ਸਾਈਕਲਿਸਟ ਨਵੀਨ ਦਿਓੜਾ ਨੇ ਚਮਕਾਇਆ ਮਲੋਟ ਦਾ ਨਾਂ, ਪੰਜ ਦਿਨਾਂ 'ਚ 1500 ਕਿਲੋਮੀਟਰ ਸਾਈਕਲ ਚਲਾ ਕੇ ਜਿੱਤਿਆ ਮੁਕਾਬਲਾ
ਨਵੀਨ ਦਿਓੜਾ ਆਡੇਕਸ ਇੰਡੀਆ ਰੈਂਡੋਨੀਅਰਜ਼ ਵੱਲੋਂ ਕਰਵਾਈ ਗਈ 1000 ਕਿਲੋਮੀਟਰ, 1200 ਕਿਲੋਮੀਟਰ ਦੀ ਰਾਈਡਿੰਗ ਅਤੇ ਛੇ ਦਿਨਾਂ ਦੀ SR ਸੀਰੀਜ਼ ਸਫਲਤਾਪੂਰਵਕ ਪੂਰੀ ਕਰ ਚੁੱਕੇ ਹਨ। ਇਸ ਮੌਕੇ ਵੱਖ-ਵੱਖ ਅਧਿਆਪਕਾਂ ਅਤੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਨਵੀਨ ਦਿਊੜਾ ਨੂੰ ਵਧਾਈ ਦਿੱਤੀ।
Publish Date: Sat, 21 Feb 2026 04:13 PM (IST)
Updated Date: Sat, 21 Feb 2026 04:18 PM (IST)
ਸੰਦੀਪ ਮਲੂਜਾ, ਜਾਗਰਣ ਮਲੋਟ : ਸਿੱਖਿਆ ਵਿਭਾਗ ਦੇ ਸਰਕਾਰੀ ਹਾਈ ਸਕੂਲ ਪਿੰਡ ਬਾਦੀਆਂ ਵਿੱਚ ਪੰਜਾਬੀ ਅਧਿਆਪਕ ਵਜੋਂ ਸੇਵਾ ਨਿਭਾ ਰਹੇ ਨਵੀਨ ਦਿਊੜਾ ਨੇ ਸਾਈਕਲ ਰਾਈਡਿੰਗ 'ਚ ਇਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪਿਛਲੇ ਦਿਨੀਂ 'ਆਡੇਕਸ ਇੰਡੀਆ ਰੈਂਡੋਨੀਅਰਜ਼' ਦੇ ਹਿਸਾਰ ਰੈਂਡੋਨੀਅਰਜ਼ ਕਲੱਬ ਵੱਲੋਂ 1500 ਕਿਲੋਮੀਟਰ ਦੀ ਪੰਜ ਦਿਨਾ ਸਾਈਕਲ ਰਾਈਡਿੰਗ SR (Super Randonneur) ਸੀਰੀਜ਼ ਕਰਵਾਈ ਗਈ।
ਨਵੀਨ ਦਿਓੜਾ ਨੇ ਇਹ ਦੂਰੀ ਵੱਖ-ਵੱਖ ਪੜਾਵਾਂ ਵਿੱਚ ਤੈਅ ਕੀਤੀ:
ਪਹਿਲਾ ਪੜਾਅ: ਹਿਸਾਰ-ਪਿਹੋਵਾ-ਹਿਸਾਰ-ਚੋਰਮਾਰ ਸਾਹਿਬ-ਹਿਸਾਰ (600 ਕਿਲੋਮੀਟਰ)
ਦੂਜਾ ਪੜਾਅ: ਹਿਸਾਰ-ਚੋਰਮਾਰ ਸਾਹਿਬ-ਹਿਸਾਰ (300 ਕਿਲੋਮੀਟਰ)
ਤੀਜਾ ਪੜਾਅ: ਹਿਸਾਰ-ਅਬੋਹਰ-ਹਿਸਾਰ (400 ਕਿਲੋਮੀਟਰ)
ਚੌਥਾ ਪੜਾਅ: ਹਿਸਾਰ-ਪੰਜੂਆਣਾ-ਹਿਸਾਰ (200 ਕਿਲੋਮੀਟਰ)
ਕੁੱਲ 1500 ਕਿਲੋਮੀਟਰ ਦੀ ਇਹ ਰਾਈਡ ਨਿਰਧਾਰਤ ਦਿਨਾਂ 'ਚ ਪੂਰੀ ਕਰ ਕੇ ਉਨ੍ਹਾਂ 'ਐਸਆਰ' ਦਾ ਖ਼ਿਤਾਬ ਜਿੱਤਿਆ ਤੇ ਆਪਣੇ ਸ਼ਹਿਰ ਮਲੋਟ ਤੇ ਸਿੱਖਿਆ ਵਿਭਾਗ ਦਾ ਨਾਂ ਰੌਸ਼ਨ ਕੀਤਾ। ਜ਼ਿਕਰਯੋਗ ਹੈ ਕਿ ਨਵੀਨ ਦਿਓੜਾ ਸਾਲ 2026 ਦੀ ਪਹਿਲੀ ਪੰਜ ਦਿਨਾ SR ਸੀਰੀਜ਼ ਪੂਰੀ ਕਰਨ ਵਾਲੇ ਪਹਿਲੇ ਭਾਰਤੀ ਨਾਗਰਿਕ ਬਣ ਗਏ ਹਨ, ਜੋ ਕਿ ਇਲਾਕੇ ਲਈ ਮਾਣ ਵਾਲੀ ਗੱਲ ਹੈ।
ਇਸ ਰਾਈਡਿੰਗ 'ਚ ਦੇਸ਼ ਦੇ ਵੱਖ-ਵੱਖ ਸੂਬਿਆਂ ਜਿਵੇਂ ਹੈਦਰਾਬਾਦ, ਹਰਿਆਣਾ ਅਤੇ ਹੋਰ ਸੂਬਿਆਂ ਦੇ ਮਸ਼ਹੂਰ ਸਾਈਕਲਿਸਟਾਂ ਨੇ ਹਿੱਸਾ ਲਿਆ, ਜਿਸ ਵਿੱਚੋਂ ਕੇਵਲ ਨਵੀਨ ਦਿਓੜਾ ਹੀ ਇਸ ਸੀਰੀਜ਼ ਨੂੰ ਪੂਰੀ ਕਰ ਸਕੇ। ਨਵੀਨ ਦਿਓੜਾ ਨੇ ਇਹ ਸਫਲਤਾ ਆਪਣੇ ਪਿਤਾ ਬੋਧ ਰਾਜ ਦਿਓੜਾ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਸਾਈਕਲਿੰਗ ਸਰੀਰ ਲਈ ਬਹੁਤ ਵਧੀਆ ਅਭਿਆਸ ਹੈ, ਜੋ ਹਰ ਕਿਸੇ ਨੂੰ ਕਰਨਾ ਚਾਹੀਦਾ ਹੈ। ਇਹ ਪ੍ਰਤੀਯੋਗਤਾ 13 ਤੋਂ 17 ਫਰਵਰੀ ਤੱਕ ਚੱਲੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨਵੀਨ ਦਿਓੜਾ ਆਡੇਕਸ ਇੰਡੀਆ ਰੈਂਡੋਨੀਅਰਜ਼ ਵੱਲੋਂ ਕਰਵਾਈ ਗਈ 1000 ਕਿਲੋਮੀਟਰ, 1200 ਕਿਲੋਮੀਟਰ ਦੀ ਰਾਈਡਿੰਗ ਅਤੇ ਛੇ ਦਿਨਾਂ ਦੀ SR ਸੀਰੀਜ਼ ਸਫਲਤਾਪੂਰਵਕ ਪੂਰੀ ਕਰ ਚੁੱਕੇ ਹਨ। ਇਸ ਮੌਕੇ ਵੱਖ-ਵੱਖ ਅਧਿਆਪਕਾਂ ਅਤੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਨਵੀਨ ਦਿਊੜਾ ਨੂੰ ਵਧਾਈ ਦਿੱਤੀ।