ਤੇਜ਼ ਝੱਖੜ ਤੇ ਮੀਂਹ ਕਾਰਨ ਪਿੰਡ ’ਚ ਭਾਰੀ ਤਬਾਹੀ
ਤੇਜ਼ ਝੱਖੜ ਤੇ ਮੀਂਹ ਕਾਰਨ ਪਿੰਡ ’ਚ ਭਾਰੀ ਤਬਾਹੀ
Publish Date: Sat, 13 Jun 2026 04:37 PM (IST)
Updated Date: Sat, 13 Jun 2026 04:39 PM (IST)

ਚੇਤਨ ਭੂਰਾ, ਪੰਜਾਬੀ ਜਾਗਰਣ ਲੰਬੀ : ਲੰਬੀ ਅਤੇ ਮਲੋਟ ਖੇਤਰ ’ਚ ਪਿਛਲੇ ਦੋ ਦਿਨਾਂ ਤੋਂ ਬਹੁਤ ਤੇਜ਼ ਝੱਖੜ ਆ ਰਿਹਾ ਹੈ, ਜਿਸ ਕਾਰਨ ਸਾਰੇ ਦਰੱਖਤ ਪੁੱਟੇ ਗਏ ਹਨ ਅਤੇ ਸ਼ੈੱਡ ਵੀ ਉੱਡ ਗਏ ਹਨ। ਸੋਲਰ ਪੈਨਲ ਟੁੱਟ ਗਏ ਹਨ, ਬਿਜਲੀ ਦੇ ਖੰਭੇ ਅਤੇ ਟ੍ਰਾਂਸਫਾਰਮਰ ਵੀ ਜ਼ਮੀਨ ‘ਤੇ ਆ ਡਿੱਗੇ ਹਨ। ਤਿੰਨ ਦਿਨਾਂ ਤੋਂ ਇਲਾਕੇ ਦੀ ਬਿਜਲੀ ਬਿਲਕੁਲ ਗੁੱਲ ਹੈ, ਜਿਸ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ। ਨਾ ਤਾਂ ਖੇਤਾਂ ਵਾਲੇ ਟਿਊਬਵੈੱਲਾਂ ਦੀ ਲਾਈਟ ਆ ਰਹੀ ਹੈ ਅਤੇ ਨਾ ਹੀ ਘਰਾਂ ਦੀ। ਦੋਵੇਂ ਲਾਈਨਾਂ ਪਿਛਲੇ ਤਿੰਨ ਦਿਨਾਂ ਤੋਂ ਬੰਦ ਪਈਆਂ ਹਨ ਅਤੇ ਅਜੇ ਵੀ ਅਗਲੇ ਇੱਕ-ਦੋ ਦਿਨ ਬਿਜਲੀ ਆਉਣ ਦੀ ਕੋਈ ਸੰਭਾਵਨਾ ਨਹੀਂ ਲੱਗ ਰਹੀ। ਇਹ ਕੁਦਰਤੀ ਆਫ਼ਤ ਬਣ ਕੇ ਆਈ ਹੈ, ਜਿਸ ਨਾਲ ਵੱਡਾ ਜਾਨੀ-ਮਾਲੀ ਅਤੇ ਆਰਥਿਕ ਨੁਕਸਾਨ ਹੋਇਆ ਹੈ। ਪਿੰਡ ਕਰਮਗੜ੍ਹ ’ਚ ਆਏ ਤੇਜ਼ ਝੱਖੜ ਅਤੇ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ। ਜਿੱਥੇ ਇੱਕ ਪਾਸੇ ਬਿਜਲੀ ਦੇ ਖੰਭੇ ਅਤੇ ਟ੍ਰਾਂਸਫਾਰਮਰ ਡਿੱਗਣ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਪੂਰਾ ਇਲਾਕਾ ਅੰਧੇਰੇ ’ਚ ਡੁੱਬਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਕੰਬਾਈਨ ਮਾਲਕਾਂ ਦੇ ਸ਼ੈੱਡ ਉੱਡਣ ਕਾਰਨ ਲੱਖਾਂ ਰੁਪਿਆਂ ਦੀਆਂ ਮਸ਼ੀਨਾਂ ਅਤੇ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਨਿਰਮਲ ਸਿੰਘ ਕਰਮਗੜ੍ਹ, ਗੁਰਦਿਆਲ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਇਸ ਕੁਦਰਤੀ ਆਫ਼ਤ ਕਾਰਨ ਸਾਡਾ ਲੱਖਾਂ ਰੁਪਿਆਂ ਦਾ ਨੁਕਸਾਨ ਹੋਇਆ ਹੈ। ਪਿਛਲੇ ਦੋ-ਤਿੰਨ ਦਿਨਾਂ ਤੋਂ ਲਗਾਤਾਰ ਝੱਖੜ ਆ ਰਿਹਾ ਹੈ। ਕੰਬਾਈਨਾਂ ਖੜ੍ਹੀਆਂ ਕਰਨ ਲਈ ਅਸੀਂ ਜੋ ਵੱਡੀਆਂ ਗਲਾਰਾਂ ਪਾ ਕੇ ਸ਼ੈੱਡ ਬਣਾਇਆ ਸੀ, ਉਹ ਸਾਰਾ ਸ਼ੈੱਡ ਢਹਿ-ਢੇਰੀ ਹੋ ਕੇ ਕੰਬਾਈਨਾਂ ਅਤੇ ਕਾਰ ਦੇ ਉੱਪਰ ਆ ਡਿੱਗਿਆ। ਇਸ ਨਾਲ ਸਾਡੀਆਂ ਦੋ ਕੰਬਾਈਨਾਂ ਅਤੇ ਇੱਕ ਕਾਰ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ। ਸ਼ੈੱਡ ਦੀਆਂ ਲੋਹੇ ਦੀਆਂ ਪਾਈਪਾਂ ਅਤੇ ਗਲਾਰਨਾਂ ਬੁਰੀ ਤਰ੍ਹਾਂ ਵਿੰਗੀਆਂ ਹੋ ਚੁੱਕੀਆਂ ਹਨ। ਬਿਜਲੀ ਦੇ ਖੰਭੇ ਡਿੱਗ ਗਏ ਹਨ। ਮਹਿਕਮਾ ਚਾਹੇ ਤਾਂ ਇਸਨੂੰ ਜਲਦੀ ਤੋਂ ਜਲਦੀ ਚੁੱਕਵਾ ਸਕਦਾ ਹੈ, ਪਰ ਉਨ੍ਹਾਂ ਦੀ ਕਾਰਗੁਜ਼ਾਰੀ ਬਹੁਤ ਢਿੱਲੀ ਹੈ। ਤਿੰਨ ਦਿਨਾਂ ’ਚ ਉਹ ਭਗਵਾਨਪੁਰਾ ਅਤੇ ਕਰਮਗੜ੍ਹ ਦੀ ਇੱਕ ਵੀ ਲਾਈਨ ਚਾਲੂ ਨਹੀਂ ਕਰ ਸਕੇ। ਮਹਿਕਮੇ ਨੂੰ ਥੋੜ੍ਹੀ ਮੁਸਤੈਦੀ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਬਿਜਲੀ ਦੀ ਸਪਲਾਈ ਜਲਦ ਬਹਾਲ ਕੀਤੀ ਜਾਵੇ।