ਕਮਿਊਨਿਟੀ ਹੈਲਥ ਅਫਸਰਾਂ ਵੱਲੋਂ ਹੱਕਾਂ ਲਈ ਕੰਮ-ਬੰਦ ਅੰਦੋਲਨ, ਸਿਵਲ ਸਰਜਨ ਦਫ਼ਤਰ ਅੱਗੇ ਨਾਅਰੇਬਾਜ਼ੀ
ਕਮਿਊਨਿਟੀ ਹੈਲਥ ਅਫਸਰਾਂ ਵੱਲੋਂ ਹੱਕਾਂ ਲਈ ਕੰਮ-ਬੰਦ ਅੰਦੋਲਨ, ਸਿਵਲ ਸਰਜਨ ਦਫ਼ਤਰ ਅੱਗੇ ਜ਼ੋਰਦਾਰ ਪ੍ਰਦਰਸ਼ਨ
Publish Date: Mon, 22 Jun 2026 04:00 PM (IST)
Updated Date: Mon, 22 Jun 2026 04:01 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਐੱਨਐੱਚਐੱਮ ਸਿਹਤ ਵਿਭਾਗ ਪੰਜਾਬ ਅਧੀਨ ਪੇਂਡੂ ਖੇਤਰਾਂ ’ਚ ਤਾਇਨਾਤ ਕਮਿਊਨਿਟੀ ਹੈਲਥ ਅਫਸਰਾਂ ਵੱਲੋਂ ਆਪਣੀਆਂ ਲਟਕਦੀਆਂ ਮੰਗਾਂ ਅਤੇ ਹੱਕਾਂ ਦੀ ਪੂਰਤੀ ਲਈ ਸੂਬਾ ਵਿਆਪੀ ਸੱਦੇ ਤਹਿਤ ਹਰ ਤਰ੍ਹਾਂ ਦਾ ਆਨਲਾਈਨ ਤੇ ਆਫਲਾਈਨ ਕੰਮ ਮੁਕੰਮਲ ਬੰਦ ਕਰਕੇ ਜ਼ਿਲ੍ਹਾ ਹਸਪਤਾਲ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਇਸ ਦੌਰਾਨ ਸਿਹਤ ਮੁਲਾਜ਼ਮਾਂ ਨੇ ਸਿਵਲ ਸਰਜਨ ਦਫ਼ਤਰ ਅੱਗੇ ਧਰਨਾ ਦਿੰਦਿਆਂ ‘ਪੰਜਾਬ ਸਰਕਾਰ ਮੁਰਦਾਬਾਦ’ ਤੇ ‘ਸਿਹਤ ਕਰਮਚਾਰੀ ਪੱਕੇ ਕਰੋ’ ਦੇ ਨਾਅਰਿਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ। ਜ਼ਿਲ੍ਹਾ ਆਗੂਆਂ ਮਨਜੀਤ ਸਿੰਘ ਤੇ ਬਲਕਰਨ ਸਿੰਘ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਹ ਪੇਂਡੂ ਖੇਤਰਾਂ ਵਿੱਚ ਬੇਹੱਦ ਚੁਣੌਤੀਪੂਰਨ ਹਾਲਾਤ ਦੇ ਬਾਵਜੂਦ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਸਿਹਤ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਆਖਿਆ ਕਿ ਕੋਰੋਨਾ ਵਰਗੀ ਮਹਾਮਾਰੀ ਅਤੇ ਹਰ ਕੁਦਰਤੀ ਆਫ਼ਤ ਦੌਰਾਨ ਵੀ ਚੋਵਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਫਰੰਟਲਾਈਨ ਤੇ ਕੰਮ ਕੀਤਾ। ਆਗੂਆਂ ਨੇ ਦੋਸ਼ ਲਾਇਆ ਕਿ ਮੁਸ਼ਕਿਲਾਂ ਬਾਰੇ ਵਿਭਾਗ ਅਤੇ ਸਰਕਾਰ ਨੂੰ ਵਾਰ-ਵਾਰ ਜਾਣੂ ਕਰਵਾਉਣ ਦੇ ਬਾਵਜੂਦ ਜਾਇਜ਼ ਮੰਗਾਂ ਨੂੰ ਅਣਗੌਲਿਆ ਕਰਕੇ ਉਨ੍ਹਾਂ ਸਿਰ ਕੰਮ ਦਾ ਬੋਝ ਹੋਰ ਲੱਦ ਦਿੱਤਾ ਗਿਆ ਹੈ, ਜਿਸ ਨਾਲ ਮੁਲਾਜ਼ਮਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਹੋ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਹਮੇਸ਼ਾ ਮਰੀਜ਼ਾਂ ਦੀ ਸਹੂਲਤ ਨੂੰ ਦੇਖਦੇ ਹੋਏ ਸ਼ਾਂਤ ਸਨ, ਪਰ ਹੁਣ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਉਨ੍ਹਾਂ ਨੂੰ ਸੰਘਰਸ਼ ਦਾ ਰਾਹ ਚੁਣਨਾ ਪਿਆ ਹੈ। ਰੋਸ ਪ੍ਰਦਰਸ਼ਨ ਦੌਰਾਨ ਸਮੂਹ ਕਮਿਊਨਿਟੀ ਹੈਲਥ ਅਫਸਰਾਂ ਨੇ ਇਕਜੁੱਟਤਾ ਦਿਖਾਉਂਦਿਆਂ ਵਿਭਾਗ ਵੱਲੋਂ ਜਾਰੀ ਕੀਤੇ ਗਏ ਨਵੇਂ ਇਨਸੈਂਟਿਵ ਪਰਫਾਰਮੇ (Incentive Performa) ਨੂੰ ਤਾਨਾਸ਼ਾਹੀ ਫ਼ਰਮਾਨ ਕਰਾਰ ਦਿੱਤਾ ਅਤੇ ਇਸ ਦੀਆਂ ਕਾਪੀਆਂ ਫੂਕ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ। ਇਸ ਉਪਰੰਤ ਮੁਲਾਜ਼ਮਾਂ ਵੱਲੋਂ ਸਿਵਲ ਸਰਜਨ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਆਗੂਆਂ ਨੇ ਮੰਗ ਕੀਤੀ ਕਿ ਬਰਾਬਰ ਕੰਮ, ਬਰਾਬਰ ਤਨਖਾਹ ਦਾ ਨਿਯਮ ਲਾਗੂ ਕੀਤਾ ਜਾਵੇ। ਦੂਜੇ ਸੂਬਿਆਂ ਦੇ ਮੁਕਾਬਲੇ ਮਿਲ ਰਹੀ 5000 ਰੁਪਏ ਘੱਟ ਤਨਖਾਹ ਦੇ ਫ਼ਰਕ ਨੂੰ ਦੂਰ ਕਰਕੇ ਤਨਖਾਹ ਵਿੱਚ ਵਾਧਾ ਕੀਤਾ ਜਾਵੇ। ਨਵਾਂ ਜਾਰੀ ਕੀਤਾ ਗਿਆ ਇਨਸੈਂਟਿਵ ਪ੍ਰੋਫਾਰਮਾ ਤੁਰੰਤ ਵਾਪਸ ਲਿਆ ਜਾਵੇ। ਕਾਰਜ-ਕਾਰਗੁਜ਼ਾਰੀ ਭੱਤੇ ਨੂੰ ਮੂਲ ਤਨਖਾਹ ਵਿੱਚ ਹੀ ਮਰਜ ਸ਼ਾਮਲ ਕੀਤਾ ਜਾਵੇ। ਕੇਡਰ ਸਨਕਸ਼ਨ ਕਰਕੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਲੋਇਲਟੀ ਬੋਨਸ ਜਾਰੀ ਹੋਵੇ। ਇਸ ਮੌਕੇ ਮੇਜਰ ਸਿੰਘ, ਗੁਰਪਿਆਰ ਸਿੰਘ, ਵੀਰਪਾਲ ਕੌਰ ਅਤੇ ਡਾ. ਜਗਦੀਪ ਕੌਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਇਹ ਮੰਗਾਂ ਤੁਰੰਤ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਇਹ ਹੜਤਾਲ ਇਸੇ ਤਰ੍ਹਾਂ 1 ਜੁਲਾਈ ਤੱਕ ਨਿਰੰਤਰ ਜਾਰੀ ਰਹੇਗੀ। ਇਸ ਤੋਂ ਬਾਅਦ 2 ਜੁਲਾਈ ਨੂੰ ਸੂਬੇ ਭਰ ਦੇ ਕਮਿਊਨਿਟੀ ਹੈਲਥ ਅਫਸਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਰਿਹਾਇਸ਼ੀ ਹਲਕੇ ਜ਼ਿਲ੍ਹਾ ਸੰਗਰੂਰ ਵਿਖੇ ਵਿਸ਼ਾਲ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ।