ਔਰਤਾਂ ਦੇ ਖਾਤਿਆਂ ’ਚ ਆਏ 1000-1500 ਰੁਪਏ, ਬੈਂਕਾਂ ਤੇ ਸੇਵਾ ਕੇਂਦਰਾਂ ’ਚ ਲੱਗੀ ਭੀੜ ਔਰਤਾਂ ਦੇ ਖਾਤਿਆਂ ’ਚ ਆਏ 1000-1500 ਰੁਪਏ, ਬੈਂਕਾਂ ਤੇ ਸੇਵਾ ਕੇਂਦਰਾਂ ’ਚ ਲੱਗੀ ਭੀੜ
Publish Date: Thu, 02 Jul 2026 06:33 PM (IST)
Updated Date: Thu, 02 Jul 2026 06:35 PM (IST)
-ਯੋਜਨਾ ਨਾਲ ਔਰਤਾਂ ’ਚ ਖ਼ੁਸ਼ੀ ਦੀ ਲਹਿਰ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ’ਚ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਦਾ ਲਾਭ ਔਰਤਾਂ ਤੱਕ ਪਹੁੰਚਣਾ ਸ਼ੁਰੂ ਹੋ ਗਿਆ ਹੈ। ਯੋਜਨਾ ਤਹਿਤ ਯੋਗ ਔਰਤਾਂ ਦੇ ਬੈਂਕ ਖਾਤਿਆਂ ’ਚ 1,000 ਤੋਂ 1,500 ਰੁਪਏ ਦੀ ਰਾਸ਼ੀ ਜਮ੍ਹਾਂ ਕੀਤੀ ਗਈ ਹੈ। ਪੈਸੇ ਮਿਲਣ ਤੋਂ ਬਾਅਦ ਔਰਤਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜ਼ਿਲ੍ਹੇ ’ਚ ਕਰੀਬ ਦੋ ਲੱਖ ਔਰਤਾਂ ਇਸ ਯੋਜਨਾ ਦੇ ਅਧੀਨ ਆਉਂਦੀਆਂ ਹਨ। ਬੈਂਕ ਖਾਤਿਆਂ ’ਚ ਰਾਸ਼ੀ ਜਮ੍ਹਾਂ ਹੋਣ ਦਾ ਮੈਸੇਜ ਮਿਲਣ ਤੋਂ ਬਾਅਦ ਵੀਰਵਾਰ ਨੂੰ ਬੈਂਕਾਂ ’ਚ ਔਰਤਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਕਈ ਔਰਤਾਂ ਪੈਸੇ ਕਢਵਾਉਣ ਤਾਂ ਕਈ ਪਾਸਬੁੱਕ ਦੀ ਐਂਟਰੀ ਕਰਵਾਉਣ ਪਹੁੰਚੀਆਂ ਹੋਈਆਂ ਸਨ। ਜ਼ਿਲ੍ਹੇ ਦੀਆਂ 30-35 ਫ਼ੀਸਦੀ ਔਰਤਾਂ ਦੇ ਦਸਤਾਵੇਜ਼ ਪੂਰੇ ਨਾ ਹੋਣ ਕਾਰਨ ਉਨ੍ਹਾਂ ਦੀ ਰਜਿਸਟ੍ਰੇਸ਼ਨ ਅਜੇ ਨਹੀਂ ਹੋ ਸਕੀ ਹੈ। ਇਸ ਵਜ੍ਹਾ ਕਰਕੇ ਵੀਰਵਾਰ ਨੂੰ ਸੇਵਾ ਕੇਂਦਰਾਂ ’ਚ ਵੀ ਭਾਰੀ ਭੀੜ ਰਹੀ। ਸੇਵਾ ਕੇਂਦਰ ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਜ਼ਿਆਦਾਤਰ ਔਰਤਾਂ ਐੱਸਸੀ ਸਰਟੀਫਿਕੇਟ ਬਣਵਾਉਣ ਲਈ ਆ ਰਹੀਆਂ ਹਨ। ਸਾਰੀਆਂ ਔਰਤਾਂ ਦੀਆਂ ਫਾਈਲਾਂ ਜਮ੍ਹਾਂ ਕਰਕੇ ਸਰਟੀਫਿਕੇਟ ਬਣਾਏ ਜਾ ਰਹੇ ਹਨ। ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਟੋਕਨ ਸਿਸਟਮ ਲਾਗੂ ਕੀਤਾ ਗਿਆ ਹੈ ਅਤੇ ਵਾਰੀ ਆਉਣ ’ਤੇ ਕੰਮ ਕੀਤਾ ਜਾ ਰਿਹਾ ਹੈ। ਲਾਭਪਾਤਰੀਆਂ ਨੇ ਪ੍ਰਗਟਾਈ ਖ਼ੁਸ਼ੀ : ਯੋਜਨਾ ਦੇ ਪੈਸੇ ਮਿਲਣ ’ਤੇ ਔਰਤਾਂ ਨੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਉਹ ਇਸ ਰਾਸ਼ੀ ਦੀ ਵਰਤੋਂ ਪਰਿਵਾਰ ਦੀਆਂ ਲੋੜਾਂ ਲਈ ਕਰਨਗੀਆਂ। ਗੋਨਿਆਣਾ ਰੋਡ ਨਿਵਾਸੀ ਨਿਰਮਲਾ ਦੇਵੀ ਅਤੇ ਰਾਜਵਿੰਦਰ ਕੌਰ ਨੇ ਕਿਹਾ ਕਿ ਉਹ ਇਹ ਪੈਸੇ ਬੱਚਿਆਂ ਦੀ ਪੜ੍ਹਾਈ ਅਤੇ ਜ਼ਰੂਰੀ ਸਾਮਾਨ ਖਰੀਦਣ ’ਤੇ ਖਰਚ ਕਰਨਗੀਆਂ ਤਾਂ ਜੋ ਪੜ੍ਹਾਈ ’ਚ ਕੋਈ ਰੁਕਾਵਟ ਨਾ ਆਵੇ। ਔਰਤ ਵਰਸ਼ਾ ਤਾਇਲ ਦੇ ਬੈਂਕ ਖਾਤੇ ’ਚ ਵੀ ਪੈਸੇ ਆਏ ਹਨ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਪੈਸਿਆਂ ਨਾਲ ਘਰ ਦੀਆਂ ਲੋੜਾਂ ਪੂਰੀਆਂ ਕਰਨਗੇ ਤਾਂ ਜੋ ਘਰ ਦਾ ਗੁਜ਼ਾਰਾ ਬਿਹਤਰ ਚੱਲ ਸਕੇ। ਉਨ੍ਹਾਂ ਦੇ ਘਰ ’ਚ ਦੋ ਔਰਤਾਂ ਦੇ ਖਾਤਿਆਂ ’ਚ ਰਾਸ਼ੀ ਆਈ ਹੈ। ਸੋਨੀਆ ਨਾਗਪਾਲ ਨੇ ਦੱਸਿਆ ਕਿ ਉਹ ਬੱਚਿਆਂ ਲਈ ਕਾਪੀਆਂ, ਕਿਤਾਬਾਂ ਅਤੇ ਪੈੱਨ-ਪੈਨਸਿਲਾਂ ਖਰੀਦਣਗੀਆਂ। ਜਲਾਲਾਬਾਦ ਰੋਡ ਨਿਵਾਸੀ ਸ਼ੋਭਾ ਜੋਸ਼ੀ ਨੇ ਕਿਹਾ ਕਿ ਉਹ ਇਸ ਰਾਸ਼ੀ ਨੂੰ ਘਰ ਦੇ ਰੋਜ਼ਾਨਾ ਦੇ ਖਰਚਿਆਂ ’ਚ ਲਗਾਉਣਗੇ। ਕੁੱਲ ਮਿਲਾ ਕੇ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਜ਼ਿਲ੍ਹੇ ਦੀਆਂ ਔਰਤਾਂ ਲਈ ਇੱਕ ਵੱਡਾ ਆਰਥਿਕ ਸਹਾਰਾ ਬਣ ਰਹੀ ਹੈ।