ਟੇਢੇ ਪੋਲ, ਝੂਲਦੀਆਂ ਤਾਰਾਂ ਤੇ ਝੁਕੇ ਰੁੱਖ ਦੇ ਰਹੇ ਹੈ ਹਾਦਸਿਆਂ ਨੂੰ ਸੱਦਾ
ਟੇਢੇ ਪੋਲ, ਝੂਲਦੀਆਂ ਤਾਰਾਂ ਤੇ ਝੁਕੇ ਰੁੱਖ ਦੇ ਰਹੇ ਹੈ ਹਾਦਸਿਆਂ ਨੂੰ ਸੱਦਾ
Publish Date: Fri, 26 Jun 2026 05:56 PM (IST)
Updated Date: Fri, 26 Jun 2026 05:58 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮਾਨਸੂਨ ਦੀ ਦਸਤਕ ਤੋਂ ਪਹਿਲਾਂ ਵੱਖ-ਵੱਖ ਵਿਭਾਗਾਂ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਪਰ ਮੁਕਤਸਰ ਜ਼ਿਲ੍ਹੇ ’ਚ ਵਿਭਾਗਾਂ ਦੀ ਲਾਪਰਵਾਹੀ ਸਾਫ਼ ਦਿਖਾਈ ਦੇ ਰਹੀ ਹੈ। ਹਰ ਸਾਲ ਹਨੇਰੀ-ਤੂਫ਼ਾਨ ਅਤੇ ਤੇਜ਼ ਮੀਂਹ ਕਾਰਨ ਬਿਜਲੀ ਦੇ ਪੋਲ (ਖੰਭੇ), ਤਾਰਾਂ ਅਤੇ ਰੁੱਖ ਟੁੱਟ ਕੇ ਡਿੱਗਦੇ ਹਨ। ਨਤੀਜੇ ਵਜੋਂ ਲੋਕਾਂ ਦੇ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ ਅਤੇ ਕਈ-ਕਈ ਦਿਨਾਂ ਤੱਕ ਬਿਜਲੀ ਗੁੱਲ ਰਹਿੰਦੀ ਹੈ। ਇਸ ਵਾਰ ਵੀ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਦੀ ਤਿਆਰੀ ਜ਼ਮੀਨੀ ਪੱਧਰ ’ਤੇ ਨਜ਼ਰ ਨਹੀਂ ਆ ਰਹੀ। ਸ਼ਹਿਰ ਦੇ ਗੋਨਿਆਣਾ ਰੋਡ, ਮਲੋਟ ਰੋਡ, ਬਠਿੰਡਾ ਰੋਡ, ਕੋਟਕਪੂਰਾ ਰੋਡ, ਜਲਾਲਾਬਾਦ ਰੋਡ ਅਤੇ ਅਬੋਹਰ ਰੋਡ, ਆਦਰਸ਼ ਨਗਰ, ਮਾਡਲ ਟਾਊਨ, ਭੁੱਲਰ ਕਾਲੋਨੀ, ਰੇਲਵੇ ਰੋਡ ਅਤੇ ਦਰਜਨਾਂ ਗਲੀਆਂ-ਮੁਹੱਲਿਆਂ ’ਚ ਬਿਜਲੀ ਦੇ ਖੰਭੇ ਟੇਢੇ ਹੋ ਕੇ ਝੁਕੇ ਹੋਏ ਹਨ। ਇਨ੍ਹਾਂ ਖੰਭਿਆਂ ਤੋਂ ਨਿਕਲਣ ਵਾਲੀਆਂ ਤਾਰਾਂ ਸੜਕ ਤੱਕ ਝੂਲ ਰਹੀਆਂ ਹਨ। ਕਈ ਥਾਵਾਂ ’ਤੇ ਮੀਟਰ ਬਾਕਸ ਟੁੱਟੇ ਅਤੇ ਖੁੱਲ੍ਹੇ ਪਏ ਹਨ, ਜਿਨ੍ਹਾਂ ਵਿੱਚੋਂ ਤਾਰਾਂ ਬਾਹਰ ਲਟਕ ਰਹੀਆਂ ਹਨ। ਕੋਟਕਪੂਰਾ ਰੋਡ ਸਮੇਤ ਸ਼ਹਿਰ ਦੇ ਕਈ ਮੁੱਖ ਮਾਰਗਾਂ ’ਤੇ ਵੱਡੇ-ਵੱਡੇ ਰੁੱਖ ਸੜਕ ਵੱਲ ਝੁਕੇ ਹੋਏ ਹਨ। ਪਿਛਲੇ ਦਿਨੀਂ ਮੁਕਤਸਰ, ਮਲੋਟ ਅਤੇ ਗਿੱਦੜਬਾਹਾ ਵਿੱਚ ਆਈ ਹਨੇਰੀ ਕਾਰਨ ਕਈ ਰੁੱਖ ਉਖੜ ਕੇ ਸੜਕਾਂ ’ਤੇ ਡਿੱਗ ਗਏ ਸਨ। ਕਿਸੇ ਵਿਭਾਗ ਕੋਲ ਨਹੀਂ ਕੋਈ ਪਲਾਨ ਮਾਨਸੂਨ ਤੋਂ ਪਹਿਲਾਂ ਖ਼ਤਰਿਆਂ ਦੀ ਪਛਾਣ ਅਤੇ ਰੋਕਥਾਮ ਦਾ ਕੰਮ ਨਗਰ ਕੌਂਸਲ, ਵਣ ਵਿਭਾਗ ਅਤੇ ਪਾਵਰਕਾਮ ਦਾ ਹੁੰਦਾ ਹੈ। ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਕਿੰਨੇ ਖ਼ਤਰਨਾਕ ਰੁੱਖਾਂ ਦੀ ਨਿਸ਼ਾਨਦੇਹੀ ਕੀਤੀ ਗਈ, ਕਿੰਨਿਆਂ ਦੀ ਛਾਂਟੀ ਹੋਈ ਅਤੇ ਕਿੰਨੇ ਅਜੇ ਵੀ ਸੜਕ ’ਤੇ ਡਿੱਗਣ ਲਈ ਤਿਆਰ ਖੜ੍ਹੇ ਹਨ। ਇਸੇ ਤਰ੍ਹਾਂ ਖ਼ਸਤਾਹਾਲ ਬਿਜਲੀ ਦੇ ਪੋਲ, ਢਿੱਲੀਆਂ ਤਾਰਾਂ ਅਤੇ ਖੁੱਲ੍ਹੇ ਮੀਟਰ ਬਾਕਸਾਂ ਦੀ ਮੁਰੰਮਤ ਦਾ ਕੰਮ ਵੀ ਕੱਛੂਕੁੰਮੇ ਦੀ ਚਾਲ ਚੱਲ ਰਿਹਾ ਹੈ। ਗੈਰ-ਕਾਨੂੰਨੀ ਅਤੇ ਖ਼ਸਤਾਹਾਲ ਹੋਰਡਿੰਗਜ਼, ਯੂਨੀਪੋਲ ਦੀ ਜਾਂਚ ਵੀ ਨਹੀਂ ਕੀਤੀ ਗਈ। ਸਵਾਲ ਇਹ ਹੈ ਕਿ ਕਿੰਨਿਆਂ ਨੂੰ ਹਟਾਉਣ ਦੇ ਹੁਕਮ ਦਿੱਤੇ ਗਏ ਅਤੇ ਕਿੰਨੇ ਅਜੇ ਵੀ ਰਾਹਗੀਰਾਂ ਦੇ ਸਿਰਾਂ ’ਤੇ ਲਟਕ ਰਹੇ ਹਨ। ਹਾਦਸੇ ਤੋਂ ਬਾਅਦ ਮੁਆਵਜ਼ਾ ਦੇਣ ਨਾਲੋਂ ਰੋਕਥਾਮ ਜ਼ਿਆਦਾ ਸਸਤੀ : ਲੋਕ ਲੋਕਾਂ ਦਾ ਕਹਿਣਾ ਹੈ ਕਿ ਹਰ ਵਾਰ ਨੁਕਸਾਨ ਹੋਣ ਤੋਂ ਬਾਅਦ ਹੀ ਵਿਭਾਗ ਹਰਕਤ ’ਚ ਆਉਂਦੇ ਹਨ। ਪਹਿਲਾਂ ਤੋਂ ਕੋਈ ਤਿਆਰੀ ਨਹੀਂ ਹੁੰਦੀ। ਸ਼ਹਿਰ ਵਾਸੀ ਅਸ਼ੋਕ ਮਹਿੰਦਰਾ ਦਾ ਕਹਿਣਾ ਹੈ ਕਿ ਅਜੇ ਤੱਕ ਉਨ੍ਹਾਂ ਦੇ ਇਲਾਕੇ ’ਚ ਕੋਈ ਟੀਮ ਨਹੀਂ ਪਹੁੰਚੀ। ਟੇਢੇ ਖੰਭੇ ਅਤੇ ਲਟਕਦੀਆਂ ਤਾਰਾਂ ਜਿਉਂ ਦੀਆਂ ਤਿਉਂ ਪਈਆਂ ਹਨ। ਅਸ਼ੋਕ ਮਹਿੰਦਰਾ ਨੇ ਕਿਹਾ ਕਿ ਮਾਨਸੂਨ ਤੋਂ ਪਹਿਲਾਂ ਰੋਕਥਾਮ ’ਤੇ ਖ਼ਰਚ ਕਰਨਾ, ਹਾਦਸੇ ਤੋਂ ਬਾਅਦ ਮੁਆਵਜ਼ਾ ਦੇਣ ਨਾਲੋਂ ਕਿਤੇ ਵੱਧ ਸਸਤਾ ਅਤੇ ਸੁਰੱਖਿਅਤ ਹੈ। ਜੇਕਰ ਸਮਾਂ ਰਹਿੰਦੇ ਖ਼ਤਰਨਾਕ ਰੁੱਖਾਂ ਦੀ ਛਾਂਟੀ, ਖ਼ਸਤਾਹਾਲ ਪੋਲ ਬਦਲਣ ਅਤੇ ਢਿੱਲੀਆਂ ਤਾਰਾਂ ਨੂੰ ਕੱਸਣ ਦਾ ਕੰਮ ਨਾ ਹੋਇਆ, ਤਾਂ ਇਸ ਵਾਰ ਵੀ ਮੁਕਤਸਰ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਕੰਮ ਚੱਲ ਰਿਹਾ ਹੈ : ਐੱਸਈ ਪਾਵਰਕਾਮ ਦੇ ਐੱਸਈ ਬਾਬੂ ਲਾਲ ਦਾ ਕਹਿਣਾ ਹੈ ਕਿ ਤਾਰਾਂ ਨੂੰ ਕੱਸਣ ਦਾ ਕੰਮ ਚੱਲ ਰਿਹਾ ਹੈ। ਜਿੱਥੇ-ਜਿੱਥੇ ਪੋਲ ਅਤੇ ਮੀਟਰ ਬਾਕਸ ਖ਼ਰਾਬ ਹਾਲਤ ’ਚ ਹਨ, ਉਨ੍ਹਾਂ ਨੂੰ ਠੀਕ ਕੀਤਾ ਜਾ ਰਿਹਾ ਹੈ। ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ।