42 ਡਿਗਰੀ ਤਾਪਮਾਨ ’ਚ ਸਿਵਲ ਹਸਪਤਾਲ ਦੀਆਂ ਟੂਟੀਆਂ ’ਚੋਂ ਮਰੀਜ਼ਾਂ ਲਈ ਗਰਮ ਪਾਣੀ 42 ਡਿਗਰੀ ਤਾਪਮਾਨ ’ਚ ਸਿਵਲ ਹਸਪਤਾਲ ਦੀਆਂ ਟੂਟੀਆਂ ’ਚੋਂ ਮਰੀਜ਼ਾਂ ਲਈ ਗਰਮ ਪਾਣੀ
Publish Date: Sun, 05 Jul 2026 04:26 PM (IST)
Updated Date: Sun, 05 Jul 2026 04:29 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ’ਚ 42 ਡਿਗਰੀ ਦੀ ਭਿਆਨਕ ਗਰਮੀ ਦੌਰਾਨ ਸਿਵਲ ਹਸਪਤਾਲ ’ਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਦੋ ਮਹੀਨਿਆਂ ਤੋਂ ਸਾਫ਼ ਅਤੇ ਠੰਢਾ ਪਾਣੀ ਤੱਕ ਨਸੀਬ ਨਹੀਂ ਹੋ ਰਿਹਾ। ਹਸਪਤਾਲ ’ਚ ਰੋਜ਼ਾਨਾ ਕਰੀਬ 700 ਦੀ ਓਪੀਡੀ ਰਹਿੰਦੀ ਹੈ ਅਤੇ 100 ਬੈੱਡਾਂ ’ਤੇ ਮਰੀਜ਼ ਦਾਖ਼ਲ ਰਹਿੰਦੇ ਹਨ। ਅਜਿਹੇ ’ਚ ਪਾਣੀ ਦੀ ਕਿੱਲਤ ਮਰੀਜ਼ਾਂ ਲਈ ਵੱਡੀ ਮੁਸੀਬਤ ਬਣ ਗਈ ਹੈ। ਹਸਪਤਾਲ ’ਚ ਇਲਾਜ ਲਈ ਆਏ ਸੁਰਿੰਦਰ ਸਿੰਘ, ਅਰੁਣ ਅਤੇ ਸੁਖਦੀਪ ਸਿੰਘ ਨੇ ਦੱਸਿਆ ਕਿ ਹਸਪਤਾਲ ’ਚ ਲੱਗੇ ਵਾਟਰ ਕੂਲਰ ਅਤੇ ਆਰਓ ਫਿਲਟਰ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਖ਼ਰਾਬ ਪਏ ਹਨ। ਹੁਣ ਤਾਂ ਫਿਲਟਰ ਨੂੰ ਪੂਰੀ ਤਰ੍ਹਾਂ ਲਾਹ ਦਿੱਤਾ ਗਿਆ ਹੈ। ਨਤੀਜਾ ਇਹ ਹੈ ਕਿ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਗਰਮ ਅਤੇ ਬਿਨਾਂ ਫਿਲਟਰ ਵਾਲਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਹਸਪਤਾਲ ’ਚ ਲੱਗਿਆ ਵਾਟਰ ਕੂਲਰ ਹੁਣ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਵਾਟਰ ਕੂਲਰ ਦਿਖਾਉਣ ਲਈ ਤਾਂ ਲੱਗਿਆ ਹੈ, ਪਰ ਕੰਮ ਦਾ ਨਹੀਂ। ਗਰਮੀ ਦੇ ਮੌਸਮ ’ਚ ਜਦੋਂ ਸਰੀਰ ਨੂੰ ਸਭ ਤੋਂ ਵੱਧ ਪਾਣੀ ਦੀ ਲੋੜ ਹੁੰਦੀ ਹੈ, ਉਦੋਂ ਹਸਪਤਾਲ ਪ੍ਰਸ਼ਾਸਨ ਬੁਨਿਆਦੀ ਸਹੂਲਤਾਂ ਦੇਣ ’ਚ ਫੇਲ੍ਹ ਸਾਬਤ ਹੋ ਗਿਆ ਹੈ। ਟੈਂਕੀਆਂ ਦੀ ਸਫ਼ਾਈ ’ਤੇ ਵੀ ਉੱਠੇ ਸਵਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਹਸਪਤਾਲ ਦੀਆਂ ਪਾਣੀ ਦੀਆਂ ਟੈਂਕੀਆਂ ਦੀ ਕਈ ਸਾਲਾਂ ਤੋਂ ਸਫ਼ਾਈ ਨਹੀਂ ਹੋਈ ਹੈ। ਅਜਿਹੇ ’ਚ ਮਿਲਣ ਵਾਲੇ ਪਾਣੀ ਦੀ ਗੁਣਵੱਤਾ ’ਤੇ ਵੀ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰ੍ਹਾਂ ਦਾ ਪਾਣੀ ਵਰਤਿਆ ਗਿਆ ਤਾਂ ਦੂਸ਼ਿਤ ਪਾਣੀ ਨਾਲ ਫੈਲਣ ਵਾਲੀਆਂ ਬੀਮਾਰੀਆਂ ਦਾ ਖ਼ਤਰਾ ਵੱਧ ਜਾਵੇਗਾ। ਹਸਪਤਾਲ ’ਚ ਪਹਿਲਾਂ ਹੀ ਬੀਮਾਰ ਲੋਕ ਇਲਾਜ ਲਈ ਆਉਂਦੇ ਹਨ, ਅਜਿਹੇ ’ਚ ਗੰਦਾ ਪਾਣੀ ਉਨ੍ਹਾਂ ਲਈ ਹੋਰ ਘਾਤਕ ਸਾਬਤ ਹੋ ਸਕਦਾ ਹੈ। ਰੋਜ਼ 700 ਓਪੀਡੀ ਫਿਰ ਵੀ ਮੁੱਢਲੀ ਸਹੂਲਤ ਗਾਇਬ 100 ਬੈੱਡਾਂ ਵਾਲੇ ਇਸ ਹਸਪਤਾਲ ਵਿੱਚ ਰੋਜ਼ਾਨਾ ਸੈਂਕੜੇ ਮਰੀਜ਼ ਇਲਾਜ ਲਈ ਆਉਂਦੇ ਹਨ। ਦਾਖ਼ਲ ਮਰੀਜ਼ਾਂ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਦਿਨ-ਰਾਤ ਹਸਪਤਾਲ ’ਚ ਰਹਿੰਦੇ ਹਨ। ਗਰਮੀ ਕਰਕੇ ਦਾਖ਼ਲ ਮਰੀਜ਼ਾਂ ਦੀ ਗਿਣਤੀ ਵੀ ਵੱਧ ਗਈ ਹੈ। ਪਰ ਇੰਨੀ ਵੱਡੀ ਤਾਦਾਦ ਦੇ ਬਾਵਜੂਦ ਪੀਣ ਵਾਲੇ ਸਾਫ਼ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਮਰੀਜ਼ਾਂ ਨੂੰ ਜਾਂ ਤਾਂ ਘਰੋਂ ਪਾਣੀ ਲਿਆਉਣਾ ਪੈ ਰਿਹਾ ਹੈ ਜਾਂ ਬਾਹਰੋਂ ਮਹਿੰਗਾ ਬੋਤਲਬੰਦ ਪਾਣੀ ਖ਼ਰੀਦਣਾ ਪੈ ਰਿਹਾ ਹੈ। -ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ- ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਸਿਵਲ ਸਰਜਨ ਡਾ. ਸੁਨੀਲ ਬਾਂਸਲ ਅਤੇ ਐੱਸਐੱਮਓ ਡਾ. ਰਾਜੀਵ ਸਚਦੇਵਾ ਤੋਂ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਮੰਗ ਹੈ ਕਿ ਖ਼ਰਾਬ ਪਏ ਵਾਟਰ ਕੂਲਰ ਅਤੇ ਆਰਓ ਨੂੰ ਤੁਰੰਤ ਠੀਕ ਕਰਵਾਇਆ ਜਾਵੇ, ਸਾਫ਼ ਤੇ ਠੰਢੇ ਪਾਣੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਅਤੇ ਟੈਂਕੀਆਂ ਦੀ ਨਿਯਮਿਤ ਸਫ਼ਾਈ ਯਕੀਨੀ ਬਣਾਈ ਜਾਵੇ। -ਅੱਜ ਠੀਕ ਕਰਵਾ ਦਿੱਤਾ ਜਾਵੇਗਾ ਵਾਟਰ ਕੂਲਰ : ਐੱਸਐੱਮਓ ਜਦੋਂ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਰਾਜੀਵ ਸਚਦੇਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਾਟਰ ਕੂਲਰ ਨੂੰ ਅੱਜ ਠੀਕ ਕਰਵਾ ਦਿੱਤਾ ਜਾਵੇਗਾ, ਇਸ ਲਈ ਮਕੈਨਿਕ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਹੀਨੇ ਵਿੱਚ ਦੋ ਵਾਰ ਵਾਟਰ ਕੂਲਰ ਖ਼ਰਾਬ ਹੋਇਆ ਹੈ, ਜਿਸ ਨੂੰ ਠੀਕ ਕਰਵਾਇਆ ਗਿਆ ਸੀ। ਮਰੀਜ਼ ਕਈ ਵਾਰ ਟੂਟੀ ਖੁੱਲ੍ਹੀ ਛੱਡ ਕੇ ਚਲੇ ਜਾਂਦੇ ਹਨ, ਜਿਸ ਕਾਰਨ ਮਸ਼ੀਨ ਖ਼ਰਾਬ ਹੋ ਜਾਂਦੀ ਹੈ। ਹੁਣ ਅੱਜ ਮਕੈਨਿਕ ਨੂੰ ਬੁਲਾਇਆ ਹੈ, ਇਸ ਨੂੰ ਠੀਕ ਕਰਵਾ ਲਿਆ ਜਾਵੇਗਾ।