ ਉਹ ਇਸ ਮੁਕਾਮ ਤੱਕ ਪਹੁੰਚਿਆ। ਜਸਮਾਨ ਸਿੰਘ ਸੰਧੂ ਕੁਝ ਸਮਾਂ ਪਹਿਲਾਂ ਭਾਰਤੀ ਟੀਮ ਦਾ ਹਿੱਸਾ ਬਣੇ ਅਤੇ ਮਲੇਸ਼ੀਆ ’ਚ ਹੋਏ ਏਸ਼ੀਅਨ ਮੁਕਾਬਲਿਆਂ ’ਚ ਦੇਸ਼ ਦੀ ਨੁਮਾਇੰਦਗੀ ਕੀਤੀ। ਇਸਤੋਂ ਬਾਅਦ ਉਹ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ’ਚ ਭਾਗ ਲੈ ਚੁੱਕੇ ਹਨ। ਭਾਰਤੀ ਟੀਮ ਦੀ ਕਪਤਾਨੀ ਕਰ ਚੁੱਕੇ ਜਸਮਾਨ ਨੇ ਭਾਰਤ ਨੂੰ ਏਸ਼ੀਅਨ ਚੈਂਪੀਅਨਸ਼ਿਪ ’ਚ ਸੋਨ ਤਗਮਾ ਦਿਵਾਉਣ ’ਚ ਵੀ ਅਹਿਮ ਭੂਮਿਕਾ ਨਿਭਾਈ। ਜਸਮਾਨ ਸਿੰਘ ਸੰਧੂ ਹੁਣ ਤੱਕ ਜ਼ਿਲ੍ਹਾ ਪੱਧਰ, ਪੰਜਾਬ, ਰਾਸ਼ਟਰੀ ਤੇ ਅੰਤਰਰਾਸ਼ਟਰੀ ਖੇਡ ਚੁੱਕਿਆ ਹੈ ਤੇ ਕਈ ਟਰਾਫੀਆਂ ਜਿੱਤ ਕੇ ਲਿਆਇਆ ਹੈ। ਜੇਕਰ ਇੱਕ ਨਜ਼ਰ ਜਸਮਾਨ ਸੰਧੂ ਦੇ ਘਰ ਮਾਰੀ ਜਾਵੇ ਤਾਂ ਕਈ ਟਰਾਫੀਆਂ ਜਸਮਾਨ ਸੰਧੂ ਦੇ ਘਰ ਪਈਆਂ ਹੋਈਆਂ ਹਨ ਜਿਨਾਂ ਦੀ ਗਿਣਤੀ ਵੀ ਮੁਸ਼ਕਿਲ ਹੈ। ਹੁਣ ਜਸਮਾਨ ਸੰਧੂ ਰਾਂਚੀ ’ਚ ਚੱਲ ਰਹੀ ਸਾਊਥ ਏਸ਼ੀਅਨ ਥਰੋਬਾਲ ਚੈਂਪੀਅਨਸ਼ਿਪ ’ਚ ਇਸ ਵਾਰ ਉਹ ਭਾਰਤੀ ਟੀਮ ਦੇ ਵਾਈਸ ਕਪਤਾਨ ਵਜੋਂ ਖੇਡ ਰਹੇ ਹਨ। ਪਰਿਵਾਰਕ ਮੈਂਬਰਾਂ ਮੁਤਾਬਕ ਟੀਮ ਨੇ ਆਪਣੇ ਪਹਿਲੇ ਮੁਕਾਬਲੇ ’ਚ ਬੰਗਲਾਦੇਸ਼ ਨੂੰ ਹਰਾਇਆ ਹੈ ਅਤੇ ਹੁਣ ਹੋਰ ਮੁਕਾਬਲਿਆਂ ’ਚ ਵੀ ਭਾਰਤੀ ਟੀਮ ਤੋਂ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ। ਜਸਮਾਨ ਦੀ ਕਾਮਯਾਬੀ ਸਿਰਫ਼ ਮੈਡਲਾਂ ਤੱਕ ਸੀਮਿਤ ਨਹੀਂ ਹੈ। ਜਦੋਂ ਵੀ ਉਹ ਆਪਣੇ ਪਿੰਡ ਕੰਨਿਆਵਾਲੀ ਵਾਪਸ ਆਉਂਦੇ ਹਨ ਤਾਂ ਸਰਕਾਰੀ ਸਕੂਲ ’ਚ ਨੌਜਵਾਨਾਂ ਅਤੇ ਬੱਚਿਆਂ ਨੂੰ ਮੁਫ਼ਤ ਸਿਖਲਾਈ ਦਿੰਦੇ ਹਨ। ਉਹ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਲਗਾਤਾਰ ਯਤਨ ਕਰ ਰਹੇ ਹਨ। ਜਸਮਾਨ ਸਿੰਘ ਸੰਧੂ ਅੱਜ ਦੇ ਨੌਜਵਾਨਾਂ ਲਈ ਇੱਕ ਪ੍ਰੇਰਣਾ ਬਣ ਚੁੱਕੇ ਹਨ। ਕੰਨਿਆਵਾਲੀ ਦੀ ਮਿੱਟੀ ’ਚ ਜੰਮਿਆ ਇਹ ਖਿਡਾਰੀ ਅੱਜ ਪੂਰੇ ਸ੍ਰੀ ਮੁਕਤਸਰ ਸਾਹਿਬ, ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕਰ ਰਿਹਾ ਹੈ। ਜਸਮਾਨ ਸਿੰਘ ਸੰਧੂ ਦੀ ਕਹਾਣੀ ਦੱਸਦੀ ਹੈ ਕਿ ਜੇਕਰ ਪਰਿਵਾਰ ਦਾ ਸਾਥ, ਅਧਿਆਪਕਾਂ ਦੀ ਰਹਿਨੁਮਾਈ ਅਤੇ ਆਪਣੀ ਮਿਹਨਤ ਇਕੱਠੇ ਹੋ ਜਾਣ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਰਹਿੰਦੀ।