ਮੂੰਗੀ ਦੀ ਖੇਤੀ ’ਚ ਲਾਗਤ ਜ਼ਿਆਦਾ, ਆਮਦਨ ਘੱਟ ਮੂੰਗੀ ਦੀ ਖੇਤੀ ਕਰਨ ਵਾਲੇ ਕਿਸਾਨ ਬੋਲੇ- ਲਾਗਤ ਜ਼ਿਆਦਾ, ਆਮਦਨ ਘੱਟ
Publish Date: Fri, 10 Jul 2026 04:22 PM (IST)
Updated Date: Fri, 10 Jul 2026 04:24 PM (IST)
ਚੇਤਨ ਭੂਰਾ, ਪੰਜਾਬੀ ਜਾਗਰਣ ਲੰਬੀ : ਪੰਜਾਬ ’ਚ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨ ਝੋਨੇ-ਕਣਕ ਦੇ ਚੱਕਰ ਵਿੱਚੋਂ ਬਾਹਰ ਨਿਕਲ ਸਕਣ। ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਸਰਕਾਰ ਦੇ ਸੱਦੇ ’ਤੇ ਮੂੰਗੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੇ ਕਹਿਣਾ ਹੈ ਕਿ ਉਹ ਅੱਜ ਭਾਰੀ ਨੁਕਸਾਨ ਅਤੇ ਨਿਰਾਸ਼ਾ ਦਾ ਸਾਹਮਣਾ ਕਰ ਰਹੇ ਹਨ। ਖੇਤੀਬਾੜੀ ਵਿਭਾਗ ਅਨੁਸਾਰ ਜ਼ਿਲ੍ਹਾ ਮੁਕਤਸਰ ਵਿੱਚ ਕਰੀਬ ਪੰਜ ਹਜ਼ਾਰ ਏਕੜ ਵਿੱਚ ਮੂੰਗੀ ਦੀ ਖੇਤੀ ਕੀਤੀ ਗਈ ਹੈ। ਮੰਡੀਆਂ ’ਚ ਮੂੰਗੀ ਦਾ ਖ਼ਰੀਦਦਾਰ ਨਹੀਂ : ਜਗਤਾਰ ਸਿੰਘ ਮੁਕਤਸਰ ਜ਼ਿਲ੍ਹੇ ਦੇ ਪਿੰਡ ਰਥੜੀਆ ਦੇ ਕਿਸਾਨ ਜਗਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਢਾਈ ਏਕੜ ਵਿੱਚ ਮੂੰਗੀ ਬੀਜੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਖ਼ਰਚਾ ਇੰਨਾ ਆ ਗਿਆ ਕਿ ਪੁੱਛੋ ਹੀ ਨਾ। ਸਿਰਫ਼ ਬੀਜ ਹੀ ਚਾਰ ਹਜ਼ਾਰ ਤੋਂ ਉੱਪਰ ਦਾ ਮਿਲਿਆ। ਹੁਣ ਹਾਲਤ ਇਹ ਹੈ ਕਿ 10-10 ਮਜ਼ਦੂਰ ਖੇਤਾਂ ਵਿੱਚ ਘੁੰਮ ਰਹੇ ਹਨ, ਪਰ ਇੱਕ ਏਕੜ ਵਿੱਚੋਂ ਮੁਸ਼ਕਿਲ ਨਾਲ ਇੱਕ ਕੁਇੰਟਲ ਮੂੰਗੀ ਨਿਕਲ ਰਹੀ ਹੈ। ਲੇਬਰ ਅੱਧੇ ਪੈਸੇ ਮੰਗ ਰਹੀ ਹੈ, ਕੋਈ ਤੋੜਨ ਨੂੰ ਤਿਆਰ ਨਹੀਂ। ਜੇਕਰ ਸਾਰਾ ਖ਼ਰਚਾ ਜੋੜ ਲਈਏ ਤਾਂ ਪੱਲੇ ਕੁਝ ਨਹੀਂ ਬਚੇਗਾ। ਪਾਣੀ ਖ਼ਰਾਬ ਹੈ ਅਤੇ ਬੀਜ ਵੀ ਸਹੀ ਨਹੀਂ ਮਿਲਦੇ। 4,500-5,000 ਰੁਪਏ ਪ੍ਰਤੀ ਕੁਇੰਟਲ ਭਾਅ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਭ ਤੋਂ ਵੱਡੀ ਸ਼ਿਕਾਇਤ ਐਮਐਸਪੀ ਨੂੰ ਲੈ ਕੇ ਹੈ। ਸਰਕਾਰ ਐਮਐਸਪੀ ਦੇ ਵੱਡੇ-ਵੱਡੇ ਵਾਅਦੇ ਕਰਦੀ ਹੈ, ਪਰ ਮੰਡੀਆਂ ਵਿੱਚ ਕੋਈ ਖ਼ਰੀਦਦਾਰ ਨਹੀਂ ਹੈ। ਮਜਬੂਰੀ ’ਚ ਕਿਸਾਨਾਂ ਨੂੰ ਪ੍ਰਾਈਵੇਟ ਵਪਾਰੀਆਂ ਨੂੰ ਚਾਰ ਤੋਂ ਪੰਜ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਫ਼ਸਲ ਵੇਚਣੀ ਪੈ ਰਹੀ ਹੈ। ਮੂੰਗੀ ਤੇ ਮੱਕੀ ਨੂੰ ਬਦਲਵੀਂ ਫ਼ਸਲ ਵਜੋਂ ਉਤਸ਼ਾਹਿਤ ਕਰਨ ਦੇ ਦਾਅਵੇ ਖੋਖਲੇ ਕਿਸਾਨ ਕੁਲਵਿੰਦਰ ਸਿੰਘ ਕਹਿੰਦੇ ਹਨ ਕਿ ਜ਼ਮੀਂਦਾਰ ਦੀ ਹਾਲਤ ਬਹੁਤ ਖ਼ਰਾਬ ਹੈ। 5-7 ਏਕੜ ਵਾਲਾ ਛੋਟਾ ਕਿਸਾਨ ਤਾਂ ਕਰਜ਼ੇ ’ਚ ਡੁੱਬ ਰਿਹਾ ਹੈ। ਬੀਜ ਹੀ ਖ਼ਰਾਬ ਮਿਲਣਗੇ ਤਾਂ ਫ਼ਸਲ ਕਿਵੇਂ ਹੋਵੇਗੀ? ਤੇਲ ਅਤੇ ਦਵਾਈਆਂ ਦਾ ਖ਼ਰਚਾ ਵੀ ਪੂਰਾ ਨਹੀਂ ਹੁੰਦਾ। ਪੰਜਾਬ ਸਰਕਾਰ ਨੇ ਮੂੰਗੀ ਅਤੇ ਮੱਕੀ ਨੂੰ ਬਦਲਵੀਂ ਫ਼ਸਲ ਵਜੋਂ ਉਤਸ਼ਾਹਿਤ ਕਰਨ ਦੇ ਦਾਅਵੇ ਕੀਤੇ ਸਨ, ਪਰ ਕਿਸਾਨਾਂ ਦਾ ਮੰਨਣਾ ਹੈ ਕਿ ਉਹ ਫੇਲ੍ਹ ਸਾਬਤ ਹੋਏ ਹਨ। ਨਾ ਸਮੇਂ ਸਿਰ ਮਿਆਰੀ ਬੀਜ ਮਿਲਿਆ, ਨਾ ਐਮ.ਐਸ.ਪੀ. ਦਾ ਲਾਭ ਅਤੇ ਨਾ ਹੀ ਲਾਗਤ ਦੇ ਹਿਸਾਬ ਨਾਲ ਆਮਦਨ। ਉਨ੍ਹਾਂ ਕਿਹਾ ਕਿ ਮੂੰਗੀ ਦੀ ਖੇਤੀ ਵਿੱਚ ਲਾਗਤ ਜ਼ਿਆਦਾ ਅਤੇ ਕਮਾਈ ਘੱਟ ਹੈ। ਮੂੰਗੀ ਦੀ ਦੇਰੀ ਨਾਲ ਬਿਜਾਈ ਨਾਲ ਹੋ ਸਕਦਾ ਨੁਕਸਾਨ : ਖੇਤੀਬਾੜੀ ਅਫ਼ਸਰ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਜਗਸੀਰ ਸਿੰਘ ਦੀ ਦਲੀਲ ਵੱਖਰੀ ਹੈ। ਉਨ੍ਹਾਂ ਅਨੁਸਾਰ ਜੇਕਰ ਮੂੰਗੀ ਦੀ ਬਿਜਾਈ ਅਪ੍ਰੈਲ ਤੋਂ ਪਹਿਲਾਂ ਹੋ ਜਾਵੇ ਤਾਂ ਚੰਗੀ ਪੈਦਾਵਾਰ ਮਿਲਦੀ ਹੈ। ਫ਼ਸਲ 70 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਦੇਰੀ ਨਾਲ ਬਿਜਾਈ ਕਰਨ ਵਾਲਿਆਂ ਨੂੰ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੂੰਗੀ ਲਾਹੇਵੰਦ ਫ਼ਸਲ ਹੈ ਕਿਉਂਕਿ ਇਸ ਨੂੰ ਹੋਰ ਫ਼ਸਲਾਂ ਦੇ ਨਾਲ ਬੀਜਿਆ ਜਾ ਸਕਦਾ ਹੈ, ਜਿਸ ਨਾਲ ਇੱਕ ਸਮੇਂ ਵਿੱਚ ਦੋ ਫ਼ਸਲਾਂ ਦੀ ਪੈਦਾਵਾਰ ਹੁੰਦੀ ਹੈ। ਸਰ੍ਹੋਂ ਅਤੇ ਆਲੂ ਦੇ ਖੇਤ ਵਿੱਚ ਮੂੰਗੀ ਦੀ ਪੈਦਾਵਾਰ ਬਿਹਤਰ ਹੁੰਦੀ ਹੈ। ਕਈ ਪਿੰਡਾਂ ਵਿੱਚ ਮਾਹਿਰ ਕਿਸਾਨ ਇਸ ਦੀ ਅਗੇਤੀ ਬਿਜਾਈ ਕਰਕੇ ਚੰਗਾ ਉਤਪਾਦਨ ਵੀ ਲੈ ਰਹੇ ਹਨ।