ਰੇਲਵੇ, ਬਿਜਲੀ, ਪਾਣੀ, ਸੜਕਾਂ ਦੀਆਂ ਸਮੱਸਿਆਵਾਂ ਡੀਸੀ ਕੋਲ ਪੁੱਜੀਆਂ ਰੇਲਵੇ, ਬਿਜਲੀ, ਪਾਣੀ, ਸੜਕਾਂ ਦੀਆਂ ਸਮੱਸਿਆਵਾਂ ਡੀਸੀ ਕੋਲ ਪੁੱਜੀਆਂ
Publish Date: Tue, 07 Jul 2026 05:44 PM (IST)
Updated Date: Tue, 07 Jul 2026 05:45 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ਼ਹਿਰ ਦੀਆਂ ਵੱਖ-ਵੱਖ ਲਟਕਦੀਆਂ ਆ ਰਹੀਆਂ ਗੰਭੀਰ ਸਮੱਸਿਆਵਾਂ ਨੂੰ ਲੈ ਕੇ ਸ਼ਹਿਰ ਵਾਸੀਆਂ ਦਾ ਇਕ ਵਫ਼ਦ ‘ਨੈਸ਼ਨਲ ਕੰਜ਼ਿਊਮਰ ਅਵੇਅਰਨੈੱਸ ਗਰੁੱਪ’ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫਤਰ ਪੁੱਜਿਆ। ਡਿਪਟੀ ਕਮਿਸ਼ਨਰ ਨੇ ਸਮੱਸਿਆਵਾਂ ਦੇ ਸਥਾਈ ਹੱਲ ਲਈ ਸ਼ਹਿਰ ਵਾਸੀਆਂ ਅਤੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦੀ 17 ਜੁਲਾਈ ਨੂੰ ਆਹਮੋ-ਸਾਹਮਣੇ ਬੈਠਕ ਕਰਾਉਣ ਤੇ ਸਮੱਸਿਆਵਾਂ ਹੱਲ ਕਰਾਉਣ ਦਾ ਭਰੋਸਾ ਦਿੱਤਾ ਹੈ। ਇਸ ਮੌਕੇ ਜਸਵੰਤ ਸਿੰਘ, ਬਲਜੀਤ ਸਿੰਘ ਅਰੋੜਾ, ਗੁਰਸੇਵਕ ਸਿੰਘ ਪ੍ਰੀਤ, ਕ੍ਰਿਸ਼ਨ ਦੂਮੜਾ, ਵਿਨੋਦ, ਗਗਨਦੀਪ ਗੋਇਲ, ਗੋਬਿੰਦ ਸਿੰਘ ਡਾਬਰਾ ਨੇ ਸ਼ਹਿਰ ਦੀ ਸੀਵਰੇਜ ਵਿਵਸਥਾ, ਟ੍ਰੈਫ਼ਿਕ ਦੀ ਬਦਹਾਲੀ ਅਤੇ ਰੇਲਵੇ ਸਟੇਸ਼ਨ ਨਾਲ ਜੁੜੀਆਂ ਮੁਸ਼ਕਿਲਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਮੁਕਤਸਰ ਸ਼ਹਿਰ ’ਚ ਪਿਛਲੇ ਕਰੀਬ ਸੱਤ ਮਹੀਨਿਆਂ ਤੋਂ ਸੀਵਰੇਜ ਦੀਆਂ ਪਾਈਪਾਂ ਪਾਉਣ ਲਈ ਸੜਕਾਂ ਅਤੇ ਗਲੀਆਂ ਦੀ ਪੁੱਟਾ-ਖੋਹੀ ਕੀਤੀ ਗਈ ਸੀ, ਪਰ ਕੰਮ ਮੁਕੰਮਲ ਹੋਣ ਤੋਂ ਬਾਅਦ ਵੀ ਉੱਥੋਂ ਮਲਬਾ ਨਹੀਂ ਹਟਾਇਆ ਗਿਆ ਅਤੇ ਨਾ ਹੀ ਸੜਕਾਂ ਦੀ ਮੁਰੰਮਤ ਕੀਤੀ ਗਈ ਹੈ। ਖ਼ਾਸ ਕਰਕੇ ਬੱਸ ਅੱਡੇ ਦੇ ਕੋਲ ਸੀਵਰੇਜ ਪੁੱਟਣ ਵੇਲੇ ਸੜਕ ਦਾ ਮਲਬਾ-ਪੱਥਰ ਉੱਥੇ ਹੀ ਪਏ ਹੋਣ ਕਾਰਨ ਰਸਤਾ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ। ਇਸਤੋਂ ਇਲਾਵਾ ਜਲ ਘਰ ਦੀਆਂ ਡਿੱਗੀਆਂ ਦੇ ਦੁਆਲੇ ਬਣਾਏ ਗਏ ਫੁੱਟਪਾਥ ਉੱਪਰ ਪਸ਼ੂਆਂ ਦੇ ਮਲ-ਮੂਤਰ ਅਤੇ ਗੰਦਗੀ ਬਾਰਸ਼ ਦੇ ਪਾਣੀ ’ਚ ਘੁਲਕੇ ਡਿੱਗੀਆਂ ਵਿੱਚ ਚਲਾ ਜਾਂਦਾ ਹੈ ਕਿਉਂਕਿ ਗੰਦੇ ਪਾਣੀ ਦੀਆਂ ਪਾਈਪਾਂ ਡਿੱਗੀਆਂ ’ਚ ਪਾਈਆਂ ਹਨ। ਇਹ ਸ਼ਹਿਰ ਵਾਸੀਆਂ ਦੀ ਸਿਹਤ ਲਈ ਬੇਹੱਦ ਖ਼ਤਰਨਾਕ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਹਰ ਵਿਕਾਸ ਕਾਰਜ ’ਤੇ ਜਨਤਕ ਸੂਚਨਾ ਬੋਰਡ ਲਗਾਇਆ ਜਾਵੇ, ਜਿਸ ਤੇ ਠੇਕੇਦਾਰ ਅਤੇ ਅਧਿਕਾਰੀ ਦਾ ਨੰਬਰ ਦਰਜ ਹੋਵੇ। ਰੇਲਵੇ ਸਟੇਸ਼ਨ ਨਾਲ ਸਬੰਧਤ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਗਾਂਧੀਨਗਰ ਵਾਲੇ ਪਾਸੇ ਤੋਂ ਸਟੇਸ਼ਨ ਨੂੰ ਜੋੜਨ ਵਾਲਾ 70 ਸਾਲ ਪੁਰਾਣਾ ਪ੍ਰਵੇਸ਼ ਦੁਆਰ ਰੇਲਵੇ ਵੱਲੋਂ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਨ ਕਰੀਬ 4 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਫੁੱਟ ਓਵਰ ਬ੍ਰਿਜ ਵੀ ਮੁਸਾਫ਼ਰਾਂ ਲਈ ਬੇਕਾਰ ਸਾਬਤ ਹੋ ਰਿਹਾ ਹੈ। ਇਸ ਦੇ ਨਾਲ ਹੀ ਜਲਾਲਾਬਾਦ ਰੋਡ ਤੇ ਬਣੇ ਰੇਲਵੇ ਓਵਰ ਬ੍ਰਿਜ ਦੀ ਖਸਤਾ ਹਾਲਤ, ਪੁੱਲ ਦੇ ਹੇਠਾਂ ਨਾਜਾਇਜ਼ ਕਬਜ਼ਿਆਂ, ਲਾਈਟਾਂ ਦੇ ਖ਼ਰਾਬ ਰਹਿਣ ਅਤੇ ਸ਼ਹਿਰ ’ਚ ਬੇਲਗਾਮ ਈ-ਰਿਕਸ਼ਾ ਚਾਲਕਾਂ ਕਾਰਨ ਲੱਗਦੇ ਟ੍ਰੈਫ਼ਿਕ ਜਾਮ ਦਾ ਮੁੱਦਾ ਵੀ ਚੁੱਕਿਆ ਗਿਆ।