- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੌਂਕ ਨਾ ਬਣਿਆ ਤਾਂ ਦੇਵਾਂਗੇ ਧਰਨਾ, ਵਿੱਢਿਆ ਜਾਵੇਗਾ ਤਿੱਖਾ ਸੰਘਰਸ਼ : ਕਿਰਤੀ ਕਿਸਾਨ ਯੂਨੀਅਨ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਬਲਵਿੰਦਰ ਸਿੰਘ ਥਾਂਦੇਵਾਲਾ ਜ਼ਿਲ੍ਹਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ’ਚ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਵਧੀਕ ਡਿਪਟੀ ਕਮਿਸ਼ਨਰ ਡੈਵੀ ਗੋਇਲ ਸ੍ਰੀ ਮੁਕਤਸਰ ਸਾਹਿਬ ਨੂੰ ਇਸਤੋਂ ਪਹਿਲਾਂ ਦਿੱਤੇ ਗਏ ਮੰਗ ਪੱਤਰ ਦਾ ਯਾਦ ਪੱਤਰ ਸੌਂਪਿਆ ਗਿਆ। ਯਾਦ ਰਹੇ ਕਿ ਪਿਛਲੀ 19 ਮਈ ਨੂੰ ਵੱਖ-ਵੱਖ ਜਥੇਬੰਦੀਆਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਸੀ, ਜਿਸ ’ਚ ਮੰਗ ਕੀਤੀ ਗਈ ਸੀ ਕਿ ਮੁਕਤਸਰ ਤੋਂ ਵਾਇਆ ਥਾਂਦੇਵਾਲਾ ਜੈਤੋ ਜਾਂਦੀ ਸੜਕ ਨੂੰ ਕੋਟਕਪੂਰਾ ਰੋਡ ਪਿੰਡ ਉਦੇਕਰਨ ਤੋਂ ਪਿੰਡ ਸੰਗੂਧੌਣ ਨੂੰ ਜਾਂਦੀ ਰੋਡ ਇੱਕ ਦੂਜੇ ਨੂੰ ਇੱਕ ਚੌਕ ’ਚ ਕੱਟਦੀਆਂ ਹਨ। ਇਸ ਚੌਂਕ ਦੇ ਦੋ ਪਾਸੇ ਕਲੋਨੀਆਂ ਕੱਟੀਆਂ ਜਾ ਚੁੱਕੀਆਂ ਹਨ। ਦੋ ਪਾਸੇ ਉਸਾਰੀ ਹੋ ਚੁੱਕੀ ਹੈ। ਚੌਕ ਭੀੜਾ ਹੋਣ ਕਰਕੇ ਇੱਥੇ ਐਕਸੀਡੈਂਟ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। 19 ਮਈ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਕਿ ਚੌਕ ਨੂੰ ਖੁੱਲ੍ਹਾ ਕੀਤਾ ਜਾਵੇ ਪਰ ਪ੍ਰਸ਼ਾਸਨ ਨੇ ਅੱਜ ਤੱਕ ਕੋਈ ਬਣਦੀ ਕਾਰਵਾਈ ਨਹੀਂ ਕੀਤੀ। 15 ਜੂਨ ਨੂੰ ਸ਼ਾਮ ਵੇਲੇ ਇਸ ਚੌਕ ’ਚ ਪਿੰਡ ਭੁੱਟੀਵਾਲਾ ਦੇ ਦੋ ਮੋਟਰਸਾਈਕਲ ਸਵਾਰ ਅਤੇ ਇੱਕ ਕਾਰ ਦੀ ਟੱਕਰ ਹੋਈ, ਜਿਸ ’ਚ ਬੇਸ਼ੱਕ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਅੱਜ ਵੀ ਉਹ ਨੌਜਵਾਨ ਹਸਪਤਾਲ ’ਚ ਦਾਖਲ ਹਨ। ਯਾਦ ਪੱਤਰ ਪ੍ਰਾਪਤ ਕਰਨ ਤੇ ਏਡੀਸੀ ਡੈਵੀ ਗੋਇਲ ਨੇ ਵਿਸ਼ਵਾਸ ਦਵਾਇਆ ਕਿ ਜਲਦੀ ਹੀ ਇਸ ਚੌਕ ’ਚ ਇੱਕ ਵਾਰ ਸਪੀਡ ਬਰੇਕਰ ਬਣਾਏ ਜਾਣਗੇ ਅਤੇ ਅੱਗੇ ਜ਼ਮੀਨ ਐਕਵਾਇਰ ਕਰਕੇ ਚੌਕ ਨੂੰ ਚੌੜਾ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਸਤੋਂ ਬਾਅਦ ਏਡੀਸੀ ਅਤੇ ਰੋਡ ਮਹਿਕਮੇ ਦੇ ਕਰਮਚਾਰੀ ਮੌਕਾ ਦੇਖਣ ਲਈ ਚੌਕ ’ਚ ਪਹੁੰਚੇ ਅਤੇ ਜਲਦੀ ਕਾਰਵਾਈ ਕਰਨ ਦਾ ਵਿਸ਼ਵਾਸ ਦਵਾਇਆ ਉਸ ਸਮੇਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਭੁਪਿੰਦਰ ਸਿੰਘ ਥਾਂਦੇਵਾਲਾ, ਬਲਾਕ ਪ੍ਰਧਾਨ ਗਗਨਦੀਪ ਸਿੰਘ ਗੱਗਾ, ਸੀਟੂ ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ, ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਆਗੂ ਵਿਜੈ ਕੁਮਾਰ ਗੋਇਲ, ਪਿੰਡ ਥਾਂਦੇਵਾਲਾ ਦੇ ਕੁਲਵੰਤ ਸਿੰਘ ਥਾਂਦੇਵਾਲਾ, ਪੰਥਜੀਤ ਸਿੰਘ ਥਾਂਦੇਵਾਲਾ ਹਾਜ਼ਰ ਸਨ। ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਥਾਂਦੇਵਾਲਾ ਨੇ ਕਿਹਾ ਜੇਕਰ ਪ੍ਰਸ਼ਾਸਨ ਵੱਲੋਂ ਇੱਕ ਦੋ ਦਿਨਾਂ ’ਚ ਸਪੀਡ ਬਰੇਕਰ ਬਣਾ ਕੇ ਚੌਕ ਖੁੱਲਾ ਕਰਵਾਉਣ ਦੀ ਕਾਰਵਾਈ ਸ਼ੁਰੂ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ’ਚ ਕਿਰਤੀ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚਾ ਤੇ ਹੋਰ ਭਰਾਤਰੀ ਜਥੇਬੰਦੀਆਂ ਦਾ ਸਹਿਯੋਗ ਲੈ ਕੇ ਵੱਡੀ ਗਿਣਤੀ ’ਚ ਸੰਘਰਸ਼ ਵਿੱਢੇਗੀ ਜਿਸ ਦਾ ਜਿੰਮੇਵਾਰ ਪ੍ਰਸ਼ਾਸਨ ਹੋਵੇਗਾ ਅਤੇ ਜੇਕਰ ਹੋਰ ਐਕਸੀਡੈਂਟ ਵੀ ਹੁੰਦਾ ਹੈ ਤਾਂ ਉਸਦੀ ਜਿੰਮੇਵਾਰੀ ਪ੍ਰਸ਼ਾਸਨ ਹੋਵੇਗਾ।