2027 ਚੋਣਾਂ ਨੂੰ ਲੈ ਕੇ ਟਕਸਾਲੀ ਆਗੂਆਂ ਵੱਲੋਂ ਐੱਮਪੀ ਸ਼ੇਰ ਸਿੰਘ ਘੁਬਾਇਆ ਨਾਲ ਹੋਈ ਵਿਚਾਰ-ਚਰਚਾ
ਦੱਸਣਯੋਗ ਹੈ ਕਿ ਸੂਬੇਦਾਰ ਗੰਧੜ ਦਾ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਨੂੰ ਸਮਰਪਿਤ ਰਿਹਾ ਹੈ। ਉਨ੍ਹਾਂ ਦੀ ਮਾਤਾ ਬੀਬੀ ਰੇਸ਼ਮ ਕੌਰ ਪਿਛਲੇ ਪੰਜ ਸਾਲਾਂ ਦੌਰਾਨ ਚਿੱਬੜਾਂਵਾਲੀ ਜ਼ੋਨ ਤੋਂ ਬਲਾਕ ਸੰਮਤੀ ਮੈਂਬਰ ਵਜੋਂ ਇਲਾਕੇ ਦੀ ਸੇਵਾ ਕਰ ਚੁੱਕੇ ਹਨ। ਹਾਜ਼ਰ ਆਗੂਆਂ ਨੇ ਵੀ ਉਨ੍ਹਾਂ ਦੀ ਇਮਾਨਦਾਰੀ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਦੀ ਹਾਮੀ ਭਰੀ
Publish Date: Sat, 04 Jul 2026 03:31 PM (IST)
Updated Date: Sat, 04 Jul 2026 03:34 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ੍ਰੀ ਮੁਕਤਸਰ ਸਾਹਿਬ ਵਿਖੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਅੱਜ ਇੱਥੇ ਪਾਰਟੀ ਦੇ ਕੁਝ ਪ੍ਰਮੁੱਖ ਟਕਸਾਲੀ ਕਾਂਗਰਸੀ ਆਗੂਆਂ ਵੱਲੋਂ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ (ਐਮਪੀ) ਸ਼ੇਰ ਸਿੰਘ ਘੁਬਾਇਆ ਨਾਲ ਇੱਕ ਬੇਹੱਦ ਅਹਿਮ ਮੀਟਿੰਗ ਕੀਤੀ ਗਈ। ਇਸ ਉੱਚ-ਪੱਧਰੀ ਮੀਟਿੰਗ ਦੌਰਾਨ ਜ਼ਿਲ੍ਹੇ ਅੰਦਰ ਕਾਂਗਰਸ ਪਾਰਟੀ ਦੀਆਂ ਮੌਜੂਦਾ ਗਤੀਵਿਧੀਆਂ, ਜਥੇਬੰਦਕ ਮੁੱਦਿਆਂ ਅਤੇ ਖ਼ਾਸ ਕਰਕੇ ਰਾਖਵੇਂ (ਰਿਜ਼ਰਵ) ਹਲਕੇ ਮਲੋਟ ਦੀ ਸਿਆਸੀ ਸਥਿਤੀ ਬਾਰੇ ਲੰਮੀ ਅਤੇ ਗੰਭੀਰ ਚਰਚਾ ਹੋਈ।
ਮੀਟਿੰਗ ’ਚ ਸ਼ਾਮਲ ਸੀਨੀਅਰ ਕਾਂਗਰਸੀ ਆਗੂ ਸੂਬੇਦਾਰ ਜਸਵਿੰਦਰ ਸਿੰਘ ਗੰਧੜ, ਜ਼ਿਲ੍ਹਾ ਚੇਅਰਮੈਨ ਰਣਜੀਤ ਸਿੰਘ ਧਾਲੀਵਾਲ, ਪੰਚਾਇਤ ਮੈਂਬਰ ਜਗਸੀਰ ਸਿੰਘ ਰਾਜੂ ਥਾਂਦੇਵਾਲਾ ਅਤੇ ਗੁਰਸੇਵਕ ਸਿੰਘ ਤਾਮਕੋਟ ਨੇ ਐਮਪੀ ਸ਼ੇਰ ਸਿੰਘ ਘੁਬਾਇਆ ਨਾਲ ਸਥਾਨਕ ਹਾਲਾਤ ਸਾਂਝੇ ਕੀਤੇ। ਕਾਂਗਰਸੀ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਮਲੋਟ ਇੱਕ ਰਿਜ਼ਰਵ ਹਲਕਾ ਹੈ, ਇਸ ਲਈ ਉੱਥੋਂ ਕਿਸੇ ਇਮਾਨਦਾਰ, ਪੜ੍ਹੇ-ਲਿਖੇ, ਸਾਫ਼-ਸੁਥਰੇ ਅਕਸ ਤੇ ਜ਼ਮੀਨੀ ਪੱਧਰ ਤੇ ਲੋਕਾਂ ਨਾਲ ਜੁੜੀ ਸ਼ਖ਼ਸੀਅਤ ਨੂੰ ਹੀ ਚੋਣ ਮੈਦਾਨ ਵਿੱਚ ਉਤਾਰਿਆ ਜਾਣਾ ਚਾਹੀਦਾ ਹੈ। ਇਸ ਮੌਕੇ ਹਲਕਾ ਮਲੋਟ ਦੇ ਪਿੰਡ ਗੰਧੜ ਦੇ ਵਾਸੀ ਅਤੇ ਟਕਸਾਲੀ ਕਾਂਗਰਸੀ ਆਗੂ ਸੂਬੇਦਾਰ ਜਸਵਿੰਦਰ ਸਿੰਘ ਗੰਧੜ ਨੇ ਹਲਕੇ ਤੋਂ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ।
ਦੱਸਣਯੋਗ ਹੈ ਕਿ ਸੂਬੇਦਾਰ ਗੰਧੜ ਦਾ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਨੂੰ ਸਮਰਪਿਤ ਰਿਹਾ ਹੈ। ਉਨ੍ਹਾਂ ਦੀ ਮਾਤਾ ਬੀਬੀ ਰੇਸ਼ਮ ਕੌਰ ਪਿਛਲੇ ਪੰਜ ਸਾਲਾਂ ਦੌਰਾਨ ਚਿੱਬੜਾਂਵਾਲੀ ਜ਼ੋਨ ਤੋਂ ਬਲਾਕ ਸੰਮਤੀ ਮੈਂਬਰ ਵਜੋਂ ਇਲਾਕੇ ਦੀ ਸੇਵਾ ਕਰ ਚੁੱਕੇ ਹਨ। ਹਾਜ਼ਰ ਆਗੂਆਂ ਨੇ ਵੀ ਉਨ੍ਹਾਂ ਦੀ ਇਮਾਨਦਾਰੀ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਦੀ ਹਾਮੀ ਭਰੀ। ਐੱਮਪੀ ਘੁਬਾਇਆ ਨੇ ਵਿਸ਼ਵਾਸ ਦੁਆਇਆ ਕਿ ਉਹ ਹਲਕੇ ’ਚ ਤਕੜੇ ਹੋ ਕੇ ਕੰਮ ਕਰਨ, ਸਮਾਂ ਆਉਣ ਤੇ ਉਨ੍ਹਾਂ ਦੀ ਦਾਅਵੇਦਾਰੀ ਬਾਰੇ ਜ਼ਰੂਰ ਹਾਂ-ਪੱਖੀ ਵਿਚਾਰ ਕੀਤਾ ਜਾਵੇਗਾ।