- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਮੁਕਤਸਰ-ਮਲੋਟ ਹਾਈਵੇਅ ਕੀਤਾ ਜਾਮ, 3 ਘੰਟੇ ਤੱਕ ਕੀਤਾ ਪ੍ਰਦਰਸ਼ਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦੋਦਾ : ਮੁਕਤਸਰ ਜ਼ਿਲ੍ਹੇ ’ਚ ਬਿਜਲੀ ਕੱਟਾਂ ਤੋਂ ਤੰਗ ਆਏ ਕਿਸਾਨਾਂ ਦਾ ਗੁੱਸਾ ਇੱਕ ਵਾਰ ਫਿਰ ਫੁੱਟ ਪਿਆ। ਔਲਖ ਗ੍ਰਿੱਡ ਤੋਂ ਖੇਤੀਬਾੜੀ ਲਈ ਬਿਜਲੀ ਸਪਲਾਈ ਲਗਾਤਾਰ ਠੱਪ ਰਹਿਣ ਦੇ ਵਿਰੋਧ ’ਚ ਬੀਕੇਯੂ (ਸਿੱਧੂਪੁਰ) ਦੀ ਅਗਵਾਈ ਹੇਠ ਕਿਸਾਨਾਂ ਨੇ ਮੁਕਤਸਰ-ਮਲੋਟ ਹਾਈਵੇਅ 'ਤੇ ਧਰਨਾ ਲਗਾ ਕੇ ਚੱਕਾ ਜਾਮ ਕਰ ਦਿੱਤਾ। ਇਹ ਵਿਰੋਧ ਪ੍ਰਦਰਸ਼ਨ ਕਰੀਬ 3 ਘੰਟੇ ਤੱਕ ਚੱਲਿਆ, ਜਿਸਤੋਂ ਬਾਅਦ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਭਰੋਸੇ ’ਤੇ ਧਰਨਾ ਸਮਾਪਤ ਕੀਤਾ ਗਿਆ। ਕਿਸਾਨਾਂ ਵੱਲੋਂ ਇਹ ਧਰਨਾ ਸਵੇਰੇ 10 ਵਜੇ ਲਗਾਇਆ ਗਿਆ ਸੀ। ਕਿਸਾਨਾਂ ਦਾ ਦੋਸ਼ ਹੈ ਕਿ ਔਲਖ ਗ੍ਰਿੱਡ ਤੋਂ ਜਿਨ੍ਹਾਂ ਪਿੰਡਾਂ ਨੂੰ ਖੇਤੀ ਲਈ ਬਿਜਲੀ ਦਿੱਤੀ ਜਾਂਦੀ ਹੈ, ਉੱਥੇ ਰੋਜ਼ਾਨਾ ਲੰਬੇ-ਲੰਬੇ ਕੱਟ ਲਗਾਏ ਜਾ ਰਹੇ ਹਨ। ਇਸ ਕਾਰਨ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਸਿੰਚਾਈ ਕਰਨ ’ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਫ਼ਸਲਾਂ ਲਈ ਪਾਣੀ ਬੇਹੱਦ ਜ਼ਰੂਰੀ ਹੈ ਅਤੇ ਬਿਜਲੀ ਨਾ ਮਿਲਣ ਕਾਰਨ ਫ਼ਸਲਾਂ ਖ਼ਰਾਬ ਹੋਣ ਦਾ ਖ਼ਤਰਾ ਲਗਾਤਾਰ ਵਧ ਰਿਹਾ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਆਗੂ ਜਗਜੀਤ ਸਿੰਘ ਸਿੱਧੂਪੁਰ ਨੇ ਕਿਹਾ ਕਿ ਬਿਜਲੀ ਵਿਭਾਗ ਦੀ ਲਾਪਰਵਾਹੀ ਕਾਰਨ ਕਿਸਾਨ ਬੇਹੱਦ ਪ੍ਰੇਸ਼ਾਨ ਹਨ। ਕਿਸਾਨ ਆਗੂਆਂ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ’ਤੇ ਦੋਸ਼ ਲਾਇਆ ਕਿ ਉਹ ਜਾਣਬੁੱਝ ਕੇ ਕਿਸਾਨਾਂ ਨੂੰ ਖ਼ੁਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇੱਕ ਪਾਸੇ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਦਾਅਵੇ ਕਰ ਰਹੀ ਹੈ ਅਤੇ ਦੂਜੇ ਪਾਸੇ ਖੇਤਾਂ ਨੂੰ ਬਿਜਲੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਖੇਤੀਬਾੜੀ ਲਈ ਨਿਰਧਾਰਿਤ ਸਮੇਂ ਅਨੁਸਾਰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਜੇਕਰ ਇਹ ਮੰਗ ਪੂਰੀ ਨਾ ਹੋਈ ਤਾਂ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਮੌਕੇ 'ਤੇ ਪਹੁੰਚੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਨੇ ਸਮੱਸਿਆ ਦਾ ਜਲਦ ਹੱਲ ਕਰਨ ਅਤੇ ਨਿਯਮਤ ਸਪਲਾਈ ਦੇਣ ਦਾ ਪੁਖ਼ਤਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਚੁੱਕ ਲਿਆ ਅਤੇ ਹਾਈਵੇਅ ’ਤੇ ਆਵਾਜਾਈ ਨੂੰ ਦੁਬਾਰਾ ਬਹਾਲ ਕਰਵਾਇਆ ਗਿਆ। ਕਿਸਾਨਾਂ ਨੇ ਸਾਫ਼ ਚਿਤਾਵਨੀ ਦਿੱਤੀ ਹੈ ਕਿ ਜੇਕਰ ਬਿਜਲੀ ਦੀ ਸਥਿਤੀ ’ਚ ਸੁਧਾਰ ਨਾ ਹੋਇਆ ਤਾਂ ਉਹ ਮੁੜ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਗੇ। ਫਿਲਹਾਲ ਵਿਭਾਗ ਦੇ ਭਰੋਸੇ ਤੋਂ ਬਾਅਦ ਮਾਹੌਲ ਸ਼ਾਂਤ ਹੈ, ਪਰ ਪਿੰਡਾਂ ਦੇ ਇਲਾਕਿਆਂ ’ਚ ਬਿਜਲੀ ਸੰਕਟ ਨੂੰ ਲੈ ਕੇ ਨਾਰਾਜ਼ਗੀ ਬਰਕਰਾਰ ਹੈ। ਇਸ ਮੌਕੇ ਕ੍ਰਿਪਾਲ ਸਿੰਘ ਬਾਡੀਆ, ਗੋਰਾ ਕੁਰਾਈਵਾਲਾ, ਕੇਵਲ ਸਿੰਘ, ਬੋਹੜ ਸਿੰਘ, ਨਛੱਤਰ ਸਿੰਘ, ਗੋਰਾ ਸਿੰਘ, ਬਲਾਕ ਪ੍ਰਧਾਨ ਸੁਰਜੀਤ ਸਿੰਘ ਅਤੇ ਰਣਜੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।