- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਮੁਕਤਸਰ ’ਚ ਸਫ਼ਾਈ ਵਿਵਸਥਾ ਬਣੀ ‘ਮੁਸੀਬਤ’-

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਸ਼ਹਿਰ ਇਸ ਸਮੇਂ ਇੱਕ ਭਿਆਨਕ ਸਫ਼ਾਈ ਸੰਕਟ ਦੇ ਮੁਹਾਨੇ ’ਤੇ ਖੜ੍ਹਾ ਹੈ। ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਦੇ ਕਰੀਬ 200 ਸਫ਼ਾਈ ਕਰਮਚਾਰੀਆਂ ਵੱਲੋਂ ਸ਼ੁਰੂ ਕੀਤੀ ਗਈ ਅਣਮਿੱਥੇ ਸਮੇਂ ਦੀ ਹੜਤਾਲ ਐਤਵਾਰ ਨੂੰ ਪੰਜਵੇਂ ਦਿਨ ਵੀ ਜਾਰੀ ਰਹੀ। ਕਰਮਚਾਰੀਆਂ ਦੇ ਕੰਮ ਬੰਦ ਕਰਨ ਕਾਰਨ ਪੂਰੇ ਸ਼ਹਿਰ ਦੀ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਚੁੱਕੀ ਹੈ ਅਤੇ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਹੜਤਾਲ ਕਾਰਨ ਸ਼ਹਿਰ ਦੇ ਸਾਰੇ 31 ਵਾਰਡਾਂ ’ਚ ਡੋਰ-ਟੂ-ਡੋਰ ਕੂੜਾ ਚੁੱਕਣ ਦੀ ਪ੍ਰਕਿਰਿਆ ਠੱਪ ਹੈ। ਹਾਲਾਤ ਇਸ ਕਦਰ ਵਿਗੜ ਚੁੱਕੇ ਹਨ ਕਿ ਨਗਰ ਕੌਂਸਲ ਦਫ਼ਤਰ ਦੇ ਬਿਲਕੁਲ ਸਾਹਮਣੇ ਸਥਿਤ ਸ਼ੇਰ ਸਿੰਘ ਚੌਕ ਦਾ ਮੁੱਖ ਡੰਪ ਅਤੇ ਪੁਰਾਣੀ ਮੰਡੀ ਨੇੜਲਾ ਡੰਪ ਨੱਕੋ-ਨੱਕ ਭਰਨ ਤੋਂ ਬਾਅਦ ਹੁਣ ਕੂੜਾ ਸੜਕਾਂ ’ਤੇ ਆ ਗਿਆ ਹੈ। ਰੇਲਵੇ ਰੋਡ, ਗੋਨਿਆਣਾ ਰੋਡ, ਅਬੋਹਰ ਰੋਡ ਅਤੇ ਜਲਾਲਾਬਾਦ ਰੋਡ ਸਮੇਤ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਗਲੀਆਂ-ਮੁਹੱਲੇ ਗੰਦਗੀ ਦੇ ਢੇਰਾਂ ’ਚ ਤਬਦੀਲ ਹੋ ਚੁੱਕੇ ਹਨ।
ਗੰਦਗੀ ਨੇ ਮਹਾਮਾਰੀ ਦਾ ਖ਼ਤਰਾ ਵਧਾਇਆ
ਸ਼ਹਿਰ ਵਿੱਚੋਂ ਰੋਜ਼ਾਨਾ ਕਰੀਬ 20-22 ਟਨ ਕੂੜਾ ਨਿਕਲਦਾ ਹੈ, ਜਿਸ ਮੁਤਾਬਕ ਪਿਛਲੇ ਪੰਜ ਦਿਨਾਂ ’ਚ ਸੜਕਾਂ ’ਤੇ 100 ਟਨ ਤੋਂ ਵੱਧ ਕੂੜਾ ਜਮ੍ਹਾ ਹੋ ਚੁੱਕਾ ਹੈ। ਅੱਤ ਦੀ ਗਰਮੀ ਕਾਰਨ ਇਸ ਕੂੜੇ ਵਿੱਚੋਂ ਉੱਠ ਰਹੀ ਅਸਹਿ ਬਦਬੂ ਅਤੇ ਮੱਛਰਾਂ-ਮੱਖੀਆਂ ਦੀ ਭਰਮਾਰ ਨੇ ਸਥਾਨਕ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ। ਸ਼ਹਿਰ ਨਿਵਾਸੀਆਂ ਹਰਪ੍ਰੀਤ ਸਿੰਘ, ਗੁਰਮਾਨ ਸਿੰਘ, ਜਤਿੰਦਰ ਸਿੰਘ ਅਤੇ ਹੋਰਾਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਕਈ ਗਲੀਆਂ ’ਚ ਸੀਵਰੇਜ ਜਾਮ ਦੀ ਸਮੱਸਿਆ ਝੱਲ ਰਹੇ ਹਾਂ ਅਤੇ ਹੁਣ ਇਸ ਗੰਦਗੀ ਨੇ ਮਹਾਮਾਰੀ ਦਾ ਖ਼ਤਰਾ ਵਧਾ ਦਿੱਤਾ ਹੈ। ਘਰਾਂ ’ਚ ਕੂੜਾ ਇਕੱਠਾ ਹੋਣ ਕਰਕੇ ਲੋਕ ਮਜਬੂਰਨ ਸੜਕਾਂ ਦੇ ਕਿਨਾਰੇ ਸੁੱਟ ਰਹੇ ਹਨ।
ਲਿਖਤੀ ਫ਼ੈਸਲੇ ਤੱਕ ਹੜਤਾਲ ਜਾਰੀ ਰਹੈਗੀ : ਯੂਨੀਅਨ
ਦੂਜੇ ਪਾਸੇ, ਸਫ਼ਾਈ ਕਰਮਚਾਰੀ ਯੂਨੀਅਨ ਆਪਣੀ ਜ਼ਿੱਦ ’ਤੇ ਅੜੀ ਹੋਈ ਹੈ। ਯੂਨੀਅਨ ਦੇ ਪ੍ਰਧਾਨ ਵਿਜੇ ਕੁਮਾਰ, ਵਾਇਸ ਪ੍ਰਧਾਨ ਵਿਸ਼ਾਲ ਕੁਮਾਰ ਅਤੇ ਜਨਰਲ ਸੈਕਟਰੀ ਸੁਨੀਲ ਕੁਮਾਰ ਨੇ ਸਖ਼ਤ ਲਹਿਜੇ ’ਚ ਕਿਹਾ ਕਿ ਕਰਮਚਾਰੀਆਂ ਨੂੰ ਪੱਕਾ ਕਰਨ ਅਤੇ ਹੋਰ ਸਹੂਲਤਾਂ ਦੇਣ ਵਰਗੇ ਅਹਿਮ ਮੁੱਦੇ ਲੰਬੇ ਸਮੇਂ ਤੋਂ ਸਰਕਾਰ ਕੋਲ ਲੰਬਿਤ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ’ਤੇ ਕੋਈ ਠੋਸ ਅਤੇ ਲਿਖਤੀ ਫ਼ੈਸਲਾ ਨਹੀਂ ਲੈਂਦੀ, ਉਦੋਂ ਤੱਕ ਪ੍ਰਦਰਸ਼ਨ ਅਤੇ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ।
ਫੈਲ ਸਕਦੀਆਂ ਹਨ ਭਿਆਨਕ ਬੀਮਾਰੀਆਂ : ਸਿਹਤ ਵਿਭਾਗ
ਇਸ ਗੰਭੀਰ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਐਸਐਮਓ ਡਾ. ਰਜੀਵ ਸਚਦੇਵਾ ਨੇ ਚੇਤਾਵਨੀ ਦਿੱਤੀ ਹੈ ਕੂੜੇ ਦੇ ਢੇਰਾਂ ਕਾਰਨ ਕੀਟਾਣੂਆਂ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਮੱਛਰਾਂ ਦੇ ਪਨਪਣ ਨਾਲ ਡੇਂਗੂ, ਚਿਕਨਗੁਨੀਆ ਵਰਗੀਆਂ ਬੀਮਾਰੀਆਂ ਦਾ ਖ਼ਤਰਾ ਹੈ। ਮੱਖੀਆਂ ਦੇ ਫ਼ਲਾਂ ਅਤੇ ਸਬਜ਼ੀਆਂ 'ਤੇ ਬੈਠਣ ਨਾਲ ਟਾਈਫਾਇਡ ਅਤੇ ਪੇਟ ਦੇ ਗੰਭੀਰ ਰੋਗ ਫੈਲ ਸਕਦੇ ਹਨ।
ਪ੍ਰਸ਼ਾਸਨ ਅੱਗੇ ਵੱਡੀ ਚੁਣੌਤੀ
ਇੱਕ ਪਾਸੇ ਆਪਣੀਆਂ ਮੰਗਾਂ ਲਈ ਸੜਕਾਂ 'ਤੇ ਉਤਰੇ ਕਰਮਚਾਰੀ ਅਤੇ ਦੂਜੇ ਪਾਸੇ ਸ਼ਹਿਰ ਦੀ ਬਦਤਰ ਹਾਲਤ ਨੇ ਸਥਾਨਕ ਪ੍ਰਸ਼ਾਸਨ ਦੇ ਹੱਥ-ਪੈਰ ਫੁਲਾ ਦਿੱਤੇ ਹਨ। ਜੇਕਰ ਅਗਲੇ 24 ਤੋਂ 48 ਘੰਟਿਆਂ ’ਚ ਇਸ ਮਸਲੇ ਦਾ ਕੋਈ ਹੱਲ ਨਾ ਕੱਢਿਆ ਗਿਆ, ਤਾਂ ਸ਼ਹਿਰ ਦੇ ਹਾਲਾਤ ਪੂਰੀ ਤਰ੍ਹਾਂ ਬੇਕਾਬੂ ਹੋ ਸਕਦੇ ਹਨ ਅਤੇ ਕੋਈ ਵੱਡੀ ਮਹਾਮਾਰੀ ਫੈਲ ਸਕਦੀ ਹੈ।