ਸ਼ਹਿਰ ਦੇ ਫੁੱਟਪਾਥਾਂ ਤੋਂ ਨਾਜਾਇਜ਼ ਕਬਜ਼ੇ ਹਟਵਾਉਣ ’ਚ ਨਗਰ ਕੌਂਸਲ ਨਾਕਾਮ
ਸਰਕਾਰੀ ਜਗ੍ਹਾ ’ਤੇ ਨਿੱਜੀ ਲੋਕਾਂ ਦਾ ਕਬਜ਼ਾ, ਲੱਗ ਰਹੇ ਨੇ ਲੰਬੇ ਟ੍ਰੈਫਿਕ ਜਾਮ, ਪੈਦਲ ਚੱਲਣਾ ਵੀ ਹੋਇਆ ਮੁਸ਼ਕਿਲ
Publish Date: Mon, 22 Jun 2026 07:20 PM (IST)
Updated Date: Mon, 22 Jun 2026 07:21 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਸ਼ਹਿਰ ’ਚ ਜਿੱਥੇ ਵੀ ਫੁੱਟਪਾਥ ਬਣਾਏ ਗਏ ਹਨ, ਉਹ ਨਾਜਾਇਜ਼ ਕਬਜ਼ਿਆਂ ਦੀ ਭੇਟ ਚੜ੍ਹ ਚੁੱਕੇ ਹਨ। ਨਤੀਜੇ ਵਜੋਂ ਪੈਦਲ ਚੱਲਣ ਵਾਲੇ ਲੋਕਾਂ ਨੂੰ ਸੜਕਾਂ ’ਤੇ ਉਤਰਨਾ ਪੈ ਰਿਹਾ ਹੈ। ਸਥਾਨਕ ਸਰਕਾਰਾਂ ਵਿਭਾਗ ਵੱਲੋਂ ਲੱਖਾਂ ਰੁਪਏ ਖ਼ਰਚ ਕੇ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਇਨ੍ਹਾਂ ਫੁੱਟਪਾਥਾਂ ਤੇ ਦੁਕਾਨਦਾਰਾਂ ਨੇ ਆਪਣਾ ਸਾਮਾਨ ਖਿਲਾਰਿਆ ਹੋਇਆ ਹੈ ਅਤੇ ਫੜ੍ਹੀ-ਰੇਹੜੀ ਵਾਲਿਆਂ ਨੇ ਕਬਜ਼ਾ ਕਰ ਰੱਖਿਆ ਹੈ। ਇਸ ਕਾਰਨ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦਾ ਬੁਰਾ ਹਾਲ ਹੈ ਅਤੇ ਲੰਬੇ ਜਾਮ ਲੱਗ ਰਹੇ ਹਨ। ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਸਰਕਾਰੀ ਜਗ੍ਹਾ ਨੂੰ ਲੋਕਾਂ ਨੇ ਆਪਣੀ ਨਿੱਜੀ ਜਾਗੀਰ ਬਣਾ ਲਿਆ ਹੋਵੇ। ਜਾਣਕਾਰੀ ਅਨੁਸਾਰ ਸ਼ਹਿਰ ਦੇ ਬਠਿੰਡਾ ਰੋਡ, ਰੇਲਵੇ ਰੋਡ, ਮਲੋਟ ਰੋਡ, ਕੋਟਕਪੂਰਾ ਰੋਡ ਅਤੇ ਬਠਿੰਡਾ ਰੋਡ ਬਾਈਪਾਸ ’ਤੇ ਬਣੇ ਫੁੱਟਪਾਥ ਸਿਰਫ਼ ਤੜਕੇ ਸਵੇਰੇ ਹੀ ਦਿਖਾਈ ਦਿੰਦੇ ਹਨ, ਪਰ ਦਿਨ ਚੜ੍ਹਦਿਆਂ ਹੀ ਇੱਥੇ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਦਾ ਕਬਜ਼ਾ ਹੋ ਜਾਂਦਾ ਹੈ। ਟ੍ਰੈਫਿਕ ਵਿਵਸਥਾ ਵਿਗੜਨ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਫੁੱਟਪਾਥਾਂ ਤੇ ਕਬਜ਼ਿਆਂ ਦੇ ਨਾਲ-ਨਾਲ ਸੜਕਾਂ ’ਤੇ ਬੇਤਰਤੀਬੇ ਢੰਗ ਨਾਲ ਵਾਹਨ ਪਾਰਕ ਕੀਤੇ ਜਾਂਦੇ ਹਨ, ਜੋ ਆਵਾਜਾਈ ’ਚ ਵੱਡੀ ਰੁਕਾਵਟ ਬਣਦੇ ਹਨ। ਇਸ ਸਭ ਦੇ ਬਾਵਜੂਦ, ਨਾ ਤਾਂ ਟ੍ਰੈਫਿਕ ਪੁਲਿਸ ਅਤੇ ਨਾ ਹੀ ਨਗਰ ਕੌਂਸਲ ਇਸ ਵਿਵਸਥਾ ਨੂੰ ਸੁਧਾਰਨ ਲਈ ਕੋਈ ਸਖ਼ਤੀ ਦਿਖਾ ਰਹੀ ਹੈ। ਨਗਰ ਕੌਂਸਲ ਨਹੀਂ ਦਿਖਾ ਰਹੀ ਗੰਭੀਰਤਾ ਮੁਕਤਸਰ ਦੇ ਬਾਜ਼ਾਰਾਂ ਤੋਂ ਲੈ ਕੇ ਸ਼ਹਿਰ ਦੇ ਵੱਖ-ਵੱਖ ਭੀੜ-ਭੜੱਕੇ ਵਾਲੇ ਮਾਰਗਾਂ ਤੇ ਹਰ ਪਾਸੇ ਨਾਜਾਇਜ਼ ਕਬਜ਼ੇ ਨਜ਼ਰ ਆ ਰਹੇ ਹਨ, ਪਰ ਨਗਰ ਕੌਂਸਲ ਲੰਬੇ ਸਮੇਂ ਤੋਂ ਕੋਈ ਠੋਸ ਕਾਰਵਾਈ ਨਹੀਂ ਕਰ ਰਹੀ। ਜੇਕਰ ਕਦੇ ਕੌਂਸਲ ਦੀ ਟੀਮ ਕਾਰਵਾਈ ਕਰਦੀ ਵੀ ਹੈ, ਤਾਂ ਉਨ੍ਹਾਂ ਦੇ ਜਾਂਦੇ ਹੀ ਦੁਬਾਰਾ ਕਬਜ਼ੇ ਜੰਮ ਜਾਂਦੇ ਹਨ, ਜਿਸ ਕਾਰਨ ਇਹ ਕਾਰਵਾਈ ਮਹਿਜ਼ ਖ਼ਾਨਾਪੂਰਤੀ ਤੱਕ ਸੀਮਤ ਹੋ ਕੇ ਰਹਿ ਗਈ ਹੈ। ਸ਼ਹਿਰ ਦੇ ਨੌਜਵਾਨਾਂ ਅਭਿਨਵ ਬੱਤਰਾ ਅਤੇ ਖੁਸ਼ਪ੍ਰੀਤ ਸਿੰਘ ਨੇ ਕਿਹਾ ਕਿ ਫੁੱਟਪਾਥ ਲੋਕਾਂ ਦੇ ਪੈਦਲ ਚੱਲਣ ਲਈ ਬਣਾਏ ਗਏ ਹਨ, ਪਰ ਨਾਜਾਇਜ਼ ਕਬਜ਼ਿਆਂ ਕਾਰਨ ਉੱਥੇ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਬਚੀ। ਲੋਕ ਮਜ਼ਬੂਰਨ ਸੜਕਾਂ ’ਤੇ ਚੱਲਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਟ੍ਰੈਫਿਕ ’ਚ ਪ੍ਰੇਸ਼ਾਨ ਹੋਣਾ ਪੈਂਦਾ ਹੈ ਅਤੇ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਜਲਦ ਕੀਤੀ ਜਾਵੇਗੀ ਕਾਰਵਾਈ : ਈਓ ਨਗਰ ਕੌਂਸਲ ਦੇ ਈ.ਓ. ਵਰੁਣ ਸਹੋਤਾ ਦਾ ਕਹਿਣਾ ਹੈ ਕਿ ਸ਼ਹਿਰ ’ਚ ਜਿੱਥੇ-ਜਿੱਥੇ ਵੀ ਲੋਕਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਗਏ ਹਨ, ਉਨ੍ਹਾਂ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਨਗਰ ਕੌਂਸਲ ਸ਼ੁਰੂਆਤ ਕਰੇ, ਅਸੀਂ ਪੂਰਾ ਸਹਿਯੋਗ ਦਿਆਂਗੇ : ਟ੍ਰੈਫਿਕ ਇੰਚਾਰਜ ਟ੍ਰੈਫਿਕ ਇੰਚਾਰਜ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਨਿਰੰਤਰ ਕਾਰਵਾਈ ਕੀਤੀ ਜਾ ਰਹੀ ਹੈ। ਪਰ ਨਾਜਾਇਜ਼ ਕਬਜ਼ੇ ਹਟਾਉਣ ਦਾ ਮੁੱਖ ਜ਼ਿੰਮਾ ਨਗਰ ਕੌਂਸਲ ਦਾ ਹੈ। ਜੇਕਰ ਨਗਰ ਕੌਂਸਲ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕਰਦੀ ਹੈ, ਤਾਂ ਟ੍ਰੈਫਿਕ ਪੁਲਿਸ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਵੇਗੀ।